Translate Your Language

October 5, 2026 6:32 am

PUNPUN03583/19/1/2007-TC

PUNPUN03583/19/1/2007-TC

Home » Uncategorized » ਨਸ਼ਿਆਂ ਵਿਰੁੱਧ ਭਾਜਪਾ ਦੀ ਰੈਲੀ ‘ਚ ਮੁੱਖ ਮੰਤਰੀ ਦਿੱਲੀ ਤੇ ਹਰਿਆਣਾ ਸਮੇਤ ਪੰਜਾਬ ਪ੍ਰਧਾਨ ਵੀ ਗੈਰਹਾਜ਼ਰ

ਨਸ਼ਿਆਂ ਵਿਰੁੱਧ ਭਾਜਪਾ ਦੀ ਰੈਲੀ ‘ਚ ਮੁੱਖ ਮੰਤਰੀ ਦਿੱਲੀ ਤੇ ਹਰਿਆਣਾ ਸਮੇਤ ਪੰਜਾਬ ਪ੍ਰਧਾਨ ਵੀ ਗੈਰਹਾਜ਼ਰ

 

ਮਾਛੀਵਾੜਾ ਸਾਹਿਬ, 19 ਸਤੰਬਰ (ਅੰਮ੍ਰਿਤਪਾਲ)-ਭਾਜਪਾ ਵੱਲੋਂ ਅੱਜ ਮਾਛੀਵਾੜਾ ਸਾਹਿਬ ‘ਚ ਨਸ਼ਾ ਮੁਕਤ ਪੰਜਾਬ ਕਰਨ ਦੇ ਮੰਤਵ ਨਾਲ ਰੈਲੀ ਦਾ ਆਯੋਜਨ ਕੀਤਾ। ਰੈਲੀ ‘ਚ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ, ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਅਤੇ ਪੰਜਾਬ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਦਾ ਸ਼ਾਮਿਲ ਨਾ ਹੋਣਾ ਲੋਕਾਂ ਨੂੰ ਰੜਕਦਾ ਰਿਹਾ, ਕਿਉੰਕਿ ਸਥਾਨਕ ਆਗੂਆਂ ਵੱਲੋਂ ਪਿਛਲੇ 10 ਦਿਨ ਤੋਂ ਇਹਨਾਂ ਪ੍ਰਮੁੱਖ ਆਗੂਆਂ ਦੇ ਆਉਣ ਸਬੰਧੀ ਪ੍ਰਚਾਰ ਕੀਤਾ ਜਾ ਰਿਹਾ ਸੀ।

