7
ਪੁਲਿਸ ਨੇ ਪੀੜ੍ਹਤ ਔਰਤ ਨੂੰ ਕਿਹਾ ਕਿ ਸੀਸੀਟੀਵੀ ਫੁਟੇਜ ਲੈ ਕੇ ਆਓ
ਮਾਛੀਵਾੜਾ ਸਾਹਿਬ, 6 ਅਗਸਤ (ਅੰਮ੍ਰਿਤਪਾਲ) – ਮਾਛੀਵਾੜਾ ਸਾਹਿਬ ਦੇ ਇਤਿਹਾਸਿਕ ਗੁਰਦੁਆਰਾ ਗਨੀ ਖਾਂ ਨਬੀ ਖਾਂ ਸਾਹਿਬ ਜਾ ਰਹੀ ਇੱਕ ਔਰਤ ਤੋਂ ਬੁੱਧਵਾਰ ਸਵੇਰੇ ਸਥਾਨਕ ਤ੍ਰਿਵੈਣੀ ਚੌਕ ‘ਚ ਲੁਟੇਰਿਆਂ ਵੱਲੋਂ ਉਸਦੀ ਸੋਨੇ ਦੀ ਚੇਨ ਖੋਹ ਲਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪੀੜ੍ਹਤ ਗੀਤਾ ਰਾਣੀ ਨੇ ਪੱਤਰਕਾਰਾਂ ਨੂੰ ਗੱਲਬਾਤ ਦੌਰਾਨ ਦੱਸਿਆ ਕਿ ਉਹ ਰੋਜ਼ਾਨਾ ਵਾਂਗ ਬੁੱਧਵਾਰ ਸਵੇਰੇ ਲਗਭਗ 6:15 ਵਜੇ ਗੁਰਦੁਆਰਾ ਸਾਹਿਬ ਨਤਮਸਤਕ ਹੋਣ ਜਾ ਰਹੀ ਸੀ ਕਿ ਦੋ ਨੌਜਵਾਨ ਮੋਟਰਸਾਈਕਲ ‘ਤੇ ਉਸਦਾ ਪਿੱਛਾ ਕਰਦੇ ਹੋਏ ਤ੍ਰਿਵੈਣੀ ਚੌਕ ਤੱਕ ਆ ਗਏ, ਜਿਉਂ ਹੀ ਮੈਂ ਗੁਰਦੁਆਰਾ ਸਾਹਿਬ ਵੱਲ ਮੁੜੀ, ਤਾਂ ਮੇਰੇ ਪਿੱਛੇ ਆ ਰਹੇ ਇੱਕ ਵਿਅਕਤੀ ਨੇ ਮੇਰੇ ਗਲੇ ਤੋਂ ਚੇਨ ਖੋਹ ਲਈ ਅਤੇ ਆਪਣੇ ਦੂਜੇ ਸਾਥੀ ਜੋ ਕਿ ਮੋਟਰਸਾਈਕਲ ‘ਤੇ ਸਵਾਰ ਸੀ, ਨਾਲ ਫਰਾਰ ਹੋ ਗਿਆ। ਮੈਂ ਉਹਨਾਂ ਦੇ ਪਿੱਛੇ ਭੱਜੀ, ਪਰ ਉਹ ਤੇਜ਼ੀ ਨਾਲ ਨਿੱਕਲ ਗਏ। ਪੀੜ੍ਹਤ ਔਰਤ ਨੇ ਪੁਲਿਸ ਨੂੰ ਇਸ ਘਟਨਾ ਦੀ ਸੂਚਨਾ ਦਿੱਤੀ, ਤਾਂ ਪੁਲਿਸ ਵੱਲੋਂ ਔਰਤ ਨੂੰ ਸੀਸੀਟੀਵੀ ਦੇ ਫੁਟੇਜ ਲਿਆਉਣ ਲਈ ਕਿਹਾ ਗਿਆ। ਔਰਤ ਵੱਲੋਂ ਕੋਸ਼ਿਸ਼ ਕਰਨ ਉਪਰੰਤ ਹਾਸਿਲ ਕੀਤੇ ਸੀਸੀਟੀਵੀ ਦੇ ਫੁਟੇਜ ਪੱਤਰਕਾਰਾਂ ਨੂੰ ਦਿੱਤੇ ਗਏ, ਜਿਸ ਤੋਂ ਬਾਅਦ ਪੁਲਿਸ ਥੋੜਾ ਹਰਕਤ ਵਿੱਚ ਆਈ। ਥਾਣਾ ਮੁਖੀ ਚਰਨਜੀਤ ਸਿੰਘ ਨੇ ਕਿਹਾ ਕਿ ਸਾਨੂੰ ਇੱਕ ਔਰਤ ਵੱਲੋਂ ਉਸਦੀ ਸੋਨੇ ਦੀ ਚੇਨ ਖੋਹ ਲਏ ਜਾਣ ਦੀ ਸ਼ਿਕਾਇਤ ਮਿਲੀ ਹੈ। ਪੁਲਿਸ ਸੀਸੀਟੀਵੀ ਫੁਟੇਜ ਦੇ ਆਧਾਰ ‘ਤੇ ਦੋਸ਼ੀ ਦੀ ਪਛਾਣ ਕਰ ਰਹੀ ਹੈ ਅਤੇ ਜਲਦੀ ਹੀ ਉਸਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।


