Home » ਪੰਜਾਬ » ਐਸੀ/ਬੀਸੀ ਮਹਾਂ ਪੰਚਾਇਤ ਪੰਜਾਬ ਦੇ ਆਗੂਆਂ ਦਾ ਵਫਦ ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਮਾਣਯੋਗ ਚੇਅਰਮੈਨ ਨੂੰ ਮਿਲਿਆ

ਐਸੀ/ਬੀਸੀ ਮਹਾਂ ਪੰਚਾਇਤ ਪੰਜਾਬ ਦੇ ਆਗੂਆਂ ਦਾ ਵਫਦ ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਮਾਣਯੋਗ ਚੇਅਰਮੈਨ ਨੂੰ ਮਿਲਿਆ

ਮੀਟਿੰਗ ‘ਚ ਜਾਅਲੀ ਜਾਤੀ ਸਰਟੀਫਿਕੇਟਾਂ ਅਤੇ ਹੋਰ ਕਈ ਘੁਟਾਲਿਆ ਸਬੰਧੀ ਉਠਾਏ ਮੁੱਦਿਆਂ ਤੇ ਐਸੀ ਕਮਿਸ਼ਨ ਲਵੇਗਾ ਜਲਦ ਐਕਸ਼ਨ : ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ

ਸਾਹਿਬਜ਼ਾਦਾ ਅਜੀਤ ਸਿੰਘ ਨਗਰ 4 ਮਾਰਚ (ਮੰਗਤ ਸਿੰਘ ਸੈਦਪੁਰ) : ਯੂ ਟੀ ਗੈਸਟ ਹਾਊਸ ਚੰਡੀਗੜ੍ਹ ਸੈਕਟਰ 6 ਵਿਖ਼ੇ ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਮਾਨਯੋਗ ਚੇਅਰਮੈਨ ਸ਼੍ਰੀ ਕਿਸ਼ੋਰ ਮਕਵਾਨਾ ਜੀ ਨੂੰ ਮਿਲਿਆ ਤੇ ਜਾਅਲੀ ਜਾਤੀ ਸਰਟੀਫਿਕੇਟ ਅਤੇ ਹੋਰ ਕਈ ਘੁਟਾਲਿਆ ਦੇ ਮੁਦਿਆਂ ਬਾਰੇ ਉਨਾਂ ਨੂੰ ਜਾਣਕਾਰੀ ਦਿੱਤੀ। ਮਾਨਯੋਗ ਚੇਅਰਮੈਨ ਅਤੇ ਉਹਨਾਂ ਨਾਲ ਆਏ ਅਮਲੇ ਨੇ ਸਾਰੀ ਜਾਣਕਾਰੀ ਨੂੰ ਧਿਆਨ ਪੂਰਵਕ ਸੁਣਿਆ ਤੇ ਜਲਦ ਕਾਰਵਾਈ ਕਰਨ ਦਾ ਭਰੋਸਾ ਦਿੱਤਾ। ਮੀਟਿੰਗ ਤੋਂ ਬਾਅਦ ਪ੍ਰੈਸ ਨਾਲ ਗੱਲਬਾਤ ਕਰਦਿਆਂ ਮੋਰਚਾ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੇ ਕਿਹਾ ਕਿ ਵਫਦ ਵਿੱਚ ਸ਼ਾਮਿਲ ਆਗੂਆਂ ਸਾਹਿਬਾਨ ਮਾਣਯੋਗ ਚੇਅਰਮੈਨ ਸਾਹਿਬ ਦਾ ਪੰਜਾਬ ਆਉਣ ਤੇ ਧੰਨਵਾਦ ਕਰਦੇ ਹਾਂ। ਉਹਨਾਂ ਨੇ ਦੱਸਿਆ ਕਿ ਚੇਅਰਮੈਨ ਸਾਹਿਬ ਕੋਲ 6 ਮੁੱਦਿਆਂ ‘ਤੇ ਗੱਲ ਕੀਤੀ ਹੈ। ਜਿਨਾਂ ਵਿੱਚ ਜਾਅਲੀ ਜਾਤੀ ਸਰਟੀਫਿਕੇਟਾਂ ਦਾ ਮਾਮਲਾ, ਪ੍ਰਧਾਨ ਮੰਤਰੀ ਯੋਜਨਾ ਅਧੀਨ ਗਰੀਬੀ ਰੇਖਾ ਤੋਂ ਥੱਲੇ ਵਾਲੇ ਲੋਕਾਂ ਲਈ ਕੱਚੇ ਮਕਾਨਾਂ ਨੂੰ ਪੱਕੇ ਕਰਨ ਦਾ ਮਾਮਲਾ, ਸ਼ਾਮਲਾਟ ਜਮੀਨਾਂ ਵਿੱਚ 1/3 ਹਿੱਸੇ ਦਾ ਮਾਲਕਾਨਾ ਹੱਕ ਮਿਲਣਾ, ਗਰੀਬੀ ਰੇਖਾ ਵਿੱਚ ਰਹਿ ਰਹੇ ਲੋਕਾਂ ਲਈ 10 ਲੱਖ ਬਣੇ ਮਕਾਨਾਂ ਵਿੱਚ ਹੋਏ ਘਪਲਿਆ ਬਾਰੇ, ਪੰਜਾਬ ਵਿੱਚ ਰਾਸ਼ਟਰੀ ਐਸਸੀ ਕਮਿਸ਼ਨ ਦੇ ਹੁਕਮਾਂ ਨੂੰ ਪੰਜਾਬ ਸਰਕਾਰ, ਪੰਜਾਬ ਪੁਲਿਸ ਅਤੇ ਉੱਚ ਅਧਿਕਾਰੀਆਂ ਵੱਲੋਂ ਨਾ ਮੰਨਣ ਦੇ ਮਾਮਲੇ ਅਤੇ ਪੰਜਾਬ ਵਿੱਚ ਨਰੇਗਾ ਤੇ ਮਨਰੇਗਾ ਸਕੀਮ ਵਿੱਚ ਹੋਏ ਬੜੇ ਘੁਟਾਲਿਆਂ ਦੀ ਜਾਣਕਾਰੀ ਦਿੱਤੀ ਹੈ। ਮਾਣਯੋਗ ਚੇਅਰਮੈਨ ਸਾਹਿਬ ਨੇ ਇਹਨਾਂ ਸਾਰੀਆਂ ਸ਼ਿਕਾਇਤਾਂ ਦਾ ਜਲਦ ਹੱਲ ਕਰਨ ਦਾ ਸਾਨੂੰ ਵਿਸ਼ਵਾਸ ਦਿਵਾਇਆ ਹੈ। ਖਾਸ ਗੱਲ ਇਹ ਹੈ ਕਿ ਐਸਸੀ/ਬੀਸੀ ਮਹਾਂ ਪੰਚਾਇਤ ਪੰਜਾਬ ਆਏ ਦਿਨ ਐਸਸੀ/ਬੀਸੀ ਸਮਾਜ ਦੇ ਮੁੱਦਿਆਂ ਨੂੰ ਉਠਾਉਂਦਾ ਰਹਿੰਦਾ ਹੈ। ਜਾਅਲੀ ਜਾਤੀ ਸਰਟੀਫਿਕੇਟ ਧਾਰਕਾਂ ਤੇ ਕਾਰਵਾਈ ਕਰਵਾਉਣ ਲਈ ਨਿਰੰਤਰ ਡੇਢ ਸਾਲ ਤੋਂ ਮੋਹਾਲੀ ਫੇਸ 7 ਦੀਆਂ ਲਾਈਟਾਂ ‘ਤੇ “ਰਿਜਰਵੇਸ਼ਨ ਚੋਰ ਫੜੋ ਮੋਰਚਾ” ਚੱਲ ਰਿਹਾ ਹੈ। ਵਫਦ ਵਿੱਚ ਸ਼ਾਮਿਲ ਮੋਰਚੇ ਦੀ ਸੀਨੀਅਰ ਆਗੂ ਅਮਨਪ੍ਰੀਤ ਕੌਰ ਰਾਇ ਨੇ ਕਿਹਾ ਕਿ ਚੇਅਰਮੈਨ ਸਾਹਿਬ ਨੇ ਸਾਰੀ ਗੱਲਬਾਤ ਧਿਆਨ ਨਾਲ ਸੁਣੀ। ਉਹਨਾਂ ਨੇ ਪੰਜਾਬ ਸਰਕਾਰ ਅਤੇ ਸੰਬੰਧਤ ਵਿਭਾਗਾਂ ਨੂੰ ਇਹਨਾਂ ਮੁੱਦਿਆਂ ਤੇ ਕਾਰਵਾਈ ਲਈ ਹਦਾਇਤਾਂ ਕਰਨ ਦਾ ਭਰੋਸਾ ਦਿੱਤਾ ਹੈ। ਸਾਨੂੰ ਚੇਅਰਮੈਨ ਸਾਹਿਬ ਉੱਤੇ ਪੂਰਨ ਵਿਸ਼ਵਾਸ ਹੈ ਕਿ ਉਹ ਜਲਦ ਤੋਂ ਜਲਦ ਸਾਡੀਆਂ ਮੁਸ਼ਕਿਲਾਂ ਦਾ ਹੱਲ ਕਰਨਗੇ। ਇਸ ਮੌਕੇ ਹਰਨੇਕ ਸਿੰਘ ਮਲੋਆ, ਮਾ. ਬਨਵਾਰੀ ਲਾਲ, ਪ੍ਰਿੰਸੀਪਲ ਸਰਬਜੀਤ ਸਿੰਘ, ਲਖਬੀਰ ਸਿੰਘ ਵਡਾਲਾ, ਰਘਵੀਰ ਸਿੰਘ ਬਡਲਾ, ਮਨਦੀਪ ਸਿੰਘ, ਗੌਰਵ ਕੁਮਾਰ, ਮਾ. ਪੁਸ਼ਪਿੰਦਰ ਕੁਮਾਰ, ਸੁਖਜੀਤ ਸਿੰਘ ਆਦਿ ਹਾਜ਼ਰ ਹੋਏ।

Leave a Reply

Your email address will not be published. Required fields are marked *