…ਕਿਸਾਨਾਂ ਦਾ ਸਾਲ 2024 ਆਪਣੀਆਂ ਮੰਗਾਂ ਮਨਵਾਉਣ ਲਈ ਬੀਤਿਆ ਸੜਕਾਂ ‘ਤੇ…
…ਖਾਲਸਾ ਪੰਥ ਦੀ ਸਰਵ ਉਚ ਅਦਾਲਤ ਸ਼੍ਰੀ ਅਕਾਲ ਤਖਤ ਵਿਖੇ ਸਜ਼ਾ ਭੁਗਤਣ ਦੌਰਾਨ ਸੁਖਬੀਰ ਬਾਦਲ ‘ਤੇ ਚੱਲੀ ਗੋਲੀ…
ਚੰਡੀਗੜ੍ਹ 2 ਜਨਵਰੀ (ਮੰਗਤ ਸਿੰਘ ਸੈਦਪੁਰ/ਜੀਵਨ ਕੁਮਾਰ ਭਾਗੀ) : ਪੰਜਾਬ ਹੀ ਨਹੀਂ ਸਗੋਂ ਦੇਸ਼ ਵਿਦੇਸ਼ਾਂ ਵਿੱਚ ਜਿਵੇਂ ਹੀ ਨਵੇਂ ਸਾਲ ਦੀ ਆਮਦ ਹੁੰਦੀ ਹੈ ਤਾਂ ਵੱਡੇ ਪੱਧਰ ਤੇ ਖੁਸ਼ੀਆਂ ਮਨਾਈਆਂ ਜਾਂਦੀਆਂ ਹਨ ਅਤੇ ਬੀਤੇ ਵਰ੍ਹੇ ਵਿੱਚ ਜੋ ਵੀ ਕੁਝ ਅਹਿਮ ਘਟਨਾਵਾਂ ਵਾਪਰਦੀਆਂ ਹਨ। ਉਹਨਾਂ ਦੀਆਂ ਯਾਦਾਂ ਨਵੇਂ ਵਰ੍ਹੇ ਵਿੱਚ ਵੀ ਰਹਿ ਜਾਂਦੀਆਂ ਹਨ। ਬੀਤੇ ਵਰ੍ਹੇ 2024 ਖਾਸ ਕਰਕੇ ਪੰਜਾਬੀਆਂ ਦੀਆਂ ਉਮੀਦਾਂ ਤੋਂ ਪਰ੍ਹੇ ਜੋ ਫ਼ੈਸਲੇ ਸੁਣਾਏ ਤਾਂ ਕਈ ਸਿਆਸੀ-ਕੂਟਨੀਤਿਕ, ਧਾਰਮਿਕ ਜਥੇਬੰਦੀਆਂ ਅਤੇ ਹਾਂ ਉਹ ਵਾਲੀ ਗੋਲੀ ਕਿਸਾਨਾਂ ਦੇ ਮਸਲੇ ਨੂੰ ਲੈ ਕੇ ਕੀਤੇ ਫ਼ੈਸਲਿਆਂ ਨੇ ਇਤਿਹਾਸ ਦੇ ਪੰਨਿਆਂ ਦੇ ਨਾਲ-ਨਾਲ ਪੰਜਾਬੀਆਂ ਦੇ ਦਿਲੋ-ਦਿਮਾਗ਼ ਉੱਤੇ ਛਾਪ ਛੱਡੀ। ਸਿੱਖ ਸਿਆਸਤ ਲਈ ਸਾਲ 2024 ਸਿੱਖ ਪੰਥ ਲਈ ਕਈ ਮਾਮਲਿਆਂ ਉੱਤੇ ਚੁਣੌਤੀਆਂ ਭਰਿਆ ਰਿਹਾ ਤੇ ਕਈਆਂ ਲਈ ਸਵਾਲਾਂ ਦੇ ਦਾਇਰੇ ‘ਚ ਖੜਾ ਕਰਨ ਵਾਲਾ ਵੀ ਰਿਹਾ। ਪੰਜਾਬੀਆਂ ਨੇ ਪੰਥਕ ਕਹਾਉਣ ਵਾਲੀ ਸਿਆਸੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਖੇਰੂੰ-ਖੇਰੂੰ ਹੁੰਦਿਆਂ ਦੇਖਿਆ ਤਾਂ ਇਹ ਪੰਜਾਬੀ ਹੀ ਸਨ ਜਿਨ੍ਹਾਂ ਚੋਂ ਇੱਕ ਵਰਗ ਦੀ ਅਕਾਲ ਤਖ਼ਤ ਦੇ ਫ਼ੈਸਲਿਆ ਖ਼ਿਲਾਫ਼ ਬਗਾਵਤ ਭਰਿਆ ਰਿਹਾ। 