ਛੇਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਤੋਂ ਲੈ ਕੇ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਜੀ ਤੱਕ ਸਾਰੇ ਗੁਰੂ ਸਾਹਿਬਾਨ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਕਰਨ ਵਾਲੇ ਗੁਰੂ ਘਰ ਦੇ ਸੇਵਕ ਭਾਈ ਰੂਪਾ ਜੀ ਸਿੱਖ ਧਰਮ ਦੇ ਮਹਾਨ ਸ਼ਖਸੀਅਤ ਹੋਏ ਹਨ। ਖਾਸ ਗੱਲ ਇਹ ਹੈ ਕਿ ਜਿੱਥੇ ਛੇਵੇਂ ਪਾਤਸ਼ਾਹ ਸਾਹਿਬ ਹਰਿਗੋਬਿੰਦ ਸਾਹਿਬ ਨੇ ਜਿੱਥੇ ਉਨ੍ਹਾਂ ਨੂੰ ‘ਭਾਈ’ ਪਦ ਬਖ਼ਸ਼ ਕੇ ਬੇਹੱਦ ਮਾਣ ਦਿੱਤਾ, ਉੱਥੇ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ‘ਤੇਰਾ ਘਰ ਸੋ ਮੇਰਾ ਘਰ’ ਕਹਿ ਕੇ ਵਡਿਆਈ ਬਖ਼ਸ਼ੀ। ਮਾਲਵੇ ਦੇ ਗੁਰਮਤਿ ਪ੍ਰਚਾਰਕ ਭਾਈ ਰੂਪ ਚੰਦ ਦਾ ਜਨਮ 15 ਵੈਸਾਖ ਸੰਮਤ 1728 ਬਿਕਰਮੀ ਸੰਨ 1671 ਈ: ਨੂੰ ਪਿੰਡ ਤੁਕਲਾਣੀ ਵਿਖੇ ਮਾਤਾ ਸੁੂਰਤੀ ਦੀ ਕੁੱਖੋਂ ਪਿਤਾ ਭਾਈ ਸਾਧੂ ਸਿੰਘ ਦੇ ਗ੍ਰਹਿ ਵਿਖੇ ਹੋਇਆ। ਇੱਕ ਸਾਲ ਦੀ ਉਮਰ ਵਿਚ ਭਾਈ ਰੂਪ ਚੰਦ ਨੂੰ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਚਰਨ-ਛੋਹ ਪ੍ਰਾਪਤ ਹੋਈ। ਮਹਾਨ ਕੋਸ਼ ਦੇ ਕਰਤਾ ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ਬਾਲਕ ਦੇ ਜਨਮ ਹੋਣ ਤੇ ਮਾਤਾ-ਪਿਤਾ ਉਸ ਨੂੰ ਲੈ ਕੇ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਹਜ਼ੂਰ ਪੁੱਜੇ। ਛੇਵੇਂ ਸਤਿਗੁਰੂ ਨੇ ਚਰਣਾਮਿ੍ਤ ਦੇ ਕੇ ਬਾਲਕ ਦਾ ਨਾਂ ਰੂਪ ਚੰਦ ਰੱਖਿਆ। ਮਾਤਾ ਸੂਰਤੀ ਨੇ ਬਾਲਕ ਨੂੰ ਗੁਰਬਾਣੀ ਦੀਆਂ ਪੰਕਤੀਆਂ ਪੜ੍ਹਦਿਆਂ ਲੋਰੀਆਂ ਦਿੱਤੀਆਂ। ਹਾੜੀਆਂ ਦੇ ਦਿਨਾਂ ਵਿਚ ਇੱਕ ਦਿਨ ਦੋਵੇਂ ਪਿਉ-ਪੁੱਤਰ ਖੇਤਾਂ ਵਿਚ ਫ਼ਸਲ ਵੱਢਣ ਦਾ ਕੰਮ ਕਰ ਰਹੇ ਸਨ। ਖੇਤੀ ਦਾ ਕੰਮ ਕਰਦਿਆਂ ਭਾਈ ਸਾਧੂ ਸਿੰਘ ਤੇ ਉਨ੍ਹਾਂ ਦੇ ਪੁੱਤਰ ਭਾਈ ਰੂਪ ਚੰਦ ਨੂੰ ਪਿਆਸ ਲੱਗੀ। ਪਿਆਸ ਬੁਝਾਉਣ ਲਈ ਖੇਤਾਂ ਵਿਚ ਜੰਡ ਦੇ ਦਰੱਖ਼ਤ ’ਤੇ ਮਸ਼ਕ ਟੰਗੀ ਹੋਈ ਸੀ। ਹਵਾ ਚੱਲਣ ਕਰਕੇ ਪਾਣੀ ਠੰਢਾ ਹੋ ਗਿਆ। ਉਨ੍ਹਾਂ ਘੜੇ ਦਾ ਠੰਢਾ ਪਾਣੀ ਪੀਣ ਤੋਂ ਪਹਿਲਾਂ ਛੇਵੇਂ ਸਤਿਗੁਰਾਂ ਅੱਗੇ ਅਰਦਾਸ ਕੀਤੀ ਕਿ ਪਹਿਲਾਂ ਗੁਰੂ ਜੀ ਪਾਣੀ ਪੀਣ, ਪਿੱਛੋਂ ਅਸੀਂ ਪੀਵਾਂਗੇ। ਘੜੇ ਕੋਲ ਹੀ ਫੁੱਲਾਂ ਦੇ ਹਾਰ ਪਰੋ ਕੇ ਰੱਖ ਦਿੱਤੇ। ਇਨ੍ਹਾਂ ਦਿਨਾਂ ਵਿਚ ਹੀ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਆਪਣੇ ਸਾਂਢੂ ਸਾਂਈ ਦਾਸ ਕੋਲ ਡਰੋਲੀ ਆਏ ਹੋਏ ਸਨ। ਅਰਦਾਸ ਸੁਣਦਿਆਂ ਹੀ ਸਿਖ਼ਰ ਤੱਪਦੀ ਦੁਪਹਿਰ ਬਗ਼ੈਰ ਕਿਸੇ ਨੂੰ ਦੱਸੇ ਘੋੜਾ ਭਜਾਇਆ। ਸਾਹਿਬ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਤੁਕਲਾਣੀ ਪਹੁੰਚ ਗਏ। ਭਾਈ ਸਾਧੂ ਸਿੰਘ ਤੇ ਭਾਈ ਰੂਪ ਚੰਦ ਖੇਤ ’ਚ ਬੇਹੋਸ਼ ਪਏ ਸਨ। ਗੁਰੂ ਜੀ ਨੇ ਦਰੱਖ਼ਤ ਤੋਂ ਪਾਣੀ ਦੀ ਮਸ਼ਕ ਲਾਹੀ ਅਤੇ ਉਨ੍ਹਾਂ ਨੂੰ ਹੋਸ਼ ਵਿਚ ਲਿਆਂਦਾ। ਗੁਰੂ ਜੀ ਨੇ ਉਨ੍ਹਾਂ ਦੇ ਹੱਥੋਂ ਠੰਡਾ ਜਲ ਛਕਿਆ ਅਤੇ ਉਨ੍ਹਾਂ ਨੂੰ ਜਲ ਛਕਾਇਆ। ਗੁਰੂ ਜੀ ਨੇ ਜੰਡ ਹੇਠੋਂ ਇੱਕ ਤੀਰ ਛੱਡਦੇ ਹੋਏ ਕਿਹਾ ਕਿ ਜਿਸ ਸਥਾਨ ’ਤੇ ਇਹ ਤੀਰ ਡਿੱਗੇਗਾ ਉੱਥੇ ਨਵਾਂ ਪਿੰਡ ਵਸਾ ਲਵੋ। ਜਿਸ ਸਥਾਨ ’ਤੇ ਤੀਰ ਡਿੱਗਿਆ ਸਾਹਿਬ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਭਾਈ ਰੂਪ ਚੰਦ ਦੇ ਨਾਂ ’ਤੇ ਆਪਣੇ ਹੱਥੀਂ ਮੋੜ੍ਹੀ ਗੱਡੀ। ਭਾਈ ਰੂਪ ਚੰਦ ਦੇ ਨਾਂ ਤੇ ਭਾਈ ਰੂਪਾ ਪਿੰਡ ਸੰਮਤ 1745 ਬਿਕਰਮੀ ਸੰਨ 1688 ਈ: ਵਿਚ ਆਬਾਦ ਕਰਵਾਇਆ ਦੋ ਬਠਿੰਡਾ ਜ਼ਿਲ੍ਹੇ ਦਾ ਇਤਿਹਾਸਕ ਪਿੰਡ ਹੈ। ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਇੱਥੇ 6 ਮਹੀਨੇ, 9 ਦਿਨ, 9 ਪਲ, 9 ਘੜੀਆਂ ਠਹਿਰੇ। ਭਾਈ ਰੂਪ ਚੰਦ ਨੇ ਸਿੱਖੀ ਦਾ ਬਹੁਤ ਪ੍ਰਚਾਰ ਕੀਤਾ। ਭਾਈ ਰੂਪ ਚੰਦ ਦਾ ਵਿਆਹ ਗੁਰਸਿੱਖ ਲੜਕੀ ਨਾਲ ਹੋਇਆ। ਭਾਈ ਰੂਪ ਚੰਦ ਦੇ ਗ੍ਰਹਿ ਵਿਖੇ ਸੱਤ ਪੁੱਤਰਾਂ ਨੇ ਜਨਮ ਲਿਆ। ਭਾਈ ਨੰਦ, ਭਾਈ ਮਹਾਂ ਨੰਦ, ਭਾਈ ਪਰਮ ਸਿੰਘ, ਭਾਈ ਧਰਮ ਸਿੰਘ, ਭਾਈ ਸੂਰਤੀਆ, ਭਾਈ ਸੁੱਖਾ ਨੰਦ ਤੇ ਭਾਈ ਕਰਮ ਚੰਦ। ਜਦੋਂ ਗੁਰੂ ਗੋਬਿੰਦ ਸਿੰਘ ਜੀ ਚਮਕੌਰ ਦੀ ਗੜ੍ਹੀ ’ਚੋਂ ਨਿਕਲ ਕੇ ਦੀਨੇ ਕਾਂਗੜ ਪਹੁੰਚੇ ਤਾਂ ਉੱਥੇ ਜਾ ਕੇ ਭਾਈ ਰੂਪ ਚੰਦ ਨੇ ਗੁਰੂ ਜੀ ਦੇ ਦਰਸ਼ਨ ਕੀਤੇ ਅਤੇ ਆਪਣੇ ਦੋ ਪੁੱਤਰ ਭਾਈ ਪਰਮ ਸਿੰਘ ਤੇ ਭਾਈ ਧਰਮ ਸਿੰਘ ਗੁਰੂ ਜੀ ਨੂੰ ਅਰਪਣ ਕਰ ਦਿੱਤੇ। ਇਹ ਦੋਵੇਂ ਪੁੱਤਰ ਗੁਰੂ ਜੀ ਨਾਲ ਦੱਖਣ ਵੱਲ ਗਏ। ਬਾਕੀ ਪੰਜੇ ਭਰਾ ਪਿੰਡ ਵਿਚ ਹੀ ਗੁਰਸਿੱਖੀ ਦਾ ਪ੍ਰਚਾਰ ਕਰਦੇ ਤੇ ਕਿਰਤ ਕਰਕੇ ਛਕਦੇ ਤੇ ਛਕਾਉਂਦੇ ਰਹੇ। ਭਾਈ ਸਾਹਿਬ ਦਾ ਵੰਸ਼ ਪੰਜਾਬ ਦੇ 29 ਪਿੰਡਾਂ ’ਚ ਵੱਧ-ਫੁੱਲ ਰਿਹਾ ਹੈ। ਦਰਸ਼ਨ ਪਿਤਾ ਸਾਹਿਬ ਸ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਖ਼ਿਦਰਾਣੇ ਵਾਲੀ ਜੰਗ ਦੀ ਫ਼ਤਹਿ ਪਿੱਛੋਂ ਪਿੰਡ ਭਾਈ ਰੂਪਾ ਵਿਖੇ ਦਰਸ਼ਨ ਦਿੱਤੇ। ਭਾਈ ਰੂਪ ਚੰਦ ਜੀ ਸਾਵਣ ਵਦੀ 1, ਸੰਮਤ 1833 ਬਿਕਰਮੀ ਸੰਨ 1766 ਈ: ਨੂੰ 95 ਸਾਲ ਦੀ ਉਮਰ ਭੋਗ ਕੇ ਸਚਖੰਡ ਪਿਆਨਾ ਕਰ ਗਏ।
-ਮੰਗਤ ਸਿੰਘ ਸੈਦਪੁਰ (ਸਟਾਫ ਰਿਪੋਰਟ) ਚੰਡੀਗੜ੍ਹ-। ਮੋਬਾਈਲ :7087776975


