Translate Your Language

October 5, 2026 7:23 am

PUNPUN03583/19/1/2007-TC

PUNPUN03583/19/1/2007-TC

Home » Uncategorized » ਬਿਹਾਰੀ ਨੌਜਵਾਨ ਨੀਰਜ ਮਾਛੀਵਾੜੇ ਦੇ ਗੁੰਮ ਹੋਏ ਬਜ਼ੁਰਗ ਨੂੰ ਬਿਹਾਰ ਤੋਂ ਛੱਡਣ ਉਸਦੇ ਘਰ ਤੱਕ ਆਇਆ

ਬਿਹਾਰੀ ਨੌਜਵਾਨ ਨੀਰਜ ਮਾਛੀਵਾੜੇ ਦੇ ਗੁੰਮ ਹੋਏ ਬਜ਼ੁਰਗ ਨੂੰ ਬਿਹਾਰ ਤੋਂ ਛੱਡਣ ਉਸਦੇ ਘਰ ਤੱਕ ਆਇਆ

 

ਚੈਟ ਜੀਪੀਟੀ ਦੇ ਸਹਾਰੇ ਪਤਾ ਲੱਭ ਕੇ ਬਜ਼ੁਰਗ ਨੂੰ ਪਰਿਵਾਰ ਨਾਲ ਮਿਲਾਇਆ, ਦਿਖਾਈ ਇਨਸਾਨੀਅਤ

 

ਮਾਛੀਵਾੜਾ ਸਾਹਿਬ, 19 ਸਤੰਬਰ (ਅੰਮ੍ਰਿਤਪਾਲ)-ਅੱਜ ਦੀ ਭੱਜ-ਦੌੜ ਵਾਲੀ ਜ਼ਿੰਦਗੀ ‘ਚ ਜਿੱਥੇ ਲੋਕਾਂ ਕੋਲ ਆਪਣੇ ਪਰਿਵਾਰਕ ਮੈਂਬਰਾਂ ਲਈ ਵੀ ਸਮਾਂ ਕੱਢਣਾ ਮੁਸ਼ਕਲ ਹੋ ਰਿਹਾ ਹੈ, ਉੱਥੇ ਬਿਹਾਰ ਦੇ “ਗਯਾ” ਜ਼ਿਲ੍ਹੇ ਨਾਲ ਸਬੰਧਤ ਨੀਰਜ ਨਾਮ ਦੇ ਇੱਕ ਨੌਜਵਾਨ ਵੱਲੋਂ ਇਨਸਾਨੀਅਤ ਦੀ ਅਜਿਹੀ ਮਿਸਾਲ ਕਾਇਮ ਕੀਤੀ ਹੈ, ਜਿਸ ਨੇ ਪੰਜਾਬ ਦੇ ਪਿੰਡ ਫਤਿਹਗੜ੍ਹ ਗੁਜਰਾਂ ਤੋਂ ਵਿਛੜੇ ਇੱਕ ਬਜ਼ੁਰਗ ਨੂੰ ਸੈਂਕੜੇ ਕਿਲੋਮੀਟਰ ਦੂਰੋਂ ਲਿਆ ਕੇ ਉਸਦੇ ਪਰਿਵਾਰ ਨਾਲ ਮਿਲਾਇਆ।