30 ਅਗਸਤ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਤਨਖ਼ਾਹੀਆ ਕਰਾਰ ਦਿੱਤਾ ਸੀ। 17 ਨਵੰਬਰ ਨੂੰ ਵਿਵਾਦਾਂ ਵਿੱਚ ਘਿਰੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਹਾਲਾਂਕਿ ਇਹ ਅਸਤੀਫ਼ਾ ਹਾਲੇ ਤੱਕ ਪਰਵਾਨ ਨਹੀਂ ਕੀਤਾ ਗਿਆ। 2 ਦਸੰਬਰ ਨੂੰ ਅਗਲੀ ਕਾਰਵਾਈ ਕਰਦਿਆਂ ਸੁਖਬੀਰ ਸਿੰਘ ਬਾਦਲ ਸਣੇ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰਾਂ ਅਤੇ ਸਾਲ 2015 ਵਿੱਚ ਜੋ ਆਗੂ ਕੈਬਨਿਟ ਮੈਂਬਰ ਰਹੇ ਹਨ, ਉਨ੍ਹਾਂ ਨੂੰ ਅਕਾਲ ਤਖ਼ਤ ਵਲੋਂ ਧਾਰਮਿਕ ਸਜ਼ਾ ਲਗਾਈ ਹੈ। ਇਸੇ ਦੌਰਾਨ ਸੂਬੇ ਦੇ ਸਭ ਤੋਂ ਲੰਬਾ ਸਮਾਂ ਮੁੱਖ ਮੰਤਰੀ ਰਹੇ ਅਕਾਲੀ ਦਲ ਦੇ ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੂੰ ਦਿੱਤਾ ਗਿਆ ਫਖ਼ਰ-ਏ-ਕੌਮ ਦਾ ਖ਼ਿਤਾਬ ਵਾਪਸ ਲੈ ਲਿਆ ਗਿਆ। ਜ਼ਿਕਰਯੋਗ ਹੈ, ਪ੍ਰਕਾਸ਼ ਸਿੰਘ ਬਾਦਲ ਨੂੰ 5 ਦਸੰਬਰ 2011 ਨੂੰ ਫ਼ਖ਼ਰ-ਏ-ਕੌਮ ਨਾਲ ਸਨਮਾਨਿਤ ਕੀਤਾ ਗਿਆ ਸੀ। 4 ਦਸੰਬਰ ਨੂੰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਦਰਸ਼ਨੀ ਡਿਊਢੀ ਦੇ ਬਾਹਰ ਸੁਖਬੀਰ ਸਿੰਘ ਬਾਦਲ ਉੱਤੇ ਜਾਨਲੇਵਾ ਹਮਲੇ ਦੀ ਕੋਸ਼ਿਸ਼ ਕੀਤੀ ਗਈ। ਜਦੋਂ ਹਮਲਾ ਹੋਇਆ ਉਸ ਸਮੇਂ ਸੁਖਬੀਰ ਸਿੰਘ ਬਾਦਲ ਅਕਾਲ ਤਖ਼ਤ ਸਾਹਿਬ ਵੱਲੋਂ ਲਗਾਈ ਗਈ ਧਾਰਮਿਕ ਸਜ਼ਾ ਭੁਗਤ ਰਹੇ ਸਨ ਅਤੇ ਦਰਸ਼ਨੀ ਡਿਊਢੀ ਦੇ ਬਾਹਰ ਸੇਵਾਦਾਰ ਦਾ ਚੋਲ਼ਾ ਪਾ ਕੇ ਬਰਛਾ ਲੈ ਕੇ ਪਹਿਰਾ ਦੇ ਰਹੇ ਸਨ। ਗੋਲ਼ੀ ਚਲਾਉਣ ਵਾਲੇ ਸ਼ਖਸ ਨਰਾਇਣ ਸਿੰਘ ਚੌੜਾ ਨੂੰ ਮੌਕੇ ‘ਤੇ ਹੀ ਪੁਲਿਸ ਵਲੋਂ ਕਾਬੂ ਕਰ ਲਿਆ ਗਿਆ ਸੀ।ਇਸੇ ਸਾਲ ਸ਼੍ਰੋਮਣੀ ਅਕਾਲੀ ਦਲ ਅੰਦਰਲੀ ਪਾਰਟੀ ਆਗੂਆਂ ਦੀ ਬਗ਼ਾਵਤ ਵੀ ਖੁੱਲ੍ਹ ਕੇ ਸਾਹਮਣੇ ਆਈ ਅਤੇ ਅਕਾਲ ਤਖ਼ਤ ਵੱਲੋਂ ਸਾਰੀਆਂ ਬਾਗ਼ੀ ਧਿਰਾਂ ਨੂੰ ਇੱਕਮੁੱਠ ਹੋਣ ਨੂੰ ਵੀ ਕਿਹਾ ਗਿਆ। ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੀ ਇਸ ਸਾਲ ਵਿਵਾਦਾਂ ਵਿੱਚ ਘਿਰੇ ਰਹੇ। ਕਈ ਅਕਾਲੀ ਆਗੂਆਂ ਵੱਲੋਂ ਉਨ੍ਹਾਂ ਉਪਰ ਵੱਖ-ਵੱਖ ਇਲਜ਼ਾਮ ਵੀ ਲਗਾਏ ਗਏ। ਇਸ ਬਾਰੇ ਗਿਆਨੀ ਹਰਪ੍ਰੀਤ ਸਿੰਘ ਨੇ ਸਪੱਸ਼ਟੀਕਰਨ ਦਿੰਦਿਆਂ ਇਹ ਵੀ ਕਿਹਾ ਸੀ ਕਿ ਉਨ੍ਹਾਂ ਦੇ ਕਿਰਦਾਰਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। 19 ਦਸੰਬਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਵਿੱਚ ਵਿੱਚ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਥਾਂ ਉਥੋਂ ਦੇ ਹੈੱਡ ਗ੍ਰੰਥੀ ਨੂੰ ਨਿਸ਼ਚਿਤ ਸਮੇਂ ਲਈ ਜਥੇਦਾਰ ਦੇ ਅਧਿਕਾਰ ਦਿੱਤੇ ਗਏ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਅਕਾਲੀ ਆਗੂ ਬੀਬੀ ਜਗੀਰ ਕੌਰ ਬਾਰੇ ਬੋਲੇ ਗਏ ਅਪਸ਼ਬਦਾਂ ਬਦਲੇ ਮੁਆਫ਼ੀ ਮੰਗੀ। ਇਸ ਮਸਲੇ ਉੱਤੇ ਉਨ੍ਹਾਂ ਨੂੰ ਪੰਜਾਬ ਦੇ ਮਹਿਲਾ ਕਮਿਸ਼ਨ ਵੱਲੋਂ ਤਲਬ ਵੀ ਕੀਤਾ ਗਿਆ। 