ਸਮਰਾਲਾ, 5 ਅਕਤੂਬਰ (ਸੁਰਜੀਤ ਸਿੰਘ) ਜੇਕਰ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਵਿਚ ਅਗਲੀ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਮੁੜ ਸਰਕਾਰ ਬਣਾਉਣ ਦੀ ਸੋਚ ਰਹੀ ਹੈ ਤਾਂ ਉਹ ਭੁੱਲ ਜਾਵੇ। ਕਿਉਂਕਿ ਜਿਸ ਢੰਗ ਨਾਲ ਉਸਨੇ ਸਰਕਾਰੀ ਮੁਲਾਜ਼ਮਾਂ, ਪੈਨਸ਼ਨਰਾਂ, ਕਿਸਾਨਾਂ, ਠੇਕਾ ਅਧਾਰਤ ਮੁਲਾਜ਼ਮਾਂ ਸਮੇਤ ਵੱਖ ਵੱਖ ਤਬਕਿਆਂ ਨਾਲ ਪੰਗਾ ਲੈਕੇ ਉਹਨਾਂ ਨੂੰ ਨਰਾਜ਼ ਕੀਤਾ ਹੋਇਆ ਤਾਂ ਚੋਣਾਂ ਵਿਚ ਉਹ ਸਾਰੇ ਆਮ ਆਦਮੀ ਪਾਰਟੀ ਦੇ ਖਿਲਾਫ ਭੁੱਗਤਣਗੇ। ਇਹ ਵਿਚਾਰ ਅੱਜ ਪਾਵਰਕੌਮ ਦੀ ਪੈਨਸ਼ਨਰਜ਼ ਐਸੋਸੀਏਸ਼ਨ ਸਰਕਲ ਰੋਪੜ ਦੇ ਪ੍ਰਧਾਨ ਭਰਪੂਰ ਸਿੰਘ ਅਤੇ ਮੰਡਲ ਸਮਰਾਲਾ ਦੇ ਪ੍ਰਧਾਨ ਸਿਕੰਦਰ ਸਿੰਘ ਨੇ ਐਸੋਸੀਏਸ਼ਨ ਦੀ ਮੀਟਿੰਗ ਉਪਰੰਤ ਇਸ ਪੱਤਰਕਾਰ ਨਾਲ ਗੱਲ ਕਰਦਿਆਂ ਸਾਂਝੇ ਕੀਤੇ। ਉਹਨਾਂ ਕਿਹਾ ਕਿ ਕਰਮਚਾਰੀ ਸਰਕਾਰਾਂ ਦੀ ਰੀੜ੍ਹ ਹੁੰਦੇ ਹਨ, ਪਰ ਇਸ ਸਰਕਾਰ ਨੇ ਉਹਨਾਂ ਦੇ ਬਣਦੇ ਹੱਕ ਨਾ ਸਿਰਫ ਰੋਕੇ ਹਨ ਬਲਕਿ ਮਾਣਯੋਗ ਅਦਾਲਤਾਂ ਤਕ ਜਾ ਕੇ ਦੁਸ਼ਮਣਾਂ ਵਾਂਗ ਉਹਨਾਂ ਦੇ ਖਿਲਾਫ ਭੁਗਤੇ ਹਨ। ਉਹਨਾਂ ਕਿਹਾ ਕਿ ਸਰਕਾਰ ਹਰ ਕਦਮ ਤੇ ਮੁਲਾਜ਼ਮਾਂ ਨੂੰ ਹੀ ਨਹੀਂ ਬਲਕਿ ਹਰ ਹੱਕ ਮੰਗਦੇ ਤਬਕੇ ਨੂੰ ਝੂਠ ਬੋਲ ਕੇ ਧੋਖਾ ਦੇਣ ਦੀ ਕੋਸ਼ਿਸ਼ ਕਰ ਰਹੀ ਹੈ। ਉਹਨਾਂ ਕਿਹਾ ਕਿ ਅੱਜ ਪੰਜਾਬ ਦਾ ਮੁਲਾਜ਼ਮ ਤਬਕਾ ਸਰਕਾਰ ਦੇ ਖਿਲਾਫ ਪ੍ਰਚੰਡ ਗੁੱਸੇ ਵਿਚ ਹੈ। ਉਹਨਾਂ ਕਿਹਾ ਕਿ 10 ਅਕਤੂਬਰ ਨੂੰ ਸਰਕਾਰ ਦੇ ਖਿਲਾਫ ਸੰਗਰੂਰ ਵਿਖੇ ਇੱਕ ਬਹੁਤ ਵੱਡਾ ਰੋਸ ਪ੍ਰਦਰਸ਼ਨ ਹੋਣ ਜਾ ਰਿਹਾ ਹੈ, ਜਿਸ ਵਿਚ ਹਰ ਵਰਗ ਦੇ ਮੁਲਾਜ਼ਮ ਅਤੇ ਪੈਨਸ਼ਨਰਜ਼ ਤਾਂ ਸ਼ਾਮਲ ਹੋਣਗੇ ਹੀ ਨਾਲ ਹੀ ਉਹ ਲੋਕ ਵੀ ਸਰਕਾਰ ਦੇ ਖਿਲਾਫ ਇਸ ਮੁਜ਼ਾਹਰੇ ਵਿੱਚ ਸ਼ਾਮਲ ਹੋਣ ਜਾ ਰਹੇ ਹਨ ਜਿਹਨਾਂ ਸਰਕਾਰ ਨਪੀੜ ਰਹੀ ਹੈ। ਇਹ ਪਰਦਰਸ਼ਨ ਪਿਛਲੇ ਸਾਰੇ ਰਿਕਾਰਡ ਤੋੜ ਦੇਵੇਗਾ। ਆਗੂਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਇਸ ਮੁਗਾਲਤੇ ਵਿਚ ਨਾ ਰਹੇ ਕਿ ਮਾਵਾਂ ਧੀਆਂ ਸਤਿਕਾਰ ਸਕੀਮ ਅਧੀਨ ਔਰਤਾਂ ਨੂੰ 1000/1500 ਰੁਪਏ ਦੇ ਕੇ ਉਹਨਾਂ ਦੀਆਂ ਵੋਟਾਂ ਨਾਲ ਉਹ ਅਗਲੀ ਸਰਕਾਰ ਬਣਾ ਲੈਣਗੇ। ਪੰਜਾਬ ਦੀਆਂ ਔਰਤਾਂ ਅਜਿਹੇ ਧੋਖੇ ਵਿਚ ਆਉਣ ਵਾਲੀਆਂ ਨਹੀਂ। ਉਹਨਾਂ ਨੂੰ ਚੰਗੀ ਤਰਾਂ ਪਤਾ ਹੈ ਕਿ ਇਹ ਸਾਰੀ ਕਵਾਇਦ ਵੋਟਾਂ ਲੈਣ ਦੀ ਹੈ। ਉਹਨਾਂ ਦੱਸਿਆ ਕਿ ਸੰਗਰੂਰ ਜਾਣ ਲਈ ਲੋਕ ਅਤੇ ਮੁਲਾਜ਼ਮ ਬੱਸਾਂ ਦੀਆਂ ਛੱਤਾਂ ਤਕ ਚੜ੍ਹ ਜਾਣ ਲਈ ਤਿਆਰ ਬੈਠੇ ਹਨ।
ਆਗੂਆਂ ਨੇ ਕਿਹਾ ਕਿ ਪੰਜਾਬ ਦੀ ਗੂੰਗੀ ਬੋਲੀ ਸਰਕਾਰ ਜੋ ਆਪਣੇ ਆਖਰੀ ਸਾਹਾਂ ਤੇ ਹੈ, ਉਹ ਮੁਲਾਜਮਾਂ ਅਤੇ ਪੈਨਸ਼ਨਰਾਂ ਦੀਆਂ ਹੱਕੀ ਅਤੇ ਜਾਇਜ ਮੰਗਾਂ ਮੰਨਣ ਤੋਂ ਵੀ ਇਨਕਾਰੀ ਹੈ ਅਤੇ ਮਾਨਯੋਗ ਹਾਈਕੋਰਟ ਦੇ ਹੁਕਮਾਂ ਦੀ ਵੀ ਤੌਹੀਨ ਕਰ ਰਹੀ ਹੈ, ਅਜਿਹੀ ਸਰਕਾਰ ਨੂੰ ਪੰਜਾਬ ਦੇ ਪੈਨਸ਼ਨਰਜ਼ ਅਤੇ ਮੁਲਾਜਮ ਪੂਰੀ ਤਰ੍ਹਾਂ ਸਬਕ ਸਿਖਾਉਣ ਦੇ ਰੌਂਅ ਵਿੱਚ ਹਨ। ਉਹਨਾਂ ਸਮੂਹ ਪਾਵਰਕਾਮ ਪੈਨਸ਼ਨਰਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਵਿਰੁੱਧ ਵਿੱਢੇ ਇਸ ਸੰਘਰਸ਼ ਵਿੱਚ ਸ਼ਾਮਲ ਹੋਣ ਲਈ ਵੱਡੀ ਗਿਣਤੀ ਵਿੱਚ ਸਮੇਂ ਦੇ ਪਾਬੰਦ ਰਹਿ ਕੇ ਸ਼ਮੂਲੀਅਤ ਕਰਨ।