ਸਥਾਨਕ ਦੁਸਹਿਰਾ ਮੈਦਾਨ ‘ਚ ਰੱਖੀ ਗਈ ਨਸ਼ਾ ਮੁਕਤ ਰੈਲੀ ‘ਚ ਭਾਜਪਾ ਆਗੂ ਸਤੀਸ਼ ਪੂਨੀਆ, ਮਨਪ੍ਰੀਤ ਸਿੰਘ ਬਾਦਲ, ਅਵਿਨਾਸ਼ ਰਾਏ ਖੰਨਾ ਅਤੇ ਗੇਜਾ ਰਾਮ ਵਾਲਮੀਕੀ ਨੇ ਆਪਣੇ ਸੰਬੋਧਨ ‘ਚ ਦੋਸ਼ ਲਗਾਇਆ ਕਿ ਆਮ ਆਦਮੀ ਪਾਰਟੀ ਤਿੰਨ ਮਹੀਨਿਆਂ ਦੇ ਅੰਦਰ ਪੰਜਾਬ ‘ਚੋਂ ਨਸ਼ਾ ਖ਼ਤਮ ਕਰਨ ਦਾ ਵਾਅਦਾ ਕਰਕੇ ਸੱਤਾ ‘ਚ ਆਈ ਸੀ। ਪਰ ਪਿਛਲੇ ਸਾਢੇ ਚਾਰ ਸਾਲਾਂ ‘ਚ ਨਸ਼ਿਆਂ ਦਾ ਬੇਸ਼ੁਮਾਰ ਵਾਧਾ ਹੋਇਆ ਹੈ। ਆਗੂਆਂ ਨੇ ਦੋਸ਼ ਲਗਾਇਆ ਕਿ ਆਏ ਦਿਨ ਛੋਟੀ ਤੋਂ ਵੱਡੀ ਉਮਰ ਦੇ ਨੌਜਵਾਨ ਮੌਤ ਦੇ ਮੂੰਹ ਵਿੱਚ ਜਾ ਰਹੇ ਹਨ। ਉਨ੍ਹਾਂ ਇਹ ਦੋਸ਼ ਵੀ ਲਗਾਇਆ ਕਿ ਦਿੱਲੀ ‘ਚ ਆਮ ਆਦਮੀ ਪਾਰਟੀ ਨੇ ਆਪਣੇ ਕਾਰਜਕਾਲ ਦੌਰਾਨ ਹਜ਼ਾਰਾਂ ਕਰੋੜ ਰੁਪਏ ਦੇ ਘੁਟਾਲੇ ਕੀਤੇ। ਉਨ੍ਹਾਂ ਕਿਹਾ ਕਿ ਦਿੱਲੀ ਦੇ ਲੋਕਾਂ ਨੇ ਕੇਜਰੀਵਾਲ ਨੂੰ “ਸ਼ੀਸ਼ੇ ਦੇ ਮਹਿਲ” ਤੋਂ ਬਾਹਰ ਕੱਢ ਦਿੱਤਾ ਹੈ, ਜਿਸ ਤੋਂ ਬਾਅਦ ਕੇਜਰੀਵਾਲ ਨੇ ਪੰਜਾਬ ਨੂੰ ਅਪਣਾ ਘਰ ਬਣਾ ਲਿਆ ਹੈ। ਆਗੂਆਂ ਨੇ ਇਹ ਵੀ ਕਿਹਾ ਕਿ ਪਹਿਲਾਂ ਦਿੱਲੀ ਦੇ ਪੈਸੇ ਦੀ ਦੁਰਵਰਤੋਂ ਕੀਤੀ ਗਈ ਅਤੇ ਹੁਣ ਪੰਜਾਬ ਦੇ ਪੈਸੇ ਦੀ ਦੁਰਵਰਤੋਂ ਰਾਜਨੀਤੀ ‘ਚ ਕੀਤੀ ਜਾ ਰਹੀ ਹੈ। ਭਗਵੰਤ ਮਾਨ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਜੋ ਖੁਦ ਨਸ਼ੇ ਦੀ ਵਰਤੋਂ ਕਰਦਾ ਹੈ, ਉਹ ਪੰਜਾਬ ਨੂੰ ਨਸ਼ਾ ਮੁਕਤ ਕਿਵੇਂ ਬਣਾਏਗਾ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦੀਆਂ ਮਾਵਾਂ ਇਸ ਲਈ ਦੁਖੀ ਹਨ ਕਿਉਂਕਿ ਉਨ੍ਹਾਂ ਦੇ ਨੌਜਵਾਨ ਪੁੱਤਰ ਨਸ਼ਿਆਂ ਦਾ ਸ਼ਿਕਾਰ ਹੋ ਕੇ ਸਿਵਿਆਂ ਵੱਲ ਜਾ ਰਹੇ ਹਨ। ਅੱਜ ਪੰਜਾਬ ਨੂੰ ਡਬਲ ਇੰਜਣ ਵਾਲੀ ਸਰਕਾਰ ਦੀ ਲੋੜ ਹੈ ਅਤੇ ਸਿਰਫ਼ ਭਾਜਪਾ ਹੀ ਪੰਜਾਬ ‘ਚ ਨਸ਼ਿਆਂ ਦੇ ਦੈਂਤ ਨੂੰ ਲਗਾਮ ਪਾ ਸਕਦੀ ਹੈ ਅਤੇ ਨੌਜਵਾਨਾਂ ਲਈ ਨਵੇਂ ਰੋਜ਼ਗਾਰ ਦੇ ਮੌਕੇ ਪੈਦਾ ਕਰੇਗੀ। ਰੈਲੀ ਦੌਰਾਨ ਨੌਜਵਾਨ ਆਗੂ ਨੀਸ਼ੂ ਚਹਿਲਾਂ, ਮੰਡਲ ਪ੍ਰਧਾਨ ਸੁਖਵਿੰਦਰ ਲਾਲ ਸ਼ਰਮਾ, ਜ਼ਿਲ੍ਹਾ ਪ੍ਰਧਾਨ ਸੰਜੀਵ ਲੀਹਲ, ਪਰਵੀਨ ਗੋਇਲ, ਮਨੋਜ ਬਾਂਸਲ, ਅਮਿਤ ਸਹਾਰਨ, ਸਤੀਸ਼ ਸਿੰਗਲਾ ਅਤੇ ਨਰੇਸ਼ ਖੇੜਾ ਵੀ ਮੌਜੂਦ ਸਨ।

 

ਰੈਲੀ ‘ਚ ਨਸ਼ਿਆਂ ਵਿਰੁੱਧ ਨਾਅਰੇ ਘੱਟ ਅਤੇ ਨੀਸ਼ੂ ਚਹਿਲਾਂ ਦੇ ਹੱਕ ‘ਚ ਨਾਅਰੇ ਜ਼ਿਆਦਾ ਲੱਗੇ

 

ਅੱਜ ਭਾਜਪਾ ਦੀ ਨਸ਼ਾ ਮੁਕਤ ਮੁਹਿੰਮ ਦੌਰਾਨ ਜਦੋਂ ਸੀਨੀਅਰ ਲੀਡਰਸ਼ਿਪ ਸਟੇਜ ‘ਤੇ ਲੋਕਾਂ ਨੂੰ ਸੰਬੋਧਨ ਕਰ ਰਹੀ ਸੀ, ਤਾਂ ਨੌਜਵਾਨਾਂ ਦਾ ਇੱਕ ਸਮੂਹ ਸਮਰਾਲਾ ਹਲਕੇ ਦੇ ਭਾਜਪਾ ਆਗੂ ਨੀਸ਼ੂ ਚਹਿਲਾਂ ਦਾ ਸਮਰਥਨ ਕਰਦੇ ਹੋਏ ਨਾਅਰੇ ਲਗਾਉਂਦੇ ਹੋਏ ਦੇਖਿਆ ਗਿਆ। ਰੈਲੀ ‘ਚ ਇਸ ਸਮੂਹ ਵੱਲੋਂ ਪੰਜਾਬ ‘ਚੋਂ ਨਸ਼ਾ ਖ਼ਤਮ ਕਰਨ ਸਬੰਧੀ ਨਾਅਰੇ ਘੱਟ ਅਤੇ ਆਪਣੇ ਲੀਡਰ ਨੂੰ ਖੁਸ਼ ਕਰਨ ਲਈ ਜ਼ਿੰਦਾਬਾਦ ਦੇ ਨਾਅਰੇ ਜ਼ਿਆਦਾ ਠੋਕੇ ਗਏ।

Leave a Reply

Your email address will not be published. Required fields are marked *