26 ਨਵੰਬਰ, 2024 ਨੂੰ ਖਨੌਰੀ ਬਾਰਡਰ ਉੱਤੇ ਮਰਨ ਵਰਤ ਉੱਤੇ ਬੈਠੇ ਪੰਜਾਬ ਦੇ ਵੱਡੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨਵਾਂ ਸਾਲ ਧਰਨਾ ਸਥਲ ਉੱਤੇ ਆਪਣੇ ਸਾਥੀਆਂ ਨਾਲ ਹੀ ਚੜਾ ਰਹੇ ਹਨ। ਫ਼ਰੀਦਕੋਟ ਦੇ ਪਿੰਡ ਡੱਲੇਵਾਲ ਦੇ ਵਾਸੀ 70 ਸਾਲਾ ਜਗਜੀਤ ਸਿੰਘ ਕੈਂਸਰ ਤੋਂ ਪੀੜਤ ਹਨ। ਐੱਮਐੱਸਪੀ ਦੀ ਕਾਨੂੰਨੀ ਗਾਰੰਟੀ ਦੀ ਮੰਗ ਸਣੇ ਹੋਰ ਕਿਸਾਨੀ ਮੰਗਾਂ ਨੂੰ ਲੈ ਕੇ ਫ਼ਰਵਰੀ 2024 ਤੋਂ ਪੰਜਾਬ ਤੋਂ ਦਿੱਲੀ ਨੂੰ ਆਉਂਦੇ ਬਾਰਡਰਾਂ ਖਨੌਰੀ ਅਤੇ ਸ਼ੰਭੂ ਉੱਤੇ ਕਿਸਾਨ ਲਗਾਤਾਰ ਧਰਨਾ ਲਾਈ ਬੈਠੇ ਹਨ। ਇਸ ਧਰਨੇ ਦੀ ਅਗਵਾਈ ਸੰਯੁਕਤ ਕਿਸਾਨ ਮੋਰਚਾ (ਗ਼ੈਰ-ਰਾਜਨੀਤਿਕ) ਅਤੇ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਕੀਤੀ ਜਾ ਰਹੀ ਹੈ। ਮੁਜ਼ਾਹਰਾਕਾਰੀ ਕਿਸਾਨਾਂ ਵਲੋਂ ਪਹਿਲਾਂ 13 ਫ਼ਰਵਰੀ ਅਤੇ ਫ਼ਿਰ ਦਸੰਬਰ ਮਹੀਨੇ ਤਿੰਨ ਵਾਰ ਦਿੱਲੀ ਕੂਚ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਹਰਿਆਣਾ ਪੁਲਿਸ ਵੱਲੋਂ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕੀਤੇ ਗਏ ਸਨ। ਹਰਿਆਣਾ ਪੁਲਿਸ ਨੇ ਬੈਰੀਕੇਡਾਂ, ਹੰਝੂ ਗੈਸ ਅਤੇ ਪਾਣੀ ਦੀਆਂ ਬੁਛਾੜਾਂ ਦੀ ਮਦਦ ਨਾਲ ਕਿਸਾਨਾਂ ਦੀ ਦਿੱਲੀ ਆਉਣ ਦੀ ਕੋਸ਼ਿਸ਼ ਨੂੰ ਹਰ ਵਾਰ ਨਾਕਾਮ ਕਰ ਦਿੱਤਾ ਸੀ।ਇਸ ਸਾਲ ਕੇਂਦਰ ਵਿੱਚ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਐੱਨਡੀਏ ਸਰਕਾਰ ਨੇ ਮੁੜ ਦੇਸ਼ ਦੀ ਕਮਾਨ ਸੰਭਾਲੀ। ਪਰ ਪੰਜਾਬ ਵਿੱਚ ਲੋਕ ਸਭਾ ਚੋਣਾਂ ਦੇ ਨਤੀਜੇ ਬੇਹੱਦ ਹੈਰਾਨ ਕਰਨ ਵਾਲੇ ਰਹੇ। ਕਾਂਗਰਸ ਨੇ 7 ਸੀਟਾਂ ਉੱਤੇ ਜਿੱਤ ਦਰਜ ਕਰਵਾਈ ਤੇ ਸੂਬੇ ਵਿੱਚ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਹਿੱਸੇ 3 ਸੀਟਾਂ ਆਈਆਂ। ਇਨ੍ਹਾਂ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਮਹਿਜ਼ ਇੱਕ ਬਠਿੰਡਾ ਸੀਟ ਉੱਤੇ ਜਿੱਤ ਦਰਜ ਕਰਵਾ ਸਕਿਆ। ਪੰਥਕ ਕਹੇ ਜਾਂਦੇ ਅਕਾਲੀ ਦਲ ਨੂੰ ਨਕਾਰਨ ਵਾਲੇ ਵੋਟਰਾਂ ਨੇ ਚੋਣਾਂ ਵਿੱਚ ਡਿਬਰੂਗੜ੍ਹ ਜੇਲ੍ਹ ਤੋਂ ਅਜ਼ਾਦ ਚੋਣ ਲੜਨ ਵਾਲੇ ਖ਼ਾਲਿਸਤਾਨ ਹਮਾਇਤੀ ਅਮ੍ਰਿਤਪਾਲ ਸਿੰਘ ਪੰਜਾਬ ਵਿੱਚ ਸਭ ਤੋਂ ਵੱਡੀ ਲੀਡ ਨਾਲ ਜੇਤੂ ਰਹੇ ਸਨ। ਉਹ ਇਹ ਚੋਣ 1 ਲੱਖ 97 ਹਜ਼ਾਰ 120 ਵੋਟਾਂ ਦੇ ਵੱਡੇ ਫ਼ਰਕ ਨਾਲ ਜਿੱਤੇ ਹਨ।ਫ਼ਰੀਦਕੋਟ ਲੋਕ ਸਭਾ ਹਲਕੇ ਤੋਂ ਅਜ਼ਾਦ ਚੋਣ ਲੜਨ ਵਾਲੇ ਸਰਬਜੀਤ ਸਿੰਘ ਖਾਲਸਾ 70 ਹਜ਼ਾਰ 53 ਵੋਟਾਂ ਦੇ ਫ਼ਰਕ ਨਾਲ ਜੇਤੂ ਐਲਾਨਿਆ ਗਿਆ।ਜਿਨਾਂ ਵਿੱਚ ਖਾਸ ਕਰਕੇ ਭਾਰਤ ਕੈਨੇਡਾ ਸਬੰਧਾਂ ਦਰਮਿਆਨ ਬਣਿਆ ਤਣਾਅ ਹੋਵੇ ਜਾਂ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਖ਼ਿਲਾਫ਼ ਖਾਲਸਾ ਪੰਥ ਦੀ ਸਰਬਉੱਚ ਅਦਾਲਤ ਸ਼੍ਰੀ ਅਕਾਲ ਤਖ਼ਤ ਦਾ ਫ਼ੈਸਲਾ ਹੋਵੇ। ਇਹ ਸਭ ਦਾ ਪੰਜਾਬ ਵਾਸੀਆਂ ਉੱਤੇ ਅਸਰਦਾਰ ਰਿਹਾ। ਕਿਸਾਨੀ ਨਾਲ ਜੁੜੀਆਂ ਮੰਗਾਂ ਪੂਰੀਆਂ ਹੋਣ ਦੀ ਆਸ ਵਿੱਚ ਸੂਬੇ ਦੇ ਸੈਂਕੜੇ ਕਿਸਾਨਾਂ ਨੇ 2024 ਦਾ ਹਾੜ ਅਤੇ ਸਿਆਲ ਸੜਕਾਂ ‘ਤੇ ਬੀਤਾਇਆ ਤੇ ਅਖਾੜਿਆਂ ਦੇ ਸੂਬੇ ਪੰਜਾਬ ਸਿਰ ਇਲਜ਼ਾਮ ਆਇਆ ਕਿ ਇਥੇ ਹਾਲੇ ਲਾਈਵ ਕੰਸਰਟ ਦਾ ਮਾਹੌਲ ਨਹੀਂ ਹੈ। ਖਾਸ ਗੱਲ ਇਹ ਹੈ ਕਿ ਪੰਜਾਬ ਨਾਲ ਕੁਝ ਅਜਿਹੇ ਅਣਕਿਆਸੇ ਮਸਲੇ ਜੁੜੇ ਜਿਨ੍ਹਾਂ ਦਾ ਅਸਰ ਸੂਬੇ ਦੇ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਵਰਤਾਰੇ ਉੱਤੇ ਸਦਾ ਰਹੇਗਾ। ਪੰਜਾਬ ਤੋਂ ਕੈਨੇਡਾ ਦਾ ਜਾਣ ਦਾ ਜ਼ਿਕਰ ਕੀਤਾ ਜਾਵੇ ਤਾਂ ਪੰਜਾਬ ਤੋਂ ਕੈਨੇਡਾ ਵਿੱਚ ਸਭ ਤੋਂ ਵੱਧ ਪਰਵਾਸ ਕੈਨੇਡਾ ਨੂੰ ਹੀ ਹੁੰਦਾ ਹੈ। ਪਰ ਸਾਲ 2023 ਭਾਰਤ ਤੇ ਕੈਨੇਡਾ ਦਰਮਿਆਨ ਤਲਖ਼ੀਆਂ ਭਰਿਆ ਵਰ੍ਹਾ ਰਿਹਾ ਹੈ। ਇਸ ਦੌਰਾਨ ਕੈਨੇਡਾ ਨੇ ਕੌਮਾਂਤਰੀ ਵਿਦਿਆਰਥੀ ਨਿਯਮਾਂ ਸਣ। ਵੀਜ਼ਾ ਨੀਤਿਆਂ ਵਿੱਚ ਕਈ ਬਦਲਾ ਕੀਤੇ। ਜਿਨ੍ਹਾਂ ਦਾ ਅਸਰ ਪੰਜਾਬ ਤੋਂ ਕੈਨੇਡਾ ਜਾਣ ਦੇ ਚਾਹਵਾਨਾਂ ਉੱਤੇ ਪਿਆ । ਕੈਨੇਡਾ ਨੇ ਕੌਮਾਂਤਰੀ ਵਿਦਿਆਰਥੀਆਂ ਦੇ ਸਲਾਨਾ ਕੋਟੇ ਵਿੱਚ ਵੱਡੀ ਕਟੌਤੀ ਕੀਤੀ ਹੈ। ਜਿਸ ਦਾ ਅਸਰ ਕੈਨੇਡਾ ਪੜ੍ਹਨ ਦੀ ਇੱਛਾ ਰੱਖਣ ਵਾਲੇ ਪੰਜਾਬੀ ਵਿਦਿਆਰਥੀਆਂ ਉੱਤੇ ਪੈਣਾ ਸੁਭਾਵਿਕ ਹੈ। ਕੈਨੇਡਾ ਵੱਲੋਂ ਜਾਰੀ ਕੀਤੇ ਗਏ 2025-2027 ਇਮੀਗ੍ਰੇਸ਼ਨ ਲੈਵਲ ਪਲਾਨਜ਼ ਮੁਤਾਬਕ 2025, 2026 ਅਤੇ 2027 ਲਈ ਕੈਨੇਡਾ ‘ਚ ਅਸਥਾਈ ਵਸਨੀਕਾਂ ਦਾ ਟੀਚਾ 6 ਲੱਖ 73 ਹਜ਼ਾਰ 650 ਮਿੱਥਿਆ ਗਿਆ ਹੈ। ਇਸ ਦੇ ਨਾਲ ਹੀ ਕੌਮਾਂਤਰੀ ਵਿਦਿਆਰਥੀਆਂ ਦੀ ਗਿਣਤੀ ਨੂੰ ਘਟਾ ਕੇ ਪ੍ਰਤੀ ਸਾਲ 3,05,900 ਕਰ ਦਿੱਤਾ ਸੀ। ਇਸੇ ਸਾਲ ਨਵੰਬਰ ਮਹੀਨੇ ਵਿੱਚ ਕੈਨੇਡਾ ਨੇ ਕੌਮਾਂਤਰੀ ਵਿਦਿਆਰਥੀਆਂ ਦੇ ਵੀਜ਼ਿਆਂ ਦੇ ‘ਫਾਸਟ ਟ੍ਰੈਕ ਪ੍ਰੋਸੈਸਿੰਗ’ ਲਈ ਲਿਆਂਦਾ ਗਿਆ ਪ੍ਰੋਗਰਾਮ ‘ਸਟੂਡੈਂਟ ਡਾਇਰੈਕਟ ਸਟ੍ਰੀਮ’ ਬੰਦ ਕਰ ਦਿੱਤਾ ਸੀ। ਵੱਡੀ ਗਿਣਤੀ ਪੰਜਾਬੀ ਵਿਦਿਆਰਥੀ ਹਰ ਸਾਲ ਸਟੱਡੀ ਵੀਜ਼ਾ ਜ਼ਰੀਏ ਕੈਨੇਡਾ ਜਾਂਦੇ ਹਨ ਪਰ ਉਨ੍ਹਾਂ ਦਾ ਸੁਫ਼ਨਾ ਉੱਥੇ ਪੜ੍ਹਾਈ ਤੋਂ ਬਾਅਦ ਪੀਆਰ ਹਾਸਲ ਕਰਨਾ ਹੁੰਦਾ ਹੈ। ਪਰ ਕੈਨੇਡਾ ਦੇ ਹਾਲ ਦੇ ਫ਼ੈਸਲਿਆਂ ਨੇ ਇਸ ਸੁਫ਼ਨੇ ਨੂੰ ਧੁੰਦਲਾ ਕੀਤਾ ਹੈ। ਦੋਵਾਂ ਮੁਲਕਾਂ ਦਰਮਿਆਨ ਤਲਖ਼ੀਆਂ ਦਾ ਮੁੱਢ ਦਾ ਸਾਲ 2023 ਦੀ ਸ਼ੁਰੂਆਤ ਵਿੱਚ ਉਸ ਸਮੇਂ ਬੱਝ ਗਿਆ ਸੀ ਜਦੋਂ ਅਜਿਹੀਆਂ ਕਈ ਘਟਨਾਵਾਂ ਸਾਹਮਣੇ ਆਈਆਂ ਸਨ, ਜਿਨ੍ਹਾਂ ਵਿੱਚ ਕਥਿਤ ਵੱਖਵਾਦੀ ਸਮੂਹਾਂ ਨੇ ਜਨਤਕ ਤੌਰ ‘ਤੇ ਕੈਨੇਡਾ ਵਿੱਚ ਗਤੀਵਿਧੀਆਂ ਨੂੰ ਅੰਜਾਮ ਦਿੱਤਾ ਸੀ। ਹਾਲਾਂਕਿ ਭਾਰਤ ਸਰਕਾਰ ਨੇ ਸਮੇਂ-ਸਮੇਂ ਕੈਨੇਡਾ ਨੂੰ ਅਜਿਹੇ ਵਰਤਾਰੇ ਨੂੰ ਥਾਂ ਨਾ ਦੇਣ ਦੀ ਸਲਾਹ ਦਿੰਦਿਆਂ ਸਖ਼ਤ ਪ੍ਰਤੀਕਿਰਿਆ ਦਰਜ ਕਰਵਾਈ। ਪਰ ਖਾਲਿਸਤਾਨ ਪੱਖੀ ਹਰਜੀਤ ਸਿੰਘ ਨਿੱਝਰ ਦਾ ਕੈਨੇਡਾ ਦੀ ਧਰਤੀ ਉੱਤੇ ਕਤਲ ਭਾਰਤ-ਕੈਨੇਡਾ ਸਬੰਧਾਂ ਵਿੱਚ ਤਣਾਅ ਦਾ ਇੱਕ ਵੱਡਾ ਕਾਰਨ ਬਣ ਕੇ ਸਾਹਮਣੇ ਆਇਆ। 