ਸਾਹਿਬਜ਼ਾਦਾ ਅਜੀਤ ਸਿੰਘ ਨਗਰ 28 ਅਪ੍ਰੈਲ (ਮੰਗਤ ਸਿੰਘ ਸੈਦਪੁਰ) : ਪੰਜਾਬ ਸਟੇਟ ਕਰਾਈਮ ਵਲੋਂ ਦਰਜ ਕੀਤੇ ਪੰਜਾਬ ‘ਚ ਮਨੁੱਖੀ ਤਸਕਰੀ ਨਾਲ ਜੁੜੇ ਇਕ ਸੰਘੀਨ ਮਾਮਲੇ ਦੀ ਜਾਂਚ ਨੂੰ ਗੰਭੀਰਤਾ ਨਾਲ ਲੈਂਦਿਆਂ ਕੇਸ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ) ਦਾ ਗਠਨ ਕੀਤਾ ਗਿਆ ਹੈ। ਇਸ ਐਸ.ਆਈ ਟੀ. ਦੀ ਨਿਗਰਾਨੀ ਅੰਮ੍ਰਿਤਸਰ ਕਰਾਈਮ ਜੋਨ ਦੀ ਏ.ਆਈ.ਜੀ. ਰਿਚਾ ਅਗਨਿਹੋਤਰੀ ਨੂੰ ਸੌਂਪੀ ਗਈ ਜਦਕਿ ਟੀਮ ਵਿਚ ਅੰਮ੍ਰਿਤਸਰ ਕਰਾਈਮ ਜੋਨ ਦੇ ਇੰਸਪੈਕਟਰ ਜੋਰਾਵਰ ਸਿੰਘ ਅਤੇ ਮੁਹਾਲੀ ਸਟੇਟ ਕਰਾਈਮ ਜੋਨ ਦੀ ਇੰਸਪੈਕਟਰ ਗੀਤਾ ਨੂੰ ਸ਼ਾਮਲ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਖੂਫੀਆ ਏਜੰਸੀ ਵਲੋਂ 24 ਮਾਰਚ 2026 ਨੂੰ ਪੰਜਾਬ ਪੁਲਿਸ ਨਾਲ ਸਾਂਝੀ ਕੀਤੀ ਗਈ ਜਾਣਕਾਰੀ ਦੇ ਆਧਾਰ ’ਤੇ ਇਹ ਮਾਮਲਾ ਸਾਹਮਣੇ ਆਇਆ ਸੀ। ਇਸ ਤੋਂ ਬਾਅਦ 21 ਅਪ੍ਰੈਲ ਨੂੰ ਪੰਜਾਬ ਬਿਊਰੋ ਆਫ ਇਨਵੈਸਟੀਗੇਸ਼ਨ ਨੇ ਸਟੇਟ ਕਰਾਈਮ ਨੂੰ ਕੇਸ ਦਰਜ ਕਰਨ ਦੇ ਹੁਕਮ ਦਿੱਤੇ। ਜਿਸ ਉਪਰੰਤ ਪੰਜਾਬ ਸਟੇਟ ਕਰਾਈਮ ਵਲੋਂ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਜਾਂਚ ਸ਼ੁਰੂ ਕੀਤੀ ਗਈ। ਮੁੱਢਲੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਜਨਵਰੀ 2026 ਵਿਚ ਅੰਮ੍ਰਿਤਸਰ ਹਵਾਈ ਅੱਡੇ ਤੋਂ 14 ਭਾਰਤੀਆਂ ਨੂੰ ਬਿਨਾਂ ਵੈਧ ਵੀਜ਼ਾ ਦੇ ਯੂ.