ਜਾਣਕਾਰੀ ਅਨੁਸਾਰ 11 ਸਤੰਬਰ ਨੂੰ ਮਾਛੀਵਾੜਾ ਸਾਹਿਬ ਤੋਂ ਮੁੱਖ ਮੰਤਰੀ ਤੀਰਥ ਯਾਤਰਾ ਦੌਰਾਨ ਪਿੰਡ ਫਤਿਹਗੜ੍ਹ ਗੁਜਰਾਂ ਵਾਸੀ ਬਜ਼ੁਰਗ ਚਮਨ ਲਾਲ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਨਤਮਸਤਕ ਹੋਣ ਲਈ ਗਏ ਸਨ। ਇਸ ਦੌਰਾਨ ਉਹ ਆਪਣੇ ਸਾਥੀਆਂ ਤੋਂ ਵਿੱਛੜ ਗਏ ਅਤੇ ਕਿਸੇ ਤਰ੍ਹਾਂ ਬਿਹਾਰ ਜਾਣ ਵਾਲੀ ਰੇਲਗੱਡੀ ‘ਚ ਸਵਾਰ ਹੋ ਕੇ “ਗਯਾ” ਜ਼ਿਲ੍ਹੇ ‘ਚ ਪਹੁੰਚ ਗਏ। ਦੱਸਿਆ ਜਾਂਦਾ ਹੈ ਕਿ ਬਜ਼ੁਰਗ ਚਮਨ ਲਾਲ ਮਾਨਸਿਕ ਤੌਰ ’ਤੇ ਵੀ ਪੂਰੀ ਤਰ੍ਹਾਂ ਠੀਕ ਨਹੀਂ ਸਨ। ਦੂਜੇ ਪਾਸੇ ਬਜ਼ੁਰਗ ਦੇ ਪਰਿਵਾਰ ਵੱਲੋਂ ਉਨ੍ਹਾਂ ਦੀ ਭਾਲ ਲਈ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਸੀ ਅਤੇ ਉਨ੍ਹਾਂ ਦੀ ਤਸਵੀਰ ਸੋਸ਼ਲ ਮੀਡੀਆ ’ਤੇ ਵੀ ਸਾਂਝੀ ਕੀਤੀ ਗਈ ਦੀ, ਪਰ ਕੋਈ ਸੁਰਾਗ ਨਹੀਂ ਮਿਲਿਆ ਸੀ। ਪ੍ਰੰਤੂ ਬਿਹਾਰ ਦੇ “ਗਯਾ” ਜ਼ਿਲ੍ਹੇ ‘ਚ ਬਜ਼ੁਰਗ ਚਮਨ ਲਾਲ ਦੀ ਮੁਲਾਕਾਤ ਨੀਰਜ ਨਾਮਕ ਇੱਕ ਨੌਜਵਾਨ ਨਾਲ ਹੋਈ। ਨੀਰਜ ਨੇ ਉਨ੍ਹਾਂ ਦੀ ਹਾਲਤ ਦੇਖ ਕੇ ਸਮਝ ਲਿਆ ਕਿ ਉਹ ਆਪਣੇ ਪਰਿਵਾਰ ਤੋਂ ਵਿਛੜੇ ਹੋਏ ਹਨ। ਪੁੱਛਗਿੱਛ ਦੌਰਾਨ ਬਜ਼ੁਰਗ ਨੇ ਸਿਰਫ਼ ਆਪਣੇ ਪਿੰਡ ਦਾ ਨਾਮ ‘ਫਤਿਹਗੜ੍ਹ ਗੁਜਰਾਂ’ ਦੱਸਿਆ। ਨੀਰਜ ਨੇ ਬਜ਼ੁਰਗ ਨੂੰ ਆਪਣੇ ਘਰ ਲਿਜਾ ਕੇ ਉਨ੍ਹਾਂ ਦੀ ਸਹਾਇਤਾ ਕਰਨ ਦਾ ਫ਼ੈਸਲਾ ਕੀਤਾ। ਉਸ ਨੇ ਚੈਟ ਜੀਪੀਟੀ ਰਾਹੀਂ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ‘ਚ ਮਾਛੀਵਾੜਾ ਸਾਹਿਬ ਅਤੇ ਫਤਿਹਗੜ੍ਹ ਗੁਜਰਾਂ ਦੀ ਜਾਣਕਾਰੀ ਲੱਭੀ ਅਤੇ ਪਿੰਡ ਦਾ ਪਤਾ ਲਗਾਇਆ। ਇਸ ਤੋਂ ਬਾਅਦ ਉਹ ਬਜ਼ੁਰਗ ਨੂੰ ਰੇਲਗੱਡੀ ਰਾਹੀਂ “ਗਯਾ” ਤੋਂ ਲੁਧਿਆਣਾ ਅਤੇ ਫਿਰ ਮਾਛੀਵਾੜਾ ਸਾਹਿਬ ਲੈ ਕੇ ਪਹੁੰਚਿਆ। ਮਾਛੀਵਾੜਾ ਪਹੁੰਚ ਕੇ ਨੀਰਜ ਨੇ ਇੱਕ ਮਾਸਟਰ ਕ੍ਰਿਸ਼ਨ ਲਾਲ ਨੂੰ ਬਜ਼ੁਰਗ ਦੀ ਤਸਵੀਰ ਦਿਖਾਈ ਅਤੇ ਸਾਰੀ ਘਟਨਾ ਦੱਸੀ। ਮਾਸਟਰ ਨੇ ਸੋਸ਼ਲ ਮੀਡੀਆ ’ਤੇ ਬਜ਼ੁਰਗ ਬਾਰੇ ਪੜ੍ਹਿਆ ਹੋਇਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਪਰਿਵਾਰ ਨਾਲ ਸੰਪਰਕ ਕੀਤਾ। ਬਜ਼ੁਰਗ ਦਾ ਪੋਤਾ ਅਤੇ ਪਿੰਡ ਦੇ ਕੁਝ ਮੋਹਤਬਰ ਵਿਅਕਤੀ ਮਾਛੀਵਾੜਾ ਪਹੁੰਚੇ। ਪੋਤੇ ਨੇ ਆਪਣੇ ਦਾਦਾ ਜੀ ਨੂੰ ਗਲ ਲਗਾ ਕੇ ਭਾਵੁਕ ਹੁੰਦਿਆਂ ਨੀਰਜ ਦਾ ਦਿਲੋਂ ਧੰਨਵਾਦ ਕੀਤਾ। ਪਰਿਵਾਰ ਨੇ ਨੀਰਜ ਦਾ ਦਿਲੋਂ ਸ਼ੁਕਰਾਨਾ ਕਰਦਿਆਂ ਉਸ ਨੂੰ ਸਨਮਾਨ ਨਾਲ ਆਪਣੇ ਘਰ ਲੈ ਗਏ ਅਤੇ ਕਿਹਾ ਕਿ ਉਹ ਉਸ ਨੂੰ ਪੂਰੇ ਮਾਣ-ਸਨਮਾਨ ਨਾਲ ਘਰ ਰੱਖਣਗੇ ਅਤੇ ਅਗਲੇ ਦਿਨ ਉਹਨਾਂ ਨੂੰ ਲੁਧਿਆਣਾ ਦੇ ਰੇਲਵੇ ਸਟੇਸ਼ਨ ਤੋਂ ਬਿਹਾਰ ਲਈ ਰਵਾਨਾ ਕਰਨਗੇ।

