
ਸ਼੍ਰੀ ਅਨੰਦਪੁਰ ਸਾਹਿਬ, 5 ਮਈ, (ਦਵਿੰਦਰਪਾਲ ਸਿੰਘ ): ਰੋਟਰੀ ਕਲੱਬ ਸ਼੍ਰੀ ਅਨੰਦਪੁਰ ਸਾਹਿਬ ਨੇ ਮੀਟਿੰਗ ਕਰਕੇ ਪਹਿਲਗਾਮ ਹਮਲੇ ਵਿੱਚ ਸ਼ਹੀਦ ਹੋਏ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਨਾਲ ਹੀ ਮੰਗਲਵਾਰ ਦੀ ਰਾਤ ਸਮੇ ਭਾਰਤ ਵੱਲੋਂ ਆਪਰੇਸ਼ਨ ਸੰਧੂਰ ਦੇ ਤਹਿਤ ਕੀਤੀ ਕਾਰਵਾਈ ਦੀ ਪ੍ਰਸ਼ੰਸਾ ਕੀਤੀ ਗਈ। ਇਸ ਤੋਂ ਪਹਿਲਾਂ ਸਮੂਹ ਮੈਂਬਰਾਂ ਨੇ ਦੋ ਮਿੰਟ ਦਾ ਮੌਨ ਰੱਖ ਕੇ ਪਹਿਲਗਾਮ ਹਮਲੇ ਵਿੱਚ ਮਾਰੇ ਗਏ ਲੋਕਾਂ ਦੀ ਆਤਮਾ ਦੀ ਸ਼ਾਂਤੀ ਦੇ ਲਈ ਪ੍ਰਾਰਥਨਾ ਕੀਤੀ, ਇਸ ਮੌਕੇ ਰੋਟਰੀ ਕਲੱਬ ਦੇ ਪ੍ਰਧਾਨ ਬਬਲੂ ਰਾਣਾ ਅਗੰਮਪੁਰ ਅਤੇ ਸਾਬਕਾ ਪ੍ਰਧਾਨ ਡਾਕਟਰ ਪੀਜੇਐਸ ਕੰਗ ਨੇ ਕਿਹਾ ਕਿ ਅਪ੍ਰੈਲ ਮਹੀਨੇ ਪਹਿਲਗਾਮ ਵਿਖੇ ਪਾਕਿਸਤਾਨ ਤੋਂ ਸਹਾਇਤਾ ਪ੍ਰਾਪਤ ਆਤੰਕਵਾਦੀਆਂ ਵੱਲੋਂ ਨਿਰਦੋਸ਼ ਲੋਕਾਂ ਨੂੰ ਮਾਰਿਆ ਗਿਆ ਸੀ ਜਿਸ ਦੇ ਨਾਲ ਸਾਰੇ ਹੀ ਭਾਰਤ ਵਾਸੀਆਂ ਦੇ ਹਿਰਦੇ ਵਲੂੰਦਰੇ ਗਏ ਸੀ ਅਤੇ ਹਰ ਭਾਰਤੀ ਦੇ ਮਨ ਵਿੱਚ ਪਾਕਿਸਤਾਨ ਖਿਲਾਫ ਗੁੱਸਾ ਭਰਿਆ ਹੋਇਆ ਸੀ। ਮੰਗਲਵਾਰ ਦੇਰ ਰਾਤ ਭਾਰਤ ਨੇ ਬਹੁਤ ਹੀ ਵਧੀਆ ਯੋਜਨਾਬੰਦ ਤਰੀਕੇ ਦੇ ਨਾਲ ਪਾਕਿਸਤਾਨ ਵਿੱਚ ਸਥਾਪਿਤ ਆਤਕਵਾਦੀ ਸਿਖਲਾਈ ਕੈਂਪਾਂ ਤੇ ਹਮਲਾ ਕੀਤਾ, ਜਿਸ ਦੀ ਅਸੀਂ ਸਾਰੇ ਹੀ ਪ੍ਰਸੰਸਾ ਕਰਦੇ ਹਾਂ, ਇਸ ਮੌਕੇ ਉਹਨਾਂ ਨੇ ਕਿਹਾ ਕਿ ਆਤਕਵਾਦੀ ਕੇਵਲ ਭਾਰਤ ਦੇ ਲਈ ਹੀ ਖਤਰਾ ਨਹੀਂ ਬਲਕਿ ਸਾਰੇ ਹੀ ਵਿਸ਼ਵ ਦੇ ਲਈ ਵੱਡਾ ਖਤਰਾ ਹੈ ਇਸ ਲਈ ਸਾਰਿਆਂ ਨੂੰ ਇਸ ਦੇ ਖਿਲਾਫ ਮਿਲ ਕੇ ਲੜਨਾ ਚਾਹੀਦਾ ਹੈ। ਇਸ ਮੌਕੇ ਜਸਵੀਰ ਜੱਸਾ, ਤਰਲੋਚਨ ਸਿੰਘ ਚੱਠਾ ਆਦਿ ਹਾਜ਼ਰ ਸਨ ।


