Home » Uncategorized » ਪੰਜਾਬ ਦੇ ਪਿੰਡਾਂ ‘ਚ ਵੱਡੀਆਂ ਸਕਰੀਨਾਂ ‘ਤੇ ਦਿਖਾਈ ਜਾ ਰਹੀ ਫ਼ਿਲਮ ‘ਸਤਲੁਜ’, ਭਾਵੁਕ ਹੋਏ ਲੋਕ ਕੀ ਬੋਲ ਰਹੇ

ਪੰਜਾਬ ਦੇ ਪਿੰਡਾਂ ‘ਚ ਵੱਡੀਆਂ ਸਕਰੀਨਾਂ ‘ਤੇ ਦਿਖਾਈ ਜਾ ਰਹੀ ਫ਼ਿਲਮ ‘ਸਤਲੁਜ’, ਭਾਵੁਕ ਹੋਏ ਲੋਕ ਕੀ ਬੋਲ ਰਹੇ

ਪੰਜਾਬ ਦੇ ਪਿੰਡਾਂ ‘ਚ ਵੱਡੀਆਂ ਸਕਰੀਨਾਂ ‘ਤੇ ਦਿਖਾਈ ਜਾ ਰਹੀ ਫ਼ਿਲਮ ‘ਸਤਲੁਜ’, ਭਾਵੁਕ ਹੋਏ ਲੋਕ ਕੀ ਬੋਲ ਰਹੇ

ਪੰਜਾਬ ਦੇ ਪਿੰਡਾਂ ਵਿੱਚ ਸਤਲੁਜ ਦੇਖਣ ਆਏ ਲੋਕ

…ਵਿੱਚ

    • ਲੇਖਕ,ਹਰਮਨਦੀਪ ਸਿੰਘ
    • ਰੋਲ,ਬੀਬੀਸੀ ਪੱਤਰਕਾਰ
    •  ਅਤੇ
    • ਲੇਖਕ,ਨਵਜੋਤ ਕੌਰ
    • ਰੋਲ,ਬੀਬੀਸੀ ਪੱਤਰਕਾਰ
  • ਪ੍ਰਕਾਸ਼ਿਤ9 ਜੁਲਾਈ 2026
  • ਪੜ੍ਹਨ ਦਾ ਸਮਾਂ: 7 ਮਿੰਟ

“1989 ਵਿੱਚ ਮੇਰੇ ਪਤੀ ਚਲੇ ਗਏ ਸੀ, ਅੱਜ ਤੱਕ ਉਨ੍ਹਾਂ ਬਾਰੇ ਕੁਝ ਪਤਾ ਨਹੀਂ ਚੱਲਿਆ, ਆਪਣੀ ਜ਼ਿੰਦਗੀ ਦੇ ਪੁਰਾਣੇ ਦੌਰ ਨੂੰ ਦੇਖਣ ਆਈ ਸੀ ਕਿ ਸ਼ਾਇਦ ਇਸ ਫਿਲਮ ਵਿੱਚੋਂ ਮੇਰੇ ਬਾਰੇ ਵੀ ਕੁਝ ਨਿਕਲ ਆਵੇ।”

ਭਾਵੁਕ ਹੁੰਦਿਆਂ ਇਹ ਸ਼ਬਦ ਬਲਵਿੰਦਰ ਕੌਰ ਨੇ ਆਖੇ, ਜੋ ਮੋਗਾ ਦੇ ਇੱਕ ਗੁਰਦੁਆਰਾ ਵਿੱਚ ਜਸਵੰਤ ਸਿੰਘ ਖਾਲੜਾ ਦੇ ਜੀਵਨ ‘ਤੇ ਬਣੀ ਫਿਲਮ ‘ਸਤਲੁਜ’ ਦੇਖਣ ਲਈ ਆਏ ਸਨ।

ਦਿਲਜੀਤ ਦੋਸਾਂਝ ਦੇ ਮੁੱਖ ਕਿਰਦਾਰ ਵਾਲੀ ਫਿਲਮ ਸਤਲੁਜ 3 ਜੁਲਾਈ 2026 ਨੂੰ ਓਟੀਟੀ ਪਲੇਟਫਾਰਮ ਜ਼ੀ-5 ‘ਤੇ ਰਿਲੀਜ਼ ਹੋਈ ਸੀ, ਪਰ 48 ਘੰਟਿਆਂ ਮਗਰੋਂ ਇਸ ਫਿਲਮ ਨੂੰ ਭਾਰਤ ਵਿੱਚ ਰੋਕ ਦਿੱਤਾ ਗਿਆ।

ਇਸ ਤੋਂ ਬਾਅਦ ਪੰਜਾਬ ਦੇ ਵੱਖ-ਵੱਖ ਪਿੰਡਾਂ ਅਤੇ ਸ਼ਹਿਰਾਂ ਵਿਚ ਲੋਕ ਆਪਣੇ ਪੱਧਰ ‘ਤੇ ਫਿਲਮ ਨੂੰ ਡਾਊਨਲੋਡ ਕਰਕੇ ਵੱਡੀਆਂ ਐੱਲਈਡੀ ਸਕਰੀਨਾਂ ਲਗਾ ਕੇ ਦੇਖ ਰਹੇ ਹਨ।

ਪੰਜਾਬ ਦੇ ਕਈ ਪਿੰਡਾਂ ਵਿੱਚ ਲੋਕ ਆਪਣੇ ਪੱਧਰ ‘ਤੇ ਵੱਡੀਆਂ ਐਲਈਡੀ ਸਕਰੀਨਾਂ ਕਿਰਾਏ ‘ਤੇ ਲੈ ਕੇ ਗੁਰਦੁਆਰਿਆਂ, ਖੁੱਲ੍ਹੀਆਂ ਥਾਵਾਂ ਉੱਤੇ ਇਕੱਠੇ ਬੈਠ ਕੇ ਇਸ ਫਿਲਮ ਨੂੰ ਵੇਖ ਰਹੇ ਹਨ।

ਪਿਛਲੇ ਕੁਝ ਦਿਨਾਂ ਵਿਚ ਗੁਰਦਾਸਪੁਰ, ਸੰਗਰੂਰ, ਜਲੰਧਰ, ਰੋਪੜ, ਬਠਿੰਡਾ, ਫਿਰੋਜ਼ਪੁਰ, ਮੋਗਾ, ਪਟਿਆਲਾ ਆਦਿ ਜ਼ਿਲ੍ਹਿਆਂ ਦੇ ਵੱਖ-ਵੱਖ ਪਿੰਡਾਂ ਤੋਂ ਸਤਲੁਜ ਫਿਲਮ ਦਿਖਾਏ ਜਾਣ ਦੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ।

ਇਸ ਤਰ੍ਹਾਂ ਦੀਆਂ ਫਿਲਮ ਦੀਆਂ ਸਕ੍ਰੀਨਿੰਗ ਦੀਆਂ ਤਸਵੀਰਾਂ ਰਾਜਸਥਾਨ ਦੇ ਸ੍ਰੀ ਗੰਗਾਨਗਰ ਇਲਾਕੇ ਤੋਂ ਵੀ ਵਾਇਰਲ ਹੋਈਆਂ ਹਨ, ਜਿਨ੍ਹਾਂ ਨੂੰ ਦਿਲਜੀਤ ਨੇ ਆਪਣੇ ਇੰਸਟਾਗ੍ਰਾਮ ਪੇਜ ‘ਤੇ ਵੀ ਸਾਂਝਾ ਕੀਤਾ ਸੀ।

‘ਆਪਣੇ ਪਤੀ ਨੂੰ ਫ਼ਿਲਮ ਵਿੱਚੋਂ ਲੱਭਣ ਆਈ ਹਾਂ’

ਬਲਵਿੰਦਰ ਕੌਰ ਦੀ ਤਸਵੀਰ

ਤਸਵੀਰ ਕੈਪਸ਼ਨ,ਬਲਵਿੰਦਰ ਕੌਰ ਦੇ ਪਹਿਲੇ ਪਤੀ ਸੰਨ 1989 ਵਿੱਚ ਲਾਪਤਾ ਹੋ ਗਏ ਸਨ ਜੋ ਮੁੜ ਕਦੇ ਘਰ ਵਾਪਸ ਨਹੀਂ ਪਰਤੇ। ਫਿਰ ਉਨ੍ਹਾਂ ਦਾ ਦੂਜਾ ਵਿਆਹ ਮੋਗਾ ‘ਚ ਹੋਇਆ।

ਮੰਗਲਵਾਰ ਨੂੰ ਮੋਗਾ ਦੇ ਗੁਰਦੁਆਰਾ ਬੀਬੀ ਕਾਹਨ ਕੌਰ ਜੀ ਵਿੱਚ ਫਿਲਮ ਦੀ ਜਨਤਕ ਸਕਰੀਨਿੰਗ ਦੇਖਣ ਗਏ ਬੀਬੀਸੀ ਪੱਤਰਕਾਰ ਹਰਮਨਦੀਪ ਸਿੰਘ ਨਾਲ ਗੱਲ ਕਰਦਿਆਂ ਬਲਵਿੰਦਰ ਕੌਰ ਬੇਹੱਦ ਭਾਵੁਕ ਹੋਏ।….ਬਲਵਿੰਦਰ ਕੌਰ ਫਿਲਮ ਦੇਖਣ ਮਗਰੋਂ ਰੋਂਦੇ ਹੋਏ ਦੱਸਦੇ ਹਨ, “ਸ਼ਾਇਦ ਮੇਰਾ ਇਸ ਵਿੱਚੋਂ ਕੁਝ ਨਿਕਲ ਆਵੇ, ਮੈਂ ਇਹ ਦੌਰ ਆਪਣੇ ਪਿੰਡੇ ‘ਤੇ ਹੰਢਾਇਆ। ਇਹ ਫਿਲਮ ਮੈਨੂੰ ਲੱਗਿਆ ਮੇਰੇ ‘ਤੇ ਹੀ ਬਣੀ ਹੋਈ ਹੈ। ਇਹ ਦੌਰ ਰੱਬ ਕਰੇ ਕਦੇ ਮੁੜ ਕੇ ਨਾ ਆਵੇ।”

ਬਲਵਿੰਦਰ ਕੌਰ ਦੇ ਪਹਿਲੇ ਪਤੀ ਸੰਨ 1989 ਵਿੱਚ ਲਾਪਤਾ ਹੋ ਗਏ ਸਨ ਜੋ ਮੁੜ ਕਦੇ ਘਰ ਵਾਪਸ ਨਹੀਂ ਪਰਤੇ। ਬਲਵਿੰਦਰ ਕੌਰ ਦੱਸਦੇ ਹਨ ਕਿ ਉਨ੍ਹਾਂ ਦਾ ਦੂਸਰਾ ਵਿਆਹ ਮੋਗਾ ਵਿੱਚ ਹੋਇਆ।

ਉਹ ਕਹਿੰਦੇ ਹਨ, “1989 ਵਿੱਚ ਮੈਂ ਆਪਣੇ ਪੇਕੇ ਘਰ ਤਰਨ ਤਾਰਨ ਵਿੱਚ ਸੀ। ਮੇਰੇ ਪਤੀ ਦਰਜੀ ਦਾ ਕੰਮ ਕਰਦੇ ਸਨ। ਮੈਂ ਚੋਹਲਾ ਸਾਹਿਬ ਵਿਆਹੀ ਹੋਈ ਸੀ। ਉਨ੍ਹਾਂ ਦਾ ਨਾਮ ਰਵਿੰਦਰਪਾਲ ਸਿੰਘ ਸੀ। ਪੁਲਿਸ ਉਨ੍ਹਾਂ ਨੂੰ ਸਵੇਰੇ ਸਵੇਰੇ ਚੁੱਕ ਕੇ ਲੈ ਗਈ ਸੀ। ਮੈਨੂੰ ਕਦੇ ਉਨ੍ਹਾਂ ਦੀ ਮ੍ਰਿਤਕ ਦੇਹ ਨਹੀਂ ਮਿਲੀ ਸੀ।”

ਬਲਵਿੰਦਰ ਕਹਿੰਦੇ ਹਨ, “ਜਿਵੇਂ ਫਿਲਮ ਵਿੱਚ ਦਿਖਾਇਆ ਗਿਆ ਹੈ ਕਿ ਉਸ ਵੇਲੇ ਕੋਈ ਕਿਸੇ ਦੀ ਸੁਣਦਾ ਨਹੀਂ ਸੀ ਓਵੇਂ ਹੀ ਸਾਡੇ ਨਾਲ ਹੋਇਆ। ਅਸੀਂ ਬਹੁਤ ਕੋਸ਼ਿਸ਼ ਕੀਤੀ ਪਰ ਉਹ ਅੱਜ ਤੱਕ ਨਹੀਂ ਮਿਲੇ।”

ਮੋਗਾ ਵਿੱਚ ਡਾ. ਸਰਬਜੀਤ ਕੌਰ ਆਪਣਾ ਕਲੀਨਕ ਬੰਦ ਕਰਕੇ ਖਾਸ ਫਿਲਮ ਦੇਖਣ ਆਏ ਸਨ।

ਉਹ ਕਹਿੰਦੇ ਹਨ, “ਇਹ ਕੋਈ ਮਨਘੜ੍ਹਤ ਕਹਾਣੀ ਨਹੀਂ, ਇਹ ਸੱਚਾਈ ਹੈ ਜੋ ਸਾਡੇ ਨਾਲ ਬੀਤੀ ਹੈ। ਪਹਿਲਾਂ ਜਿਵੇਂ ਜਸਵੰਤ ਸਿੰਘ ਖਾਲੜਾ ਦੀ ਆਵਾਜ਼ ਰੋਕਣ ਦੀ ਕੋਸ਼ਿਸ਼ ਕੀਤੀ ਗਈ ਓਵੇਂ ਹੀ ਅੱਜ ਉਨ੍ਹਾਂ ਦੀ ਫਿਲਮ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਾਨੂੰ ਅੱਜ ਵੀ ਇਹ ਮਹਿਸੂਸ ਹੁੰਦਾ ਕਿ ਜਿਵੇਂ ਜਸਵੰਤ ਸਿੰਘ ਖਾਲੜਾ ਸਾਡੇ ਵਿੱਚ ਮੌਜੂਦ ਹੋਣ।”

“ਅਸੀਂ ਛੋਟੇ ਹੁੰਦੇ ਇਸ ਤਰ੍ਹਾਂ ਇਕੱਠੇ ਟੀਵੀ ‘ਤੇ ਫ਼ਿਲਮ ਦੇਖਦੇ ਸੀ ਅੱਜ ਪਹਿਲੀ ਵਾਰ ਮੈਂ ਕੋਈ ਫਿਲਮ ਇਸ ਤਰ੍ਹਾਂ ਲੋਕਾਂ ਦੇ ਇਕੱਠ ਵਿੱਚ ਗੁਰਦੁਆਰਾ ਵਿੱਚ ਦੇਖੀ ਹੈ। ਅਸੀਂ ਆਪਣੇ ਇਲਾਕੇ ਵਿੱਚੋਂ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋ ਕੇ ਫਿਲਮ ਦੇਖਣ ਆਏ ਹਾਂ।”……..

ਫਿਲਮ ਦੇਖ ਕੇ ਪਰਿਵਾਰਾਂ ਦੀ ਉਡੀਕ ਮੁੱਕ ਗਈ”

ਗੁਰਦਾਸਪੁਰ ਦੇ ਪਿੰਡ ਮਾਨਚੋਪੜਾ ਦਾ ਰਹਿਣ ਵਾਲਾ ਨੌਜਵਾਨ

ਤਸਵੀਰ ਕੈਪਸ਼ਨ,ਗੁਰਦਾਸਪੁਰ ਦੇ ਪਿੰਡ ਮਾਨਚੋਪੜਾ ਵਿੱਚ ਜਨਤਕ ਤੌਰ ‘ਤੇ ਫਿਲਮ ਦੇਖਣ ਆਏ ਲੋਕਾਂ ਨੇ ਸਤਲੁਜ ਫਿਲਮ ਦੀ ਰੋਕ ‘ਤੇ ਸਵਾਲ ਚੁੱਕੇ ਅਤੇ ਆਪਣੇ ਪੱਧਰ ‘ਤੇ ਫਿਲਮ ਦੇਖਣ ਦੀ ਪੱਖ ਪੂਰਿਆ।