ਇਸ ਘਟਨਾ ਨੇ ਇਹ ਸਾਬਤ ਕੀਤਾ ਹੈ ਕਿ ਇਨਸਾਨੀਅਤ ਦੀ ਕੋਈ ਸਰਹੱਦ ਨਹੀਂ ਹੁੰਦੀ ਅਤੇ ਇੱਕ ਅਜਨਬੀ ਵੱਲੋਂ ਕੀਤੀ ਛੋਟੀ ਜਿਹੀ ਮੱਦਦ ਵੀ ਕਿਸੇ ਪਰਿਵਾਰ ਲਈ ਬੇਹੱਦ ਵੱਡੀ ਖੁਸ਼ੀ ਦਾ ਕਾਰਨ ਬਣ ਸਕਦੀ ਹੈ। ਇਸ ਮੌਕੇ ਬਰਿੰਦਰ ਸਿੰਘ ਬਲਾਕ ਸੰਮਤੀ ਮੈਂਬਰ ਫ਼ਤਹਿਗੜ੍ਹ ਗੁੱਜਰਾਂ, ਮਾ. ਕ੍ਰਿਸ਼ਨ ਲਾਲ, ਮਲਕੀਤ ਸਿੰਘ, ਬਾਬਾ ਹਰਬੰਸ ਲਾਲ, ਮਦਨ ਸ਼ਰਮਾ, ਰਾਜੂ ਤੱਖੀ ਅਤੇ ਸੁਖਚੈਨ ਸਿੰਘ ਆਦਿ ਮੌਜੂਦ ਸਨ।

Leave a Reply

Your email address will not be published. Required fields are marked *