ਕੇ. ਭੇਜਿਆ ਗਿਆ ਸੀ। ਉੱਥੇ ਪਹੁੰਚਣ ਉਪਰੰਤ ਉਨ੍ਹਾਂ ਵਲੋਂ ਸ਼ਰਨ ਲਈ ਅਰਜ਼ੀਆਂ ਦਿੱਤੀਆਂ ਗਈਆਂ, ਜਿਸ ਕਾਰਨ ਇਹ ਪੂਰਾ ਮਾਮਲਾ ਸ਼ੱਕ ਦੇ ਘੇਰੇ ਵਿਚ ਆ ਗਿਆ। ਖੂਫੀਆ ਏਜੰਸੀ ਵਲੋਂ ਇਸ ਨੂੰ ਮਨੁੱਖੀ ਤਸਕਰੀ ਨਾਲ ਜੁੜਿਆ ਮਾਮਲਾ ਮੰਨਦੇ ਹੋਏ ਵਿਸਥਾਰਪੂਰਵਕ ਜਾਂਚ ਦੀ ਸਿਫਾਰਸ਼ ਕੀਤੀ ਗਈ ਸੀ। ਜਾਂਚ ਦੌਰਾਨ ਸਭ ਤੋਂ ਅਹਿਮ ਕੜੀ ਵਜੋਂ ਇਕ ਮੋਬਾਈਲ ਨੰਬਰ ਸਾਹਮਣੇ ਆਇਆ ਹੈ, ਜਿਸਦਾ ਇਸਤੇਮਾਲ 14 ਵਿਚੋਂ 10 ਯਾਤਰੀਆਂ ਦੀਆਂ ਟਿਕਟਾਂ ਬੁੱਕ ਕਰਨ ਲਈ ਕੀਤਾ ਗਿਆ ਸੀ। ਇਸ ਤੋਂ ਪੁਲਿਸ ਨੂੰ ਇਹ ਸੰਕੇਤ ਮਿਲੇ ਹਨ ਕਿ ਯਾਤਰੀਆਂ ਨੂੰ ਇਕ ਸੰਗਠਿਤ ਨੈੱਟਵਰਕ ਰਾਹੀਂ ਵਿਦੇਸ਼ ਭੇਜਿਆ ਗਿਆ ਹੋ ਸਕਦਾ ਹੈ। ਇਸ ਮਾਮਲੇ ਵਿਚ ਭਾਰਤੀ ਨਿਆਂ ਸੰਹਿਤਾ ਦੀ ਧਾਰਾ 143(3) ਅਤੇ ਪੰਜਾਬ ਪ੍ਰਿਵੇਂਸ਼ਨ ਆਫ ਹਿਊਮਨ ਸਮੱਗਲਿੰਗ ਐਕਟ 2012 ਦੀ ਧਾਰਾ 13(1) ਹੇਠ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੇਕਰ ਜਾਂਚ ਦੌਰਾਨ ਫਲਾਈਟ ਸਟਾਫ, ਟਰੈਵਲ ਏਜੰਟ ਜਾਂ ਹੋਰ ਕਿਸੇ ਵਿਅਕਤੀ ਦੀ ਭੂਮਿਕਾ ਸਾਹਮਣੇ ਆਉਂਦੀ ਹੈ ਤਾਂ ਉਨ੍ਹਾਂ ਖ਼ਿਲਾਫ਼ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਐਸ. ਆਈ. ਟੀ. ਵਲੋਂ ਇਸ ਮਾਮਲੇ ਨਾਲ ਜੁੜੇ ਪੂਰੇ ਨੈੱਟਵਰਕ ਦੀਆਂ ਕੜੀਆਂ ਜੋੜਨ ਲਈ ਵੱਖ-ਵੱਖ ਪੱਖਾਂ ਤੋਂ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਅਨੁਸਾਰ ਇਹ ਮਾਮਲਾ ਵੱਡੇ ਅੰਤਰਰਾਸ਼ਟਰੀ ਰੈਕਟ ਨਾਲ ਸੰਬੰਧਿਤ ਹੋ ਸਕਦਾ ਹੈ, ਜਿਸ ਦੀ ਗਹਿਰਾਈ ਨਾਲ ਜਾਂਚ ਜਾਰੀ ਹੈ।
Home
»
Uncategorized
»
ਪੰਜਾਬ ‘ਚ ਮਨੁੱਖੀ ਤਸਕਰੀ ਨਾਲ ਜੁੜੇ ਸੰਘੀਨ ਮਾਮਲੇ ਦੀ ਜਾਂਚ ਲਈ ਵਿਸ਼ੇਸ਼ ਜਾਂਚ ਐਸਆਈਟੀ ਦਾ ਕੀਤਾ ਗਠਨ…


