ਸਮਰਾਲਾ, (ਸੁਰਜੀਤ ਸਿੰਘ) ਦੇਸ਼ ਦੀ ਆਜ਼ਾਦੀ ਦੇ ਮੋਢੀ ਸਤਿਗੁਰੂ ਰਾਮ ਸਿੰਘ ਜੀ ਤਪ ਭੂਮੀ ਗੁਰੂਦਵਾਰਾ ਸ੍ਰੀ ਭੈਣੀ ਸਾਹਿਬ ਵਿਖੇ ਨਾਮਧਾਰੀ ਮੁਖੀ ਸ੍ਰੀ ਸਤਿਗੁਰੂ ਉਦੇ ਸਿੰਘ ਜੀ ਦੀ ਹਜੂਰੀ ਵਿੱਚ ਇੱਕ ਮਹੀਨਾ ਚੱਲਣ ਵਾਲੇ ਸਾਲਾਨਾ ਨਾਮ ਸਿਮਰਨ ਜੱਪ ਪ੍ਰਯੋਗ ਅੱਸੂ ਦਾ ਮੇਲਾ ਸ਼ੁਰੂ ਹੋ ਗਿਆ ਹੈ। ਜਿਸ ਵਿੱਚ ਦੇਸ਼ ਵਿਦੇਸ਼ ਤੋਂ ਲੱਖਾਂ ਦੀ ਗਿਣਤੀ ਵਿਚ ਸੰਗਤਾਂ ਭਾਗ ਲੈ ਰਹੀਆਂ ਹਨ। ਜੱਪ ਪ੍ਰਯੋਗ ਦੀ ਅਰਦਾਸ ਤੜਕੇ ਤਿੰਨ ਵਜੇ ਹੋਈ, ਉਪਰੰਤ ਹਜ਼ੂਰੀ ਰਾਗੀ ਜਥੇ ਨੇ ਆਸਾ ਜੀ ਦੀ ਵਾਰ ਦਾ ਕੀਰਤਨ ਕੀਤਾ। ਇਹ ਜਾਣਕਾਰੀ ਦਿੰਦਿਆਂ ਨਾਮਧਾਰੀ ਦਰਬਾਰ ਦੇ ਪ੍ਰਧਾਨ ਸੂਬਾ ਬਲਵਿੰਦਰ ਸਿੰਘ ਝੱਲ ਨੇ ਦੱਸਿਆ ਕਿ ਵਿਸ਼ਵ ਸ਼ਾਂਤੀ ਅਤੇ ਸਰਬੱਤ ਦੇ ਭਲੇ ਲਈ ਮੌਜੂਦਾ ਨਾਮਧਾਰੀ ਗੱਦੀ ਨਸ਼ੀਨ ਸਤਿਗੁਰੂ ਉਦੇ ਸਿੰਘ ਜੀ ਦੀ ਹਜ਼ੂਰੀ ਵਿੱਚ ਮਹੀਨਾ ਭਰ ਚੱਲਣ ਵਾਲਾ ਇਹ ਜੱਪ ਪ੍ਰਯੋਗ ਆਰੰਭ ਹੋਇਆ, ਜਿਸ ਵਿੱਚ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ਵਿਚ ਇਕੱਤਰ ਹੋ ਕੇ ਸੰਗਤਾਂ ਤੜਕੇ 3 ਵਜੇ ਤੋਂ 6 ਵਜੇ ਤਕ ਅਤੇ ਦੁਪਹਿਰ 12 ਵਜੇ ਤੋਂ ਸ਼ਾਮ 3.30 ਵਜੇ ਤੱਕ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਬਖਸ਼ਿਆ ਨਾਮ ਸਿਮਰਨ ਕਰਦਿਆਂ ਹਨ। ਸੂਬਾ ਝੱਲ ਨੇ ਦੱਸਿਆ ਕਿ ਸਤਿਗੁਰੂ ਉਦੇ ਸਿੰਘ ਜੀ ਦੀ ਕਿਰਪਾ ਸਦਕਾ ਕਨੇਡਾ, ਅਮਰੀਕਾ, ਆਸਟ੍ਰੇਲੀਆ, ਇੰਗਲੈਂਡ ਅਤੇ ਥਾਈਲੈਂਡ ਤੋਂ ਇਲਾਵਾ ਭਾਰਤ ਦੇ ਵੱਖ ਵੱਖ ਹਿੱਸਿਆਂ ਦੇ ਸ਼ਹਿਰਾਂ ਅਤੇ ਪਿੰਡਾਂ ਵਿਚ ਵੀ ਨਾਮਧਾਰੀ ਸੰਗਤਾਂ ਵੱਲੋਂ ਜੱਪ ਪ੍ਰਯੋਗ ਕੀਤਾ ਜਾ ਰਿਹਾ ਹੈ। ਜਿਸ ਦੀ ਸਮਾਪਤੀ 18 ਅਕਤੂਬਰ ਨੂੰ ਹੋਵੇਗੀ। ਇਸ ਮੌਕੇ ਪੂਜਨੀਕ ਮਾਤਾ ਗੁਰਸ਼ਰਨ ਕੌਰ ਜੀ, ਸੰਤ ਜਗਤਾਰ ਸਿੰਘ ਜੀ, ਸੇਵਕ ਕਰਤਾਰ ਸਿੰਘ, ਸੇਵਕ ਆਸਾ ਸਿੰਘ ਮਾਨ ਅਤੇ ਪ੍ਰੈਸ ਸਕੱਤਰ ਲਖਵੀਰ ਸਿੰਘ ਬੱਦੋਵਾਲ ਵੀ ਮੌਜੂਦ ਸਨ।