ਬੀਬੀਸੀ ਸਹਿਯੋਗੀ ਗੁਰਪ੍ਰੀਤ ਚਾਵਲਾ ਮੁਤਾਬਕ ਗੁਰਦਾਸਪੁਰ ਦੇ ਪਿੰਡ ਮਾਨਚੋਪੜਾ ਵਿੱਚ ਜਨਤਕ ਤੌਰ ‘ਤੇ ਫਿਲਮ ਦੇਖਣ ਆਏ ਲੋਕਾਂ ਨੇ ਸਤਲੁਜ ਫਿਲਮ ਦੀ ਰੋਕ ‘ਤੇ ਸਵਾਲ ਚੁੱਕੇ ਅਤੇ ਆਪਣੇ ਪੱਧਰ ‘ਤੇ ਫਿਲਮ ਦੇਖਣ ਦੀ ਪੱਖ ਪੂਰਿਆ।

ਫਿਲਮ ਦੇਖਣ ਅਤੇ ਇਕ ਨੌਜਵਾਨ ਨੇ ਕਿਹਾ, “ਸਾਡਾ ਇਹ ਫਿਲਮ ਦਿਖਾਉਣ ਦਾ ਮਕਸਦ ਹੈ ਕਿ ਲੋਕਾਂ ਨੂੰ ਪਤਾ ਲੱਗੇ ਕਿ ਕਿਵੇਂ ਪੰਜਾਬ ਦੇ ਨਿਰਦੋਸ਼ ਨੌਜਵਾਨਾਂ ਨੂੰ ਘਰਾਂ ਤੋਂ ਚੁੱਕ ਕੇ ਮਾਰਿਆ ਗਿਆ ਅਤੇ ਕਿਵੇਂ ਜਸਵੰਤ ਸਿੰਘ ਖਾਲੜਾ ਨੇ ਉਨ੍ਹਾਂ ਦੀ ਲੜਾਈ ਲੜੀ। ਇਹ ਪਹਿਲੀ ਵਾਰ ਕਿਸੇ ਨੇ ਫਿਲਮ ਰਾਹੀਂ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਤਾਂ ਅਜਿਹੀ ਫਿਲਮ ਦਾ ਲੋਕਾਂ ਤੱਕ ਪਹੁੰਚਣਾ ਜ਼ਰੂਰੀ ਹੈ। ਪਰ ਸਰਕਾਰ ਫਿਲਮ ਨੂੰ ਰਿਲੀਜ਼ ਨਹੀਂ ਹੋਣ ਦੇ ਰਹੀ ਇਸ ਲਈ ਅਸੀਂ ਆਪਣੇ ਪੱਧਰ ‘ਤੇ ਫਿਲਮ ਲੋਕਾਂ ਨੂੰ ਦਿਖਾ ਰਹੇ ਹਾਂ।”

ਪਿੰਡ ਵਿੱਚ ਆਪਣੇ ਪੱਧਰ ‘ਤੇ ਫਿਲਮ ਦੀ ਸਕਰੀਨਿੰਗ ਕਰਵਾਉਣ ਵਾਲੇ ਨੌਜਵਾਨਾਂ ਵਿੱਚੋਂ ਇੱਕ ਕਹਿੰਦੇ ਹਨ, “ਫਿਲਮ ਦੇਖ ਕੇ ਉਨ੍ਹਾਂ ਪਰਿਵਾਰਾਂ ਦੀ ਉਡੀਕ ਮੁਕ ਗਈ ਜਿਨ੍ਹਾਂ ਦੇ ਪਰਿਵਾਰਕ ਮੈਂਬਰ ਉਸ ਦੌਰ ਵਿੱਚ ਲਾਪਤਾ ਹੋ ਗਏ। ਸਾਨੂੰ ਪੰਜਾਬ ਦੇ ਇਤਿਹਾਸ ਅਤੇ ਖਾਲੜਾ ਸਾਹਿਬ ਬਾਰੇ ਬਹੁਤ ਤੱਥ ਅਜਿਹੇ ਪਤਾ ਲੱਗੇ ਜੋ ਪਹਿਲਾਂ ਨਹੀਂ ਪਤਾ ਸਨ। ਅਸੀਂ ਕੋਈ ਗਲਤ ਕੰਮ ਨਹੀਂ ਕਰ ਰਹੇ, ਜੇਕਰ ਫਿਲਮ ਆਈ ਹੈ ਤਾਂ ਸਾਨੂੰ ਦੇਖਣ ਦਿੱਤੀ ਜਾਵੇ। ਸਰਕਾਰ ਨੂੰ ਅਸੀਂ ਅਪੀਲ ਕਰਦੇ ਹਾਂ।”

ਮੋਗਾ ਵਿੱਚ ਹੀ ਆਪਣੇ ਪਤੀ ਅਤੇ ਬੱਚਿਆਂ ਨਾਲ ਫਿਲਮ ਦੇਖਣ ਆਏ ਵੀਰਪਾਲ ਕੌਰ ਕਹਿੰਦੇ ਹਨ, “ਜਿਸ ਦਿਨ ਦਾ ਸਾਨੂੰ ਪਤਾ ਲੱਗਿਆ ਕਿ ਫਿਲਮ ਆ ਗਈ ਤਾਂ ਸਾਡਾ ਮਨ ਸੀ ਕਿ ਅਸੀਂ ਫਿਲਮ ਦੇਖੀਏ। ਫੇਰ ਇਸ ਨੂੰ ਜ਼ੀਫਾਈਵ ਤੋਂ ਹਟਾ ਦਿੱਤਾ ਗਿਆ ਤੇ ਮੰਗਲਵਾਰ ਸ਼ਾਮ ਨੂੰ ਜਿਵੇਂ ਹੀ ਸਾਨੂੰ ਪਤਾ ਲੱਗਿਆ ਕਿ ਫਿਲਮ ਗੁਰਦੁਆਰਾ ਸਾਹਿਬ ਵਿੱਚ ਦਿਖਾਈ ਜਾ ਰਹੀ ਹੈ ਤਾਂ ਅਸੀਂ ਪੂਰਾ ਪਰਿਵਾਰ ਬੱਚਿਆਂ ਨੂੰ ਨਾਲ ਲੈ ਕੇ ਫਿਲਮ ਦੇਖਣ ਆਏ ਹਾਂ।”

ਕਾਨੂੰਨੀ ਕਾਰਵਾਈ ਲਈ ਵੀ ਤਿਆਰ ਹਾਂ : ਪ੍ਰਬੰਧਕ

ਮੋਗਾ ਦੇ ਗੁਰਦੁਆਰਾ ਸਾਹਿਬ ਵਿੱਚ ਫਿਲਮ ਦੀ ਸਕਰੀਨਿੰਗ ਕਰਵਾਉਣ ਵਾਲੇ ਪ੍ਰਬੰਧਕ ਰਾਜਵੰਤ ਸਿੰਘ ਮੱਲ

ਤਸਵੀਰ ਕੈਪਸ਼ਨ,ਮੋਗਾ ਦੇ ਗੁਰਦੁਆਰਾ ਸਾਹਿਬ ਵਿੱਚ ਫਿਲਮ ਦੀ ਸਕਰੀਨਿੰਗ ਕਰਵਾਉਣ ਵਾਲੇ ਪ੍ਰਬੰਧਕ ਰਾਜਵੰਤ ਸਿੰਘ ਮੱਲ

ਹਾਲਾਂਕਿ ਸਤਲੁਜ ਫਿਲਮ ਦੇ ਨਿਰਦੇਸ਼ਕ ਹਨੀ ਤ੍ਰੇਹਨ ਅਤੇ ਜ਼ੀ ਫਾਈਵ ਵੱਲੋਂ ਦਰਸ਼ਕਾਂ ਨੂੰ ਅਪੀਲ ਕੀਤੀ ਗਈ ਕਿ ਫਿਲਮ ਦੇ ਮੁੜ ਰਿਲੀਜ਼ ਹੋਣ ਦਾ ਇੰਤਜ਼ਾਰ ਕੀਤਾ ਜਾਵੇ।

ਨਿਰਦੇਸ਼ਕ ਹਨੀ ਤ੍ਰੇਹਨ ਨੇ ਗੈਰ-ਕਾਨੂੰਨੀ ਢੰਗ ਨਾਲ ਆਪ ਡਾਊਨਲੋਡ ਕਰਕੇ ਫਿਲਮ ਦਿਖਾਉਣ ਵਾਲੇ ਲੋਕਾਂ ਨੂੰ ਅਪੀਲ ਵੀ ਕੀਤੀ ਹੈ ਕਿ ਅਜਿਹਾ ਨਾ ਕੀਤਾ ਜਾਵੇ।

ਪਰ ਇਸਦੇ ਬਾਵਜੂਦ ਵੱਡੀ ਗਿਣਤੀ ਵਿੱਚ ਲੋਕ, ਜਥੇਬੰਦੀਆਂ ਅਤੇ ਨੌਜਵਾਨ ਆਪਣੇ ਪੱਧਰ ‘ਤੇ ਫਿਲਮ ਦੀ ਸਕਰੀਨਿੰਗ ਵੱਖ-ਵੱਖ ਪਿੰਡਾਂ ਵਿੱਚ ਕਰਵਾ ਰਹੇ ਹਨ।

ਮੋਗਾ ਦੇ ਗੁਰਦੁਆਰਾ ਸਾਹਿਬ ਵਿੱਚ ਫਿਲਮ ਦੀ ਸਕਰੀਨਿੰਗ ਕਰਵਾਉਣ ਵਾਲੇ ਪ੍ਰਬੰਧਕ ਰਾਜਵੰਤ ਸਿੰਘ ਮੱਲ ਕਹਿੰਦੇ ਹਨ, “ਸਾਡੀ ਦੇਸ਼ ਦੀ ਸਰਕਾਰ ਨੇ ਜਸਵੰਤ ਸਿੰਘ ਖਾਲੜਾ ਦੀ ਫਿਲਮ ਰਿਲੀਜ਼ ਨਹੀਂ ਹੋਣ ਦਿੱਤੀ। ਸਾਡੇ ਮਨਾਂ ਵਿੱਚ ਉਤਸੁਕਤਾ ਸੀ ਕਿ ਸਾਡੇ ਨਾਇਕ ਜਿਸਨੇ ਸਾਡੇ ਲਈ ਲੜਾਈ ਲੜ੍ਹੀ ਹੈ, ਉਸਦੀ ਫਿਲਮ ਸਾਨੂੰ ਨਹੀਂ ਦੇਖਣ ਦਿੱਤੀ ਜਾ ਰਹੀ। ਇਸ ਕਰਕੇ ਅਸੀਂ ਗੁਰਦੁਆਰਾ ਕਮੇਟੀ ਨਾਲ ਮਿਲ ਕੇ ਗੁਰਦੁਆਰਾ ਸਾਹਿਬ ਵਿੱਚ ਇਹ ਫਿਲਮ ਦਿਖਾਈ।”

ਉਹ ਕਹਿੰਦੇ ਹਨ ਕਿ “ਜੇਕਰ ਫਿਲਮ ਨੂੰ ਇਸ ਤਰ੍ਹਾਂ ਗੈਰ ਕਾਨੂੰਨੀ ਤਰੀਕੇ ਨਾਲ ਦਿਖਾਉਣ ‘ਤੇ ਸਾਡੇ ਖਿਲਾਫ ਕੋਈ ਕਾਰਵਾਈ ਹੁੰਦੀ ਹੈ ਤਾਂ ਅਸੀਂ ਉਸ ਲਈ ਤਿਆਰ ਹਾਂ। ਸਭ ਤੋਂ ਵੱਡਾ ਅਪਰਾਧ ਹੈ ਕਿ ਮਨੁੱਖੀ ਅਧਿਕਾਰਾਂ ਦੀ ਗੱਲ ਕਰਨ ਵਾਲੇ ਵਿਅਕਤੀ ਦੀ ਫਿਲਮ ਨੂੰ ਲੋਕਾਂ ਨੂੰ ਨਹੀਂ ਦੇਖਣ ਦਿੱਤਾ ਜਾ ਰਿਹਾ। ਲੋਕਾਂ ਨੇ ਸਾਡੀ ਉਮੀਦ ਨਾਲੋਂ ਵੱਧ ਸਾਨੂੰ ਸਹਿਯੋਗ ਦਿੱਤਾ ਹੈ।”…..