18 ਜੂਨ, 2023 ਦੀ ਰਾਤ ਨੂੰ ਸਰੀ ਦੇ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਵਿੱਚ ਖਾਲਿਸਤਾਨ ਹਮਾਇਤੀ 45 ਸਾਲਾ ਹਰਦੀਪ ਸਿੰਘ ਨਿੱਝਰ ਦਾ ਕਤਲ ਹੋਇਆ ਸੀ। ਨਿੱਝਰ ਕਈ ਮਾਮਲਿਆਂ ਵਿੱਚ ਭਾਰਤ ਸਰਕਾਰ ਨੂੰ ਲੋੜੀਂਦੇ ਸਨ। 20 ਜੂਨ ਨੂੰ ਕੈਨੇਡਾ ਦੇ ਹਾਊਸ ਆਫ਼ ਕਾਮਨਜ਼ (ਸੰਸਦ) ਵਿੱਚ ਬੋਲਦਿਆਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਕਤਲ ਕੇਸ ਨਾਲ ਭਾਰਤ ਦਾ ਨਾਂ ਜੋੜਿਆ ਸੀ। ਹਾਲਾਂਕਿ ਭਾਰਤ ਨੇ ਲਾਗਤਾਰ ਉਸ ਉੱਤੇ ਲੱਗੇ ਇਲਜ਼ਾਮਾਂ ਨੂੰ ਬੇਬੁਨਿਆਦ ਕਰਾਰ ਦਿੱਤਾ। ਇਸ ਪ੍ਰਤੀ ਜਾਣਕਾਰੀ ਰੱਖਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਕੈਨੇਡਾ ਜਾਣ ਲਈ ਸਖ਼ਤ ਰੁਖ਼ ਨੇੜਲੇ ਭਵਿੱਖ ਵਿੱਚ ਨਰਮ ਹੋਣ ਦੀ ਸੰਭਾਵਨਾ ਬਹੁਤ ਘੱਟ ਹੈ ਤੇ ਕੂਟਨੀਤਿਕ ਤਲਖ਼ੀਆਂ ਲਈ ਦੋਵਾਂ ਮੁਲਕਾਂ ਨੂੰ ਆਪਸੀ ਸਹਿਯੋਗੀ ਦੀ ਰਾਹ ‘ਤੇ ਤੁਰਨ ਦੀ ਲੋੜ ਹੈ। ਕੈਨੇਡਾ ਦੀਆਂ ਬਦਲੀਆਂ ਨੀਤੀਆਂ ਖ਼ਿਲਾਫ਼ ਵੱਡੀ ਗਿਣਤੀ ਵਿਦਿਆਰਥੀ ਤੇ ਅਸਥਾਈ ਕਾਮੇ ਧਰਨਾ ਵੀ ਦੇ ਰਹੇ ਹਨ। ਸਾਲ 2024 ਵਿੱਚ ਜਿਹੜੀਆਂ ਘਟਨਾਵਾਂ ਸਿਆਸਤ ਧਾਰਮਿਕ ਅਤੇ ਸਮਾਜਿਕ ਪੱਖੋਂ ਵਾਪਰੀਆਂ ਹਨ ਉਹ ਆਉਣ ਵਾਲੇ ਕਈ ਸਾਲਾਂ ਤੱਕ ਯਾਦ ਰਹਿਣਗੀਆਂ ਪਰੰਤੂ ਸਾਲ 2025 ਲਈ ਸੁਨਹਿਰੀ ਭਵਿੱਖ ਬਣਾਉਣ ਲਈ ਸਹਾਈ ਹੋਵੇ ਅਤੇ ਖੁਸ਼ੀਆਂ ਖੇੜਿਆਂ ਨੂੰ ਨਾਲ ਭਰਿਆ ਰਹੇ।


