Home » ਪੰਜਾਬ » ਭਾਰਤ ਦਾ ਸੰਵਿਧਾਨ ਲਿਖਣ ਵਾਲੇ ਡਾ. ਭੀਮ ਰਾਓ ਅੰਬੇਦਕਰ ਦੇ ਬੁੱਤ ਨੂੰ ਤੋੜ੍ਹਨ ਦੀ ਕੋਸ਼ਿਸ ਫਿਰਕੂ ਸਾਜ਼ਿਸ ਦਾ ਹਿੱਸਾ : ਕੇਂਦਰੀ ਸਿੰਘ ਸਭਾ

ਭਾਰਤ ਦਾ ਸੰਵਿਧਾਨ ਲਿਖਣ ਵਾਲੇ ਡਾ. ਭੀਮ ਰਾਓ ਅੰਬੇਦਕਰ ਦੇ ਬੁੱਤ ਨੂੰ ਤੋੜ੍ਹਨ ਦੀ ਕੋਸ਼ਿਸ ਫਿਰਕੂ ਸਾਜ਼ਿਸ ਦਾ ਹਿੱਸਾ : ਕੇਂਦਰੀ ਸਿੰਘ ਸਭਾ

ਚੰਡੀਗੜ੍ਹ, 28 ਜਨਵਰੀ (ਮੰਗਤ ਸਿੰਘ ਸੈਦਪੁਰ/ਜੀਵਨ ਭਾਗੀ) :  ਅੰਮ੍ਰਿਤਸਰ ਦੇ ਹੈਰੀਟੇਜ ਮਾਰਕਿਟ ਵਿੱਚ ਸਥਾਪਤ ਡਾਕਟਰ ਭਾਮਰਾਓ ਅੰਬੇਦਕਰ ਦੇ ਬੁੱਤ ਨੂੰ ਤੋੜਨ ਅਤੇ ਸੰਵਿਧਾਨ ਦੀ ਕਿਤਾਬ ਨੂੰ ਅੱਗ ਲਾਉਣ ਦੀ ਘਟਨਾ ਸਿੱਖ ਪਛਾਣ ਨੂੰ ਬਦਨਾਮ ਕਰਨ ਅਤੇ ਪੰਜਾਬੀ ਸਮਾਜ ਨੂੰ ਖੰਡਤ ਕਰਨ ਦੀ ਵੱਡੀ ਫਿਰਕੂ ਸਾਜ਼ਿਸ ਹੈ। ਇਸ ਘਟਨਾ ਦੀ ਸਖ਼ਤ ਸ਼ਬਦਾਂ ਵਿੱਚ ਨਿਖਧੀ ਕਰਦਿਆਂ, ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਨਾਲ ਜੁੜ੍ਹੇ ਸਿੱਖ ਚਿੰਤਕਾਂ/ਬੁੱਧੀਜੀਵੀਆਂ ਨੇ ਕਿਹਾ ਕਿ ਇਸ ਘਟੀਆ ਵਰਤਾਰੇ ਨੂੰ ਅੰਜਾਮ ਦੇਣ ਲਈ ਜਾਣ-ਬੁੱਝ ਕੇ ਸਾਜ਼ਿਸਕਾਰਾਂ ਨੇ ਦਸਤਾਰਧਾਰੀ ਦਲਿਤ ਸਿੱਖ ਨੂੰ ਜਾਲ ਵਿੱਚ ਫਸਾਇਆ ਹੈ। ਜਿਸਨੇ ਦਿਨ-ਦਿਹਾੜੇ ਪੌੜੀ ਰਾਹੀ ਬੁੱਤ ਉੱਤੇ ਚੜਕੇ ਹਥੌੜੀ ਰਾਹੀ ਤੋੜਨ ਦੀ ਕੋਸ਼ਿਸ ਕੀਤੀ। ਸੰਵਿਧਾਨ ਨੂੰ ਲਾਗੂ ਕਰਨ ਵਾਲੇ 26 ਜਨਵਰੀ ਦੇ ਦਿਹਾੜੇ ’ਤੇ ਦੋਸ਼ੀ ਨੇ ਪਹਿਲਾਂ ਸੰਵਿਧਾਨ ਦੀ ਕਾਪੀ ਨੂੰ ਵੀ ਅਗਨ ਭੇਟ ਕੀਤਾ। ਇਸ ਘਟਨਾਕ੍ਰਮ ਦੇ ਪਿਛੇ ਫਿਰਕੂ ਤਾਕਤਾਂ ਦੇ ਹੱਥ ਹੋਣ ਦੀ ਪੁਸ਼ਟੀ ਭਾਜਪਾ ਦੇ ਸਾਬਕਾ ਕੇਂਦਰੀ ਮੰਤਰੀ ਦੇ ਬਿਆਨ ਤੋਂ ਵੀ ਹੁੰਦੀ ਹੈ ਕਿ ਉਸ ਨੇ ਜਾਣ-ਬੁੱਝ ਕੇ ਇਸ ਘਟਨਾ ਸੰਬਧੀ ਟਵੀਟ ਹਿੰਦੀ ਵਿੱਚ ਲਿਖਿਆ ਅਤੇ ਅਕਾਲ ਤਖ਼ਤ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਇਸ ਬਾਰੇ ਜਵਾਬਦੇਹੀ ਮੰਗੀ। ਜਦੋਂ ਸੋਸ਼ਲ ਮੀਡੀਆ ’ਤੇ ਉਕਤ ਘਟਨਾਂ ਨੂੰ ਜਾਣ-ਬੁੱਝ ਕੇ ਦਰਬਾਰ ਸਾਹਿਬ ਅਤੇ ਸਿੱਖਾਂ ਨਾਲ ਜੋੜਨ ਦੀ ਕੋਸ਼ਿਸ ਦਾ ਵਿਰੋਧ ਹੋਇਆ ਤਾਂ ਪੰਜਾਬ ਦੇ ਭਾਜਪਾ ਲੀਡਰ ਆਪਣਾ ਟਵੀਟ ਡਲੀਟ ਕਰ ਦਿੱਤਾ। ਅਸਲ ਵਿੱਚ, ਭਾਜਪਾ ਸਿੱਖ ਭਾਈਚਾਰੇ ਨਾਲੋਂ ਦਲਿਤਾਂ ਨੂੰ ਤੋੜ ਕੇ ਉਹਨਾਂ ਵਿੱਚ ਆਪਣੇ ਵੋਟ ਬੈਂਕ ਤਿਆਰ ਕਰਨਾ ਚਾਹੁੰਦੀ ਹੈ। ਪਿਛਲੇ ਸਾਲ ਮਈ 2024 ਦੀਆਂ ਪਾਰਲੀਮੈਂਟ ਚੋਣਾਂ ਵਿੱਚ ਵੀ ਭਾਜਪਾ ਨੇ ਕਿਸਾਨ ਯੂਨੀਅਨਾਂ ਨਾਲੋਂ ਦਲਿਤ ਤੋੜ੍ਹਕੇ, ਕਈ ਪਿੰਡ ਵਿੱਚ ਦਲਿਤਾਂ ਰਾਹੀ ਆਪਣੇ ਚੋਣ ਬੂਥ ਲਗਵਾਏ ਸਨ। ਇਸ ਤਰ੍ਹਾਂ ਧਰਮਕੋਟ ਦੇ ਵਾਸੀ ਤੇ, ਘਰੋ ਭੱਜੇ ਅਰਸ਼ਦੀਪ ਨਾਮ ਦੇ ਦਲਿਤ ਨੌਜਵਾਨ ਨੂੰ ਵਰਗਲਾਕੇ ਘਣਾਉਣੀ ਕਾਰਵਾਈ ਕਰਵਾਉਣਾ, ਸਿਆਸੀ ਸਾਜ਼ਿਸ਼ ਅਮਲੀ ਰੂਪ ਦੇਣਾ ਹੈ। ਉਸੇ ਭਾਜਪਾ ਲੀਡਰ ਨੇ ਕਈ ਸਾਲ ਪਹਿਲਾਂ ਦੁਆਬੇ ਦੇ ਗੁਰਦੁਆਰਾ ਤਲ੍ਹਣ ਸਾਹਿਬ ਵਿੱਚ ਪੈਦਾ ਹੋਏ ਵਿਵਾਦ ਨੂੰ ਫਿਰਕੂ ਰੰਗ ਦਿੱਤਾ ਅਤੇ ਤੋੜ ਭੰਨ ਕਰਵਾਈ ਸੀ। ਸਿੱਖਾਂ ਦੇ ਅਕਾਲ ਤਖ਼ਤ ਸਾਹਿਬ ਅਤੇ ਹੋਰ ਤਖ਼ਤ ਸਾਹਿਬ ਦੇ ਜਥੇਦਾਰ ਵੀ ਦਲਿਤ ਰਹੇ ਸਨ ਅਤੇ ਸਿੱਖਾਂ ਦੇ ਇਤਿਹਾਸਕ ਗੁਰਦੁਆਰਿਆਂ ਵਿੱਚ ਬਹੁਤੇ ਗ੍ਰੰਥੀ ਅਤੇ ਸਤਿਕਾਰਤ ਪ੍ਰਚਾਰਕ ਵੀ ਦਲਿਤ ਭਾਈਚਾਰੇ ਵਿੱਚੋਂ ਹੀ ਹਨ। ਡਾਕਟਰ ਭੀਮਰਾਓ ਅੰਬੇਦਕਰ ਖੁਦ ਵੀ ਸਿੱਖ ਧਰਮ ਦਾ ਸਰਧਾਲੂ ਸਨ। ਉਹ ਆਪ ਵੀ ਸੰਨ 1936 ਵਿੱਚ ਸਿੱਖ ਬਣਨਾ ਚਾਹੁੰਦੇ ਪਰ ਕਈ ਕਾਰਨਾ ਕਰਕੇ ਉਹ ਸਿੱਖ ਨਹੀਂ ਬਣ ਸਕੇ ਅਤੇ ਅਖੀਰ ਹਿੰਦੂ ਧਰਮ ਛੱਡ ਕੇ ਬੋਧੀ ਬਣ ਗਏ।
ਅਸੀਂ ਦਲਿਤਾਂ ਭਾਈਚਾਰੇ ਨੂੰ ਅਪੀਲ ਕਰਦੇ ਹਾਂ ਕਿ ਉਹ ਮੰਨੂਵਾਦੀ/ਜਾਤੀਪਾਤੀ ਹਿੰਦੂਤਵੀ ਤਾਕਤਾਂ ਤੋਂ ਸੁਚੇਤ ਰਹਿਣ ਜਿਹਨਾਂ ਨੇ ਦਲਿਤਾਂ/ਅਖੌਤੀ ਅਛੂਤਾਂ ਤੋਂ ਬਰਾਬਰ ਦੇ ਮਨੁੱਖ ਹੋਣ ਜਾ ਹੱਕ ਸਦੀਆਂ ਤੱਕ ਖੋਹੀ ਰੱਖਿਆ ਸੀ। ਹਿੰਦੂਤਵੀ ਤਾਕਤਾਂ ਜਾਤਪਾਤ ਨੂੰ ਮੁੜ੍ਹ ਪੱਕਾ ਕਰਨਾ ਚਾਹੁੰਦੀਆਂ ਹਨ, ਜਦੋਂ ਸਿੱਖ ਸਿਧਾਂਤ/ਫਲਸਫਾ ਸਮਾਜਕ ਬਰਾਬਰੀ/ਸਮਾਜਿਕ ਇਨਸਾਫ ਪ੍ਰਤੀ ਵਚਨਬੱਧ ਹੈ। ਇਸ ਸਾਂਝੇ ਬਿਆਨ ਵਿੱਚ ਪ੍ਰੋਫੈਸਰ ਸ਼ਾਮ ਸਿੰਘ (ਪ੍ਰਧਾਨ), ਪੱਤਰਕਾਰ ਜਸਪਾਲ ਸਿੰਘ ਸਿੱਧੂ, ਰਾਜਵਿੰਦਰ ਸਿੰਘ ਰਾਹੀ, ਗੁਰਪ੍ਰੀਤ ਸਿੰਘ (ਗਲੋਬਲ ਸਿੱਖ ਕੌਂਸਲ), ਸੁਰਿੰਦਰ ਸਿੰਘ ਕਿਸ਼ਨਪੁਰਾ ਅਤੇ ਡਾ. ਖੁਸ਼ਹਾਲ ਸਿੰਘ (ਜਨਰਲ ਸਕੱਤਰ) ਆਦਿ ਸ਼ਾਮਿਲ ਸਨ।

Leave a Reply

Your email address will not be published. Required fields are marked *