….ਅਪਰੇਸ਼ਨ (ਕਾਸੋ) ‘ਚ ਐਸਪੀ. (ਸ਼ਹਿਰੀ), 9 ਡੀਐਸ.ਪੀ., ਤਿੰਨ ਟ੍ਰੈਫ਼ਿਕ ਇੰਚਾਰਜ ਅਤੇ 254 ਪੁਲਿਸ ਮੁਲਾਜ਼ਮ ਸ਼ਾਮਲ…
ਸਾਹਿਬਜ਼ਾਦਾ ਅਜੀਤ ਸਿੰਘ ਨਗਰ 2 ਮਾਰਚ (ਮੰਗਤ ਸਿੰਘ ਸੈਦਪੁਰ/ਜੀਵਨ ਭਾਗੀ) : ਪੰਜਾਬ ‘ਦੇ 25 ਜ਼ਿਲ੍ਹਿਆਂ ਅਤੇ ਕਮਿਸ਼ਨਰੇਟ ਅਧੀਨ 228 ਸ਼ੱਕੀ ਇਲਾਕਿਆਂ ਵਿੱਚ ‘ਘੇਰਾਬੰਦੀ ਅਤੇ ਤਲਾਸ਼ੀ ਅਪਰੇਸ਼ਨ’ ਤਹਿਤ ਵਿਸ਼ੇਸ਼ ਚੈਕਿੰਗ ਮੁਹਿੰਮ ਉਲੀਕੀ ਗਈ ਹੈ। ਪੰਜਾਬ ਦੇ ਸੀਨੀਅਰ ਪੁਲਿਸ ਅਫ਼ਸਰਾਂ ਨੂੰ ਇਸ ਮੁਹਿੰਮ ਤਹਿਤ ਖੇਤਰ ਵਿਚ ਵੱਖ-ਵੱਖ ਥਾਂਵਾਂ ’ਤੇ ਅਗਵਾਈ ਅਤੇ ਨਿਗਰਾਨੀ ਕਰਨ ਦੀ ਜ਼ਿੰਮੇਵਾਰੀ ਸੋਂਪੀ ਗਈ ਹੈ। ਖਾਸ ਕਰਕੇ ਮੁਹਾਲੀ ਵਿਖੇ ਚਲਾਏ ਗਏ ਅਪਰੇਸ਼ਨ (ਕਾਸੋ) ਦੌਰਾਨ ਐਸਪੀ. (ਸ਼ਹਿਰੀ), 9 ਡੀਐਸ.ਪੀ., ਤਿੰਨ ਟ੍ਰੈਫ਼ਿਕ ਇੰਚਾਰਜ ਅਤੇ 254 ਬਾਕੀ ਪੁਲਿਸ ਮੁਲਾਜ਼ਮ ਸ਼ਾਮਲ ਸਨ। ਇਨ੍ਹਾਂ ਤੋਂ ਇਲਾਵਾ ਐੱਸਪੀ. (ਸ਼ਹਿਰੀ) ਹਰਵੀਰ ਸਿੰਘ ਅਟਵਾਲ, ਡੀ. ਐੱਸ. ਪੀ. ਖਰੜ ਕਰਨ ਸਿੰਘ ਸੰਧੂ, ਡੀ. ਐਸ. ਪੀ. ਮੋਹਿਤ ਅਗਰਵਾਲ ਅਤੇ ਇੰਸਪੈਟਰ ਅਮਨਦੀਪ ਸਿੰਘ ਸਮੇਤ ਹੋਰ ਅਧਿਕਾਰੀ ਵੀ ਸ਼ਾਮਲ ਹਨ। ਖਾਸ ਗੱਲ ਇਹ ਹੈ ਕਿ ਪੰਜਾਬ ਸਰਕਾਰ ਵੱਲੋਂ ਚਲਾਈ ਮੁਹਿੰਮ ‘ਯੁਧ ਨਸ਼ਿਆਂ ਵਿਰੁੱਧ’ ਤਹਿਤ ਨਸ਼ਿਆਂ ਨੂੰ ਜੜ੍ਹੋਂ ਖਤਮ ਕਰਨ ਲਈ ਬਣਾਈ ਰਣਨੀਤੀ ਤਹਿਤ ਮੁਹਾਲੀ ਵਿਖੇ ਸਪੈਸ਼ਲ ਡੀਜੀਪੀ. (ਕਾਨੂੰਨ ਅਤੇ ਵਿਵਸਥਾ) ਅਰਪਿਤ ਸ਼ੁਕਲਾ ਦੀ ਅਗਵਾਈ ਹੇਠ ਕੱਲ ਤੜਕਸਾਰ ਬਲੌਂਗੀ ਇਲਾਕੇ ’ਚ ਖਾਸ ਚੈਕਿੰਗ ਅਭਿਆਨ ਚਲਾਇਆ ਗਿਆ ਸੀ। ਇਸ ਸੰਬੰਧੀ ਵਿਸ਼ੇਸ਼ ਡੀਜੀਪੀ. ਅਨੁਸਾਰ ਇਸ ਤਲਾਸ਼ੀ ਅਭਿਆਨ ਵਿੱਚ ਵਿਸ਼ੇਸ਼ ਡੀਜੀਪੀ. ਸਮੇਤ ਡੀਆਈਜੀ. ਰੋਪੜ ਰੇਂਜ ਹਰਚਰਨ ਸਿੰਘ ਭੁੱਲਰ ਅਤੇ ਐਸਐਸਪੀ. ਮੁਹਾਲੀ ਦੀਪਕ ਪਾਰੀਕ ਵਲੋਂ ਸ਼ਮੂਲੀਅਤ ਕਰ ਬਲੌਂਗੀ ਵਿਖੇ ਇਕ 4 ਮੰਜ਼ਿਲਾ ਪੀ. ਜੀ. ਇਮਾਰਤ ਦੀ ਛਾਪੇਮਾਰੀ ਕੀਤੀ ਗਈ ਹੈ। ਡੀਜੀਪੀ.ਸ਼ੁਕਲਾ ਅਨੁਸਾਰ ਪੰਜਾਬ ਸਰਕਾਰ ਦੀਆਂ ਹਦਾਇਤਾਂ ’ਤੇ ਨਸ਼ਾ ਪੀੜਤਾਂ ਦੇ ਮੁੜ ਵਸੇਬੇ ਲਈੇ ਪੂਰਜੋਰ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਪੰਜਾਬ ’ਚ ਹੁਣ ਤੱਕ ਨਸ਼ਾ ਤਸਕਰਾਂ ਦੀ ਲਗਪਗ 600 ਕਰੋੜ ਰੁਪਏ ਦੀ ਜਾਇਦਾਦ ਨੂੰ ਜ਼ਬਤ ਕੀਤਾ ਗਿਆ। ਡੀਜੀਪੀ. ਅਰਪਿਤ ਸ਼ੁਕਲਾ ਨੇ ਸਰਹੱਦ ਪਾਰ ਤੋਂ ਆਉਂਦੇ ਨਸ਼ੇ ਦੀ ਖੇਪ ’ਤੇ ਕਾਬੂ ਪਾਉਣ ਸੰਬੰਧੀ ਪੱਤਰਕਾਰਾਂ ਵਲੋਂ ਪੁੱਛੇ ਸੁਆਲ ਦੇ ਜਵਾਬ ਦਿੰਦਿਆ ਕਿਹਾ ਕਿ ਸੂਬੇ ਦੇ 7 ਜ਼ਿਲ੍ਹੇ ਅੰਤਰ ਰਾਸ਼ਟਰੀ ਸਰਹੱਦ ਨਾਲ ਲਗਦੇ ਹਨ। ਜਿਨ੍ਹਾਂ ਦੀ 554 ਕਿਲੋਮੀਟਰ ਲੰਬਾਈ ਹੈ। ਉਨ੍ਹਾਂ ਵਧੇਰੀ ਜਾਣਕਾਰੀ ਦਿੰਦਿਆ ਕਿਹਾ ਕਿ ਪੰਜਾਬ ਸਰਕਾਰ ਵਲੋਂ ਸਰਹੱਦੀ ਇਲਾਕਿਆਂ ਦੀ ਸੀਸੀਟੀਵੀ. ਰਾਹੀਂ ਨਿਗਰਾਨੀ ਲਈ 40 ਕਰੋੜ ਦੀ ਰਾਸ਼ੀ ਦੀ ਮਨਜੂਰੀ ਦਿੱਤੀ ਗਈ ਹੈ ਅਤੇ ਪੰਜਾਬ ਪੁਲਿਸ ਵੱਲੋਂ ਸਰਹੱਦ ਪਾਰੋ ਡਰੋਨ ਜਾਂ ਹੋਰ ਕਿਸੇ ਤਰੀਕੇ ਰਾਹੀਂ ਨਸ਼ੇ ਦੀ ਆਮਦ ਨੂੰ ਰੋਕਣ ਲਈ ਬੀਐੱਸਐਫ. ਨਾਲ ਪੂਰਾ ਤਾਲਮੇਲ ਬਣਾਇਆ ਹੋਇਆ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਖ਼ਿਲਾਫ਼ ਇਹ ਮੁਹਿੰਮ ਨਿਰੰਤਰ ਜਾਰੀ ਰਹੇਗੀ ਜਦੋਂ ਤੱਕ ਕਿ ਪੰਜਾਬ ’ਚੋਂ ਨਸ਼ਿਆਂ ਦਾ ਖਾਤਮਾ ਨਹੀਂ ਹੋ ਜਾਂਦਾ। ਪੁਲਿਸ ਅਧਿਕਾਰੀਆਂ ਵਲੋਂ ਸਾਂਝੀ ਕੀਤੀ ਜਾਣਕਾਰੀ ਮੁਤਾਬਕ ਇਸ ਅਪਰੇਸ਼ਨ ਦੌਰਾਨ 12 ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਅਧੀਨ ਕਰਕੇ ਤਹਿਕੀਕਾਤ ਕੀਤੀ ਗਈ। ਜਦਕਿ ਕੁੱਲ 4 ਵਿਅਕਤੀਆਂ ਖ਼ਿਲਾਫ਼ ਐੱਨ. ਡੀਪੀਐੱਸ., ਐਕਸਾਈਜ਼ ਐਕਟ ਅਤੇ ਚੋਰੀ ਦੇ ਮੁਕੱਦਮੇ ਦਰਜ ਕੀਤੇ ਹਨ। ਪ੍ਰੰਤੂ ਇਸ ਤੋਂ ਇਲਾਵਾ ਪੁਲਿਸ ਮੁਲਾਜ਼ਮਾਂ ਵਲੋਂ ੲੈਤੀਆਦ ਵਰਤਦੇ ਅਨੇਕਾਂ ਸ਼ਰਾਰਤੀ ਅਨਸਰਾਂ ਤੋਂ ਪੁਛਗਿਛ ਕੀਤੀ ਜਾ ਰਹੀ ਹੈ। ਇਸ ਕਾਸੋ ਓਪਰੇਸ਼ਨ ਸੰਬੰਧੀ ਬਲੋਂਗੀ ਵਸਨੀਕਾਂ ਦਾ ਕਹਿਣਾ ਹੈ ਕਿ ਉਹ ਇਸ ਇਲਾਕੇ ਦੇ ਕੁਝ ਅਪਰਾਧਿਕ ਵਿਅਕਤੀਆਂ ਕਰਕੇ ਅਸੁਰੱਖਿਅਤ ਮਹਿਸੂਸ ਕਰਦੇ ਹਨ ਅਤੇ ਉਹ ਇਹ ਉਮੀਦ ਕਰਦੇ ਹਨ ਕਿ ਪੁਲਿਸ ਅਧਿਕਾਰੀ ਇਨ੍ਹਾਂ ਨਸ਼ਾ ਤਸਕਰਾਂ ਨੂੰ ਜੜ੍ਹ ਤੋਂ ਖਦੇੜਨ ਵਿਚ ਕਾਮਯਾਬ ਹੋਣਗੇ। ਖਾਸ ਗੱਲ ਇਹ ਹੈ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਨਸ਼ਿਆਂ ਤੋਂ ਮੁਕਤ ਕਰਾਉਣ ਲਈ ਚਲਾਈ ਮੁਹਿੰਮ ਦੀ ਆਮ ਲੋਕਾਂ ਵੱਲੋਂ ਵੱਡੇ ਪੱਧਰ ‘ਤੇ ਪ੍ਰਸ਼ੰਸ਼ਾ ਕੀਤੀ ਜਾ ਰਹੀ ਹੈ ਕਿਉਂਕਿ ਨਸ਼ਿਆਂ ਕਾਰਨ ਬਹੁਤ ਸਾਰੇ ਘਰ ਬਰਬਾਦ ਹੋ ਚੁੱਕੇ ਹਨ ਅਤੇ ਨੌਜਵਾਨਾਂ ਦੀਆਂ ਜਵਾਨੀਆਂ ਦਿਨੋ-ਦਿਨ ਖਤਮ ਹੋ ਰਹੀਆਂ ਹਨ। ਇਸ ਮੁਹਿੰਮ ਨੂੰ ਸਫਲ ਬਣਾਉਣ ਲਈ ਆਮ ਲੋਕਾਂ ਨੂੰ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਦਾ ਵੱਡੇ ਪੱਧਰ ਤੇ ਸਹਿਯੋਗ ਦੇਣਾ ਚਾਹੀਦਾ ਹੈ ਤਾਂ ਕਿ ਪੰਜਾਬ ਵਿੱਚ ਮੁੜ ਨਵਾਂ ਨਰੋਆ ਸਮਾਜ ਨਸ਼ਿਆਂ ਤੋਂ ਮੁਕਤ ਸਿਰਜਿਆ ਜਾ ਸਕੇ।


