Home » Uncategorized » ਚੰਡੀਗੜ੍ਹ ਦੇ ਸੈਕਟਰ 38ਸੀ ‘ਚ ਕੋਠੀ 2176 ‘ਤੇ ਸਵੇਰੇ ਸਵੇਰੇ ਮੋਟਰਸਾਈਕਲ ‘ਤੇ ਅਣਪਛਾਤੇ ਵਿਅਕਤੀਆਂ ਨੇ ਕੀਤੀ ਫਾਇਰਿੰਗ

ਚੰਡੀਗੜ੍ਹ ਦੇ ਸੈਕਟਰ 38ਸੀ ‘ਚ ਕੋਠੀ 2176 ‘ਤੇ ਸਵੇਰੇ ਸਵੇਰੇ ਮੋਟਰਸਾਈਕਲ ‘ਤੇ ਅਣਪਛਾਤੇ ਵਿਅਕਤੀਆਂ ਨੇ ਕੀਤੀ ਫਾਇਰਿੰਗ

ਪੁਲਿਸ ਸਟੇਸ਼ਨ ਸੈਕਟਰ-39 ਥਾਣੇ ਚ ਅਣਪਛਾਤੇ ਵਿਅਕਤੀਆਂ ਵਿਰੁੱਧ ਕੀਤਾ ਧਾਰਾ 307 ਤਹਿਤ ਪਰਚਾ ਦਰਜ

ਚੰਡੀਗੜ੍ਹ 5 ਨਵੰਬਰ (ਮੰਗਤ ਸਿੰਘ ਸੈਦਪੁਰ) : ਪੰਜਾਬ ਦੀ ਰਾਜਧਾਨੀ ਦੇ ਚੰਡੀਗੜ੍ਹ ਦੇ ਸੈਕਟਰ 38ਸੀ ‘ਚ ਸਵੇਰੇ ਸਵੇਰੇ ਫਾਇਰਿੰਗ ਦੀ ਇੱਕ ਵੱਡੀ ਵਾਰਦਾਤ ਨਾਲ ਵੱਡੇ ਪੱਧਰ ‘ਤੇ ਦਹਿਸ਼ਤ ਫੈਲ ਗਈ। ਮੋਟਰਸਾਈਕਲ ‘ਤੇ ਆਏ ਦੋ ਅਣਪਛਾਤੇ ਵਿਅਕਤੀਆਂ ਨੇ ਇੱਕ ਕੋਠੀ ‘ਤੇ ਤਾਬੜਤੋੜ 4 ਰਾਊਂਡ ਫਾਇਰ ਕੀਤੇ। ਮੁੱਢਲੀ ਜਾਂਚ ‘ਚ ਪਤਾ ਲੱਗਾ ਹੈ ਕਿ ਇਹ ਕੋਠੀ ਮੋਹਾਲੀ ਦੇ ਰਿਜੈਂਟਾ ਹੋਟਲ ਦੇ ਮਾਲਕ ਮਨਜੀਤ ਸਿੰਘ ਦੇ ਇੱਕ ਸਬੰਧਤ ਦੀ ਹੈ। ਇਹ ਵੀ ਪਤਾ ਲੱਗਾ ਹੈ ਕਿ ਪਰਿਵਾਰ ਇੱਕ ਸਥਾਨਕ ਕੌਂਸਲਰ ਨਾਲ ਵੀ ਸਬੰਧਤ ਹੈ। ਬਚਾਅ ਇਹ ਰਿਹਾ ਕਿ ਇਸ ਗੋਲੀਬਾਰੀ ‘ਚ ਕਿਸੇ ਦੇ ਜ਼ਖਮੀ ਹੋਣ ਦੀ ਸੂਚਨਾ ਨਹੀਂ ਹੈ। ਇਹ ਫਾਇਰਿੰਗ ਕੋਠੀ ਨੰਬਰ 2176 ‘ਤੇ ਹੋਈ। ਗੋਲੀਆਂ ਨਾਲ ਉੱਥੇ ਪਾਰਕ ਕੀਤੀ ਇੱਕ ਤਾਰ ਗੱਡੀ ਦਾ ਸ਼ੀਸ਼ਾ ਚਕਨਾਚੂਰ ਹੋ ਗਿਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਸਟੇਸ਼ਨ ਸੈਕਟਰ 39 ਦੇ ਇੰਚਾਰਜ ਇੰਸਪੈਕਟਰ ਰਾਮਦਿਆਲ ਆਪਣੀ ਟੀਮ ਨਾਲ ਮੌਕੇ ‘ਤੇ ਪਹੁੰਚੇ। ਪੁਲਿਸ ਨੇ ਘਟਨਾ ਸਥਾਨ ਤੋਂ ਗੋਲੀਆਂ ਦੇ ਕਈ ਖੋਲ ਬਰਾਮਦ ਕੀਤੇ ਹਨ। ਪੁਲਿਸ ਦਾ ਕਹਿਣਾ ਹੈ ਕਿ ਫਾਇਰਿੰਗ ਦਾ ਮਕਸਦ ਅਜੇ ਸਾਫ਼ ਨਹੀਂ ਹੈ। ਪਰਿਵਾਰ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਇਹ ਵਾਰਦਾਤ ਡਰਾਉਣ-ਧਮਕਾਉਣ ਲਈ ਕੀਤੀ ਗਈ ਜਾਂ ਇਸ ਪਿੱਛੇ ਕੋਈ ਪੁਰਾਣੀ ਰੰਜਿਸ਼ ਹੈ। ਪੁਲਿਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਪੂਰੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਹੈ। ਹਮਲਾਵਰਾਂ ਦਾ ਸੁਰਾਗ ਲਗਾਉਣ ਲਈ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਅਤੇ ਸ਼ਹਿਰ ਭਰ ‘ਚ ਨਾਕਾਬੰਦੀ ਕਰ ਦਿੱਤੀ ਗਈ ਹੈ। ਜਦੋਂ ਇਸ ਸਬੰਧੀ ਥਾਣਾ ਸੈਕਟਰ 39 ਐਸਐਚਓ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਇਸ ਮਾਮਲੇ ‘ਚ ਕਾਰਵਾਈ ਕਰਦਿਆਂ ਅਣਪਛਾਤੇ ਵਿਅਕਤੀਆਂ ਵਿਰੁੱਧ ਧਾਰਾ 307 ਤਹਿਤ ਪਰਚਾ ਦਰਜ ਕਰ ਲਿਆ ਅਤੇ ਜਾਂਚ ਜਾਰੀ ਹੈ।

Leave a Reply

Your email address will not be published. Required fields are marked *