ਰਾਜਨੀਤਿਕ ਪਾਰਟੀਆਂ ਕਰਵਾ ਰਹੀਆਂ ਫਿਲਮ ਦੀ ਸਕਰੀਨਿੰਗ

ਫਿਲਮ ਸਤਲੁਜਤਸਵੀਰ ਸਰੋਤ,officeofssbadal

ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬੁੱਧਵਾਰ ਨੂੰ ਇੱਕ ਬਿਆਨ ਜਾਰੀ ਕਰਕੇ ਕਿਹਾ, “ਸ਼੍ਰੋਮਣੀ ਅਕਾਲੀ ਦਲ ਫ਼ਿਲਮ ‘ਸਤਲੁਜ’ ਨੂੰ ਪੰਜਾਬ ਦੇ ਪਿੰਡ-ਪਿੰਡ ਵਿੱਚ ਤੇ ਕੋਨੇ-ਕੋਨੇ ਵਿੱਚ ਦਿਖਾਵੇਗਾ ਤਾਂ ਕਿ ਸਾਡੇ ਬੱਚਿਆਂ ਅਤੇ ਆਉਣ ਵਾਲੀਆਂ ਪੀੜੀਆਂ ਨੂੰ ਕੌਮ ਉੱਤੇ ਢਾਏ ਗਏ ਜ਼ੁਲਮ ਤੋਂ ਚੰਗੀ ਤਰਾਂ ਜਾਣੂ ਕਰਵਾਇਆ ਜਾਏ।”

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਐਲਾਨ ਕੀਤਾ ਹੈ ਕਿ ਉਹ ਦਿੱਲੀ ਵਿੱਚ ਫਿਲਮ ਦੀ ਜਨਤਕ ਸਕ੍ਰੀਨਿੰਗ ਕਰਵਾਉਣਗੇ ਅਤੇ ਜਸਵੰਤ ਸਿੰਘ ਖਾਲੜਾ ਦੇ ਜੀਵਨ ਬਾਰੇ ਲੋਕਾਂ ਨੂੰ ਜਾਗਰੂਕ ਕਰਨਗੇ।

ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਵੀ ਸਤਲੁਜ ਫਿਲਮ ਦੀ ਸਕਰੀਨਿੰਗ ਲਈ ਪ੍ਰਬੰਧ ਕੀਤੇ ਜਾ ਰਹੇ ਹਨ।

Leave a Reply

Your email address will not be published. Required fields are marked *

ਕੌਮੀ ਇਨਸਾਫ ਮੋਰਚੇ ਵੱਲੋਂ 28 ਜੁਲਾਈ ਨੂੰ ਸਾਰੀਆਂ ਪੰਥਕ, ਕਿਸਾਨ ਜਥੇਬੰਦੀਆਂ, ਪੰਥ ਪੰਜਾਬ ਦਰਦੀ ਸ਼ਖਸ਼ੀਅਤਾਂ ਨੂੰ ਕਿਸਾਨ ਭਵਨ ‘ਚ 11 ਵਜੇ ਨੁਮਾਇੰਦਾ ਮੀਟਿੰਗ ਵਿੱਚ ਪੁੱਜਣ ਦੀ ਕੀਤੀ ਅਪੀਲ : ਸਰਪ੍ਰਸਤ ਬਾਪੂ ਗੁਰਚਰਨ ਸਿੰਘ/ਮੁੱਖ ਬੁਲਾਰਾ ਗੁਰਦੀਪ ਸਿੰਘ ਬਠਿੰਡਾ