Home » Uncategorized » ਮੋਦੀ ਸਰਕਾਰ ਵੱਲੋਂ ਫੈਡਰਲ ਅਧਿਕਾਰਾਂ ਦੇ ਨਿਰੰਤਰ ਘਾਣ, ਪੰਜਾਬ ਨਾਲ ਧੱਕੇਸ਼ਾਹੀ/ ਵਿਤਕਰੇ ਅਤੇ ਪੰਜਾਬ ਦੇ ਅਮਨ ਚੈਨ ਨੂੰ ਲਾਂਬੂ ਲਾਉਣ ਦੀਆਂ ਏਜੰਸੀਆਂ ਅਤੇ ਕੱਟੜ-ਪੰਥੀਆਂ ਆਰਐਸਐਸ ਦੀਆਂ ਕੁਚਾਲਾਂ ਖਿਲਾਫ ਕੀਤੀ ਜਾਵੇ ਗਰਜਵੀ ਆਵਾਜ਼ ਬੁਲੰਦ : ਪਾਸਲਾ

ਮੋਦੀ ਸਰਕਾਰ ਵੱਲੋਂ ਫੈਡਰਲ ਅਧਿਕਾਰਾਂ ਦੇ ਨਿਰੰਤਰ ਘਾਣ, ਪੰਜਾਬ ਨਾਲ ਧੱਕੇਸ਼ਾਹੀ/ ਵਿਤਕਰੇ ਅਤੇ ਪੰਜਾਬ ਦੇ ਅਮਨ ਚੈਨ ਨੂੰ ਲਾਂਬੂ ਲਾਉਣ ਦੀਆਂ ਏਜੰਸੀਆਂ ਅਤੇ ਕੱਟੜ-ਪੰਥੀਆਂ ਆਰਐਸਐਸ ਦੀਆਂ ਕੁਚਾਲਾਂ ਖਿਲਾਫ ਕੀਤੀ ਜਾਵੇ ਗਰਜਵੀ ਆਵਾਜ਼ ਬੁਲੰਦ : ਪਾਸਲਾ

ਪੰਜਾਬ ਸਣੇ ਦੇਸ਼ ‘ਚ ਬਿਨ੍ਹਾਂ ਮੁਕਦਮਾ ਚਲਾਏ ਜੇਲ੍ਹਾਂ ‘ਚ ਡੱਕੇ ਅਤੇ ਸਜਾਵਾਂ ਪੂਰੀਆਂ ਕਰ ਚੁੱਕੇ ਸਿਆਸੀ ਕੈਦੀਆਂ, ਬੁੱਧੀਜੀਵੀ ਅਤੇ ਮਨੁੱਖੀ ਅਧਿਕਾਰ ਕਾਰਕੁੰਨ ਫੌਰੀ ਰਿਹਾਅ ਕੀਤੇ ਜਾਣ, ਰਾਜਧਾਨੀ ਚੰਡੀਗੜ੍ਹ ਤੁਰੰਤ ਕੀਤੀ ਜਾਵੇ ਪੰਜਾਬ ਦੇ ਹਵਾਲੇ : ਪ੍ਰਗਟ ਸਿੰਘ ਜਾਮਾਰਾਏ

ਚੰਡੀਗੜ੍ਹ 26 ਫਰਵਰੀ (ਮੰਗਤ ਸਿੰਘ ਸੈਦਪੁਰ/ਚਰਨ ਸਿੰਘ ਮੈਣ ਮਾਜਰੀ) : ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੀ ਪੰਜਾਬ ਰਾਜ ਕਮੇਟੀ ਵੱਲੋਂ ਸੈਕਟਰ 25 ‘ਚੰਡੀਗੜ੍ਹ ਕੀਤੀ ਗਈ ਵਿਸ਼ਾਲ ਰੈਲੀ ਵਿੱਚ ਪੰਜਾਬ ਦੇ ਸਮੂਹ ਲੋਕਾਂ ਨੂੰ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕੀਤੇ ਜਾ ਰਹੇ ਫੈਡਰਲ ਅਧਿਕਾਰਾਂ ਦੇ ਨਿਰੰਤਰ ਘਾਣ, ਪੰਜਾਬ ਨਾਲ ਕੀਤੇ ਜਾ ਰਹੇ ਧੱਕੇਸ਼ਾਹੀ  ਵਿਤਕਰੇ ਅਤੇ ਪੰਜਾਬ ਦੇ ਅਮਨ ਚੈਨ ਨੂੰ ਲਾਂਬੂ ਲਾਉਣ ਦੀਆਂ ਏਜੰਸੀਆਂ ਤੋਂ ਕੱਟੜ ਪੰਥੀਆਂ ਦੀਆਂ ਕੁਚਾਲਾਂ ਖਿਲਾਫ ਗਰਜਵੀ ਆਵਾਜ਼ ਬੁਲੰਦ ਕਰਨ ਦਾ ਸੱਦਾ ਦਿੱਤਾ ਹੈ। ਰੈਲੀ ਨੂੰ ਸੰਬੋਧਨ ਕਰਦਿਆਂ ਪਾਰਟੀ ਆਗੂਆਂ ਨੇ ਅਮਨ ਦੀ ਸਥਿਤੀ ਬਹਾਲ ਰੱਖਣ ਲਈ ਪ੍ਰਾਂਤ ਵਾਸੀਆਂ ਦੀ ਅਪਰਾਧੀ ਗਿਰੋਹਾਂ ਧੁਰਾ ਕੇ ਕਰਨ ਪੱਖੋਂ ਬੁਰੀ ਤਰ੍ਹਾਂ ਨਾਕਾਮ ਰਹੀ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੂੰ ਵੀ ਕਰੜਾ ਹੱਥੀ ਲਿਆ। ਇੱਕ ਮਤੇ ਰਾਹੀਂ ਮੰਗ ਕੀਤੀ ਗਈ ਕਿ ਪੰਜਾਬ ਸਮੇਤ ਸਾਰੇ ਦੇਸ਼ ‘ਚ ਬਿਨ੍ਹਾਂ ਮੁਕਦਮਾ ਚਲਾਏ ਜੇਲ੍ਹਾਂ ਵਿੱਚ ਡੱਕੇ ਅਤੇ ਸਜਾਵਾਂ ਪੂਰੀਆਂ ਕਰ ਚੁੱਕੇ ਸਿਆਸੀ ਕੈਦੀਆਂ, ਬੁੱਧੀਜੀਵੀ ਅਤੇ ਮਨੁੱਖੀ ਅਧਿਕਾਰ ਕਾਰਕੁੰਨ ਫੌਰੀ ਰਿਹਾਅ ਕੀਤੇ ਜਾਣ, ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਤੁਰੰਤ ਪੰਜਾਬ ਦੇ ਹਵਾਲੇ ਕੀਤੀ ਜਾਵੇ, ਦਰਿਆਈ ਪਾਣੀਆਂ ਦੀ ਰਿਪੇਰੀਅਨ ਸਿਧਾਂਤ ਮੁਤਾਬਕ ਵੰਡ ਕੀਤੀ ਜਾਵੇ, ਪੰਜਾਬ ਵੀ ਬੋਲਦੇ ਇਲਾਕੇ ਪੰਜਾਬ ਚ ਸ਼ਾਮਿਲ ਕੀਤੇ ਜਾਣ ਪੰਜਾਬੀ ਬੋਲੀ ਨੂੰ ਪੰਜਾਬ ਸਮੇਤ ਪੂਰੇ ਦੇਸ਼ ‘ਚ ਬਣਦਾ ਮਾਣ ਸਤਿਕਾਰ ਦਿੱਤਾ ਜਾਵੇ, ਭਾਖੜਾ ਬਿਆਸ ਪ੍ਰਬੰਧਕੀ ਬੋਰਡ ‘ਚ ਪੰਜਾਬ ਦਾ ਖੋਹਿਆ ਰੁਤਬਾ ਬਹਾਲ ਕੀਤਾ ਜਾਵੇ, ਬਾਰਡਰ ਖੋਲ ਕੇ ਭਾਰਤ ਪਾਕਿਸਤਾਨ ਦੁਵੱਲਾ ਵਪਾਰ ਸ਼ੁਰੂ ਕੀਤਾ ਜਾਵੇ, ਪੰਜਾਬ ਦੇ ਬਰਬਾਦ ਕਰਨ ਦੀਆਂ ਸਾਜਿਸ਼ਾਂ ਤੁਰੰਤ ਬੰਦ ਕੀਤੀਆਂ ਜਾਣ। ਇਸ ਮੌਕੇ ਐਲਾਨ ਕੀਤਾ ਗਿਆ ਕਿ ਉਕਤ ਮੰਗਾਂ ਦੀ ਪ੍ਰਾਪਤੀ ਲਈ ਧਰਮਾਂ ਜਾਤਾਂ ਦੇ ਵਖਰੇਵਿਆਂ ਤੋਂ ਉੱਤੇ ਉੱਠ ਕੇ ਸਮੂਹ ਪੰਜਾਬੀਆਂ ਦਾ ਸਾਂਝਾ ਸੰਘਰਸ਼ ਵਿੱਢਿਆ ਜਾਵੇਗਾ। ਵਿਸ਼ਾਲ ਰੈਲੀ ਨੂੰ ਪਾਰਟੀ ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ, ਰਾਜ ਕਮੇਟੀ ਦੇ ਸਕੱਤਰ ਸਾਥੀ ਪ੍ਰਗਟ ਸਿੰਘ ਜਾਮਾਰਾਏ, ਸੂਬਾ ਸਕਤਰਿਤ ਦੇ ਮੈਂਬਰ ਕੁਲਵੰਤ ਸਿੰਘ ਸੰਧੂ, ਸੱਜਣ ਸਿੰਘ, ਡਾਕਟਰ ਸਤਨਾਮ ਸਿੰਘ ਅਜਨਾਲਾ, ਦਰਸ਼ਨ ਨਾਹਰ, ਪਰਮਿੰਦਰ ਸਿੰਘ ਮੁਕੇਰੀਆਂ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਦੋਸ਼ ਲਾਇਆ ਕਿ ਆਪਣੇ ਸਿਆਸੀ ਵਿੰਗ ਭਾਜਪਾ ਰਾਹੀਂ ਦੇਸ਼ ਦੀ ਕੇਂਦਰ ਸੱਤਾ ‘ਤੇ ਕਾਬਜ ਹੋ ਚੁੱਕਾ ਰਾਸ਼ਟਰੀ ਸੋਇਮ ਸੇਵਕ ਸੰਘ (ਆਰਐਸਐਸ) ਦੇਸ਼ ਵਾਸੀਆਂ, ਖਾਸ ਕਰਕੇ ਪੰਜਾਬੀਆਂ ਨੂੰ ਸਿੱਖ ਗੁਰੂ ਸਾਹਿਬਾਨਾਂ ਵੱਲੋਂ ਰਚੀ ਮਾਨਵ ਹਿਤੈਸ਼ੀ ਬਾਣੀ, ਭਗਤੀ ਲਹਿਰ ਦੇ ਮਹਾਨ ਰਹਿਬਰਾਂ ਦੇ ਤਰਕਵਾਦੀ ਗਿਆਨ, ਗਦਰੀ ਸੂਰਬੀਰਾਂ ਅਤੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਸਾਥੀਆਂ ਦੀ ਕ੍ਰਾਂਤੀਕਾਰੀ ਵਿਚਾਰਧਾਰਾ ਦੇ ਨਾਲ ਪ੍ਰਗਤੀਸ਼ੀਲ ਸੋਚ ਤੇ ਵਿਗਿਆਨਿਕ ਨਜ਼ਰੀਏ ਤੋਂ ਬੇਮੁਖ ਕਰਨ ਲੱਗਿਆ ਹੋਇਆ ਹੈ। ਉਹਨਾਂ ਕਿਹਾ ਕਿ ਸੰਘ ਪਰਿਵਾਰ ਪੰਜਾਬੀ ਪੰਜਾਬੀਆਂ ਦੇ ਨਾਬਰੀ ਦੇ ਸੁਭਾਅ ਅਤੇ ਹਰ ਕਿਸਮ ਦੇ ਅਨਿਆ ਖਿਲਾਫ ਜੂਝ ਮਰਨ ਅਤੇ ਪੀੜਤਾਂ ਦੇ ਹੱਕ ‘ਚ ਡੱਟ ਕੇ ਖਲੋਣ ਦੇ ਇੱਕ ਖਿੱਤੇ ਦੇ ਨਰੋਏ ਵਿਰਸੇ ਨੂੰ ਆਪਣੀ ਪਿਛੇ ਖੜੀ ਵਿਚਾਰਧਾਰਾ ਤੇ ਪ੍ਰਚਾਰ ਪ੍ਰਸਾਰ ਅਤੇ ਧਰਮ ਅਧਾਰਿਤ ਹਿੰਦੂਵਾਦੀ, ਮਨੂੰਵਾਦੀ ਰਾਸ਼ਟਰ ਕਾਇਮ ਕਰਨ ਦਾ ਆਪਣਾ ਘਾਤਕ ਏਜੰਡਾ ਲਾਗੂ ਕਰਨ ਦੇ ਰਾਹ ਦਾ ਸਭ ਤੋਂ ਵੱਡਾ ਅੜਿਕਾ ਸਮਝਦਾ ਹੈ। ਉਹਨਾਂ ਪੰਜਾਬ ਵਾਸੀਆਂ ਨੂੰ ਸੰਘ ਪਰਿਵਾਰ ਦੀਆਂ ਵੰਡਵਾਦੀ ਸਾਜਿਸ਼ ਤੋਂ ਸੁਚੇਤ ਹੋਣ ਅਤੇ ਇਸ ਦੇ ਕੋਝੇ ਮਨਸੂਬੇ ਫੇਲ੍ਹ ਕਰਨ ਦੀ ਪੁਰਜੋਰ ਅਪੀਲ ਕੀਤੀ ਹੈ। ਜਨਤਕ ਇਕੱਠ ਵਿੱਚ ਹੱਥਾਂ ਚ ਲਾਲ ਝੰਡੇ ਲੈ ਕੇ ਪੁੱਜੇ ਲੋਕਾਂ ਦੇ ਆਕਾਸ਼ ‘ਚ ਗੂੰਜਦੇ ਨਾਅਰੇ ਸਮੁੱਚੇ ਵਾਤਾਵਰਨ ਨੂੰ ਇਨਕਲਾਬੀ ਰੰਗ ਵਿੱਚ ਰੰਗ ਰਹੇ ਸਨ। ਬੁਲਾਰਿਆਂ ਨੇ ਕਿਹਾ ਕਿ ਇਹ ਡਾਢੇ ਦੁੱਖ ਤੇ ਰੋਸ ਦਾ ਵਿਸ਼ਾ ਹੈ ਕਿ ਬਦਲਾਅ ਦਾ ਨਾਅਰਾ ਲਾ ਕੇ ਪੰਜਾਬ ਦੀ ਰਾਜਸੱਤਾ ‘ਤੇ ਕਾਬਜ ਹੋਈ ‘ਆਪ’ ਸਰਕਾਰ ਲੋਕਾਂ ਨੂੰ ਕੰਗਾਲ ਕਰਨ ਕਰਕੇ ਧਨਾਡਾਂ ਦੇ ਖਜ਼ਾਨੇ ਭਰਭੂਰ ਕਰਨ ਵਾਲੀ ਕੇਂਦਰ ਦੀ ਮੋਦੀ ਸਰਕਾਰ ਦੀਆਂ ਨੀਤੀਆਂ ‘ਤੇ ਹੂਬਹੂ ਅਮਲ ਕਰ ਰਹੀ ਹੈ। ਉਹਨਾਂ ਕਿਹਾ ਕਿ ਨਸ਼ਾ ਕਾਰੋਬਾਰੀ ਅਪਰਾਧੀ ਗਰੋਹ ਤੇ ਰੇਤ-ਬਜਰੀ ਮਾਫੀਆ ਰਾਜ ਕਰਦੀ ਧਿਰ ਦੇ ਨੰਗੇ ਚਿੱਟੇ ਥਾਪੜੇ ਨਾਲ ਸੂਬੇ ਵਿੱਚ ਚੰਮ ਦੀਆਂ ਚਲਾ ਰਹੇ ਹਨ। ਕਤਲਾਂ, ਲੁੱਟਾਂ-ਖੋਹਾਂ, ਝਪਟ ਮਾਰੀ, ਫਿਰੌਤੀ ਵਸੂਲੀ, ਨਸ਼ਿਆਂ ਨਾਲ ਮੌਤਾਂ ਰੋਜ਼ ਦਾ ਵਰਤਾਰਾ ਬਣ ਗਿਆ ਹੈ। ਮਾਨ ਸਰਕਾਰ ਇਸ਼ਤਿਹਾਰਾਂ ਰਾਹੀਂ ਕਰੋੜਾਂ ਰੁਪਏ ਫੂਕ ਕੇ ਲੋਕਾਂ ਦੇ ਅੱਖੀ ਘੱਟਾ ਪਾ ਰਹੀ ਹੈ ਅਤੇ ਸੰਘਰਸ਼ ਧਿਰਾਂ ‘ਤੇ ਜਬਰ ਢਾਹ ਰਹੀ ਹੈ। ਵੀਆਈਪੀ ਕਲਚਰ ਤੇ ਭਰਿਸ਼ਟਾਚਾਰ ਹੱਦਾਂ ਪਾਰ ਕਰ ਗਿਆ ਹੈ। ਸਰਕਾਰ ਦੀਆਂ ਨਾਕਾਮੀਆਂ ਤੋਂ ਧਿਆਨ ਭਟਕਾਉਣ ਲਈ ਫਰਜ਼ੀ ਪੁਲਿਸ ਮੁਕਾਬਲਿਆਂ ਅਤੇ ਮੋਦੀ ਮਾਰਕਾ ਬਲਡੋਜਰ ਕਾਰਵਾਈ ਦਾ ਸਹਾਰਾ ਲੈ ਰਹੀ ਹੈ। ਆਗੂਆਂ ਨੇ ਸੂਬਾ ਸਰਕਾਰ ਦੇ ਲੋਕ ਵਿਰੋਧੀ ਨੀਤੀ ਕਦਮਾਂ ਅਤੇ ਨਿਖਿੱਧ ਕਾਰਜਾਂ ਖਿਲਾਫ ਤਕੜੀ ਜਦੋਜਹਿਦ ਵਿੱਢਣ ਦਾ ਐਲਾਨ ਕੀਤਾ ਹੈ। ਉਹਨਾਂ ਕਿਹਾ ਦੇਸ਼ ਅਤੇ ਪ੍ਰਾਂਤ ‘ਚ ਹਕੀਕੀ ਲੋਕ ਪੱਖੀ ਬਦਲਾਅ ਲਿਆਉਣ ਲਈ ਖੱਬੀਆਂ ਧਿਰਾਂ ਦਾ ਏਕਾ ਕਾਇਮ ਕਰਨ ਦਾ ਯਤਨ ਜਾਰੀ ਰੱਖਦਿਆਂ ਦੇਸ਼ ਨੂੰ ਫਿਰਕੂ ਫਾਸ਼ੀਵਾਦ ਦੇ ਹੱਲਿਆ ਤੋਂ ਮੁਕਤ ਕਰਨ ਦੀ ਫੌਰੀ ਲੋੜ ਦੇ ਸਨਮੁਖ ਖੱਬੀਆਂ, ਜਮਹੂਰੀ, ਧਰਮ ਨਿਰਪੱਖ, ਸਿਆਸੀ ਧਿਰਾਂ, ਸਿਵਲ ਸੁਸਾਇਟੀ ਅਤੇ ਅਗਾਹ ਵਧੂ ਲਹਿਰ ਦੀ ਸਾਂਝ ਤੇ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਰੈਲੀ ਤੋਂ ਬਾਅਦ ਵਿਸ਼ਾਲ ਜਨਤਕ ਮਾਰਚ ਕੀਤਾ ਗਿਆ ਅਤੇ ਪ੍ਰਧਾਨ ਮੰਤਰੀ ਤੇ ਰਾਜ ਦੇ ਮੁੱਖ ਮੰਤਰੀ ਦੇ ਨਾਂ ਮੰਗ ਪੱਤਰ ਭੇਜੇ ਗਏ। ਰੈਲੀ ਦੀ ਪ੍ਰਧਾਨਗੀ ਰਤਮ ਸਿੰਘ ਰੰਧਾਵਾ, ਗੁਰਨਾਮ ਸਿੰਘ ਦਾਊਦ, ਨੱਥਾ ਸਿੰਘ ਡਡਵਾਲ, ਸੁਰਿੰਦਰ ਗਿੱਲ ਅਤੇ ਜੈਪਾਲ ਨੇ ਕੀਤੀ। ਮੰਚ ਸੰਚਾਲਕ ਦੇ ਫਰਜ਼ ਰਾਜ ਕਮੇਟੀ ਦੇ ਖਜਾਨਚੀ ਪ੍ਰੋਫੈਸਰ ਜੈਪਾਲ ਸਿੰਘ ਨੇ ਨਿਭਾਏ।

Leave a Reply

Your email address will not be published. Required fields are marked *