Home » Uncategorized » ਸਾਕਾ ਨਕੋਦਰ ਮਨੁੱਖੀ ਅਧਿਕਾਰਾਂ ਦਾ ਘਾਣ’ ਵਿਸ਼ੇ ’ਤੇ ਸੈਮੀਨਾਰ ਦੌਰਾਨ ਇਨਸਾਫ਼ ਲਈ ਕਾਨੂੰਨੀ ਤੇ ਲੋਕਤੰਤਰਕ ਸੰਘਰਸ਼ ਦਾ ਐਲਾਨ : ਮਿਸਲ ਸਤਲੁਜ ਜਥੇਬੰਦੀ

ਸਾਕਾ ਨਕੋਦਰ ਮਨੁੱਖੀ ਅਧਿਕਾਰਾਂ ਦਾ ਘਾਣ’ ਵਿਸ਼ੇ ’ਤੇ ਸੈਮੀਨਾਰ ਦੌਰਾਨ ਇਨਸਾਫ਼ ਲਈ ਕਾਨੂੰਨੀ ਤੇ ਲੋਕਤੰਤਰਕ ਸੰਘਰਸ਼ ਦਾ ਐਲਾਨ : ਮਿਸਲ ਸਤਲੁਜ ਜਥੇਬੰਦੀ

ਚੰਡੀਗੜ੍ਹ 15 ਫ਼ਰਵਰੀ (ਮੰਗਤ ਸਿੰਘ ਸੈਦਪੁਰ) : ਮਿਸਲ ਸਤਲੁਜ ਜਥੇਬੰਦੀ ਵੱਲੋਂ ਸਾਕਾ ਨਕੋਦਰ (4 ਫ਼ਰਵਰੀ 1986) ਦੇ ਸ਼ਹੀਦਾਂ ਦੀ ਯਾਦ ਵਿੱਚ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ, ਸੈਕਟਰ-28, ਚੰਡੀਗੜ੍ਹ ਵਿਖੇ ਵਿਸ਼ੇਸ਼ ਸੈਮੀਨਾਰ ਆਯੋਜਿਤ ਕੀਤਾ ਗਿਆ। ਸੈਮੀਨਾਰ ਦਾ ਵਿਸ਼ਾ “ਸਾਕਾ ਨਕੋਦਰ: ਮਨੁੱਖੀ ਅਧਿਕਾਰਾਂ ਦਾ ਘਾਣ” ਰਿਹਾ। ਇਸ ਮੌਕੇ ਕਾਨੂੰਨ ਵਿਦਵਾਨਾਂ, ਵਿਦਿਆਰਥੀਆਂ ਅਤੇ ਬੁੱਧੀਜੀਵੀਆਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ।
ਸੈਮੀਨਾਰ ਨੂੰ ਸੰਬੋਧਨ ਕਰਦਿਆਂ ਜਸਟਿਸ ਰਣਜੀਤ ਸਿੰਘ (ਚੇਅਰਮੈਨ, ਪੰਜਾਬ ਮਨੁੱਖੀ ਅਧਿਕਾਰ ਸੰਗਠਨ), ਐਡਵੋਕੇਟ ਰਾਜਿੰਦਰ ਸਿੰਘ ਬੈਂਸ, ਜਸਪਾਲ ਸਿੰਘ ਸਿੱਧੂ, ਰਾਜਿੰਦਰ ਸਿੰਘ ਰਾਹੀ, ਪ੍ਰੋ. ਜਗਮੋਹਨ ਸਿੰਘ, ਵਕੀਲ ਜਸਪਾਲ ਸਿੰਘ ਮੰਝਪੁਰ, ਐਡਵੋਕੇਟ ਪੂਨਮ ਵਾਲੀਆ, ਸ਼ਾਮ ਸਿੰਘ (ਪ੍ਰਧਾਨ, ਕੇਂਦਰੀ ਸ੍ਰੀ ਗੁਰੂ ਸਿੰਘ ਸਭਾ), ਡਾ. ਖੁਸ਼ਹਾਲ ਸਿੰਘ (ਸਕੱਤਰ, ਕੇਂਦਰੀ ਸ੍ਰੀ ਗੁਰੂ ਸਿੰਘ ਸਭਾ) ਅਤੇ ਜਥੇਦਾਰ ਜਗਜੀਤ ਸਿੰਘ ਰਤਨਗੜ੍ਹ ਨੇ ਕਿਹਾ ਕਿ 4 ਫ਼ਰਵਰੀ 1986 ਨੂੰ ਨਕੋਦਰ ਵਿੱਚ ਸ਼ਾਂਤਮਈ ਕਾਫ਼ਲੇ ‘ਤੇ ਹੋਈ ਗੋਲੀਬਾਰੀ ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ ਸੀ ਅਤੇ ਇਸ ਮਾਮਲੇ ਵਿੱਚ ਇਨਸਾਫ਼ ਅਜੇ ਵੀ ਬਾਕੀ ਹੈ। ਇਸ ਦੌਰਾਨ ਭਾਈ ਰਵਿੰਦਰ ਸਿੰਘ ਲਿੱਤਰਾਂ ਦੇ ਪਿਤਾ ਬਾਪੂ ਬਲਦੇਵ ਸਿੰਘ ਨੇ ਵਿਸ਼ੇਸ਼ ਤੌਰ ’ਤੇ ਹਾਜ਼ਰੀ ਲਗਵਾਈ। ਉਨ੍ਹਾਂ ਕਿਹਾ ਕਿ ਇਤਿਹਾਸਕ ਘਟਨਾਵਾਂ ਨੂੰ ਯਾਦ ਰੱਖਣਾ ਅਤੇ ਨਵੀਂ ਪੀੜ੍ਹੀ ਨੂੰ ਸੱਚਾਈ ਨਾਲ ਜਾਣੂ ਕਰਵਾਉਣਾ ਸਮਾਜ ਦੀ ਸਾਂਝੀ ਜ਼ਿੰਮੇਵਾਰੀ ਹੈ। ਉਨ੍ਹਾਂ ਦੱਸਿਆ ਕਿ ਸਾਕੇ ਦੀ ਜਾਂਚ ਲਈ ਵੇਲੇ ਦੀ ਪੰਜਾਬ ਸਰਕਾਰ ਵੱਲੋਂ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਬਣਾਇਆ ਗਿਆ ਸੀ। ਜਿਸ ਦੀ ਰਿਪੋਰਟ ਦਾ ਇੱਕ ਹਿੱਸਾ ਬੀਤੇ ਸਾਲ ਪੰਜਾਬ ਵਿਧਾਨ ਸਭਾ ਵਿੱਚ ਪੇਸ਼ ਹੋਇਆ ਪਰ ਦੂਜਾ ਹਿੱਸਾ ਸਰਕਾਰੀ ਰਿਕਾਰਡਾਂ ਵਿੱਚੋਂ ਗਾਇਬ ਹੈ। ਉਨ੍ਹਾਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਮੌਜੂਦਾ ਸਰਕਾਰ ਵੱਲੋਂ ਸਾਕਾ ਨਕੋਦਰ ਮਾਮਲੇ ਦੀ ਡੂੰਘੀ ਜਾਂਚ ਕਰਕੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇਣ ਦਾ ਵਾਅਦਾ ਕੀਤਾ ਗਿਆ ਸੀ, ਪਰ ਅਜੇ ਤੱਕ ਕੋਈ ਠੋਸ ਕਾਰਵਾਈ ਸਾਹਮਣੇ ਨਹੀਂ ਆਈ। ਉਨ੍ਹਾਂ ਇਹ ਵੀ ਉਲੇਖ ਕੀਤਾ ਕਿ ਸਾਕਾ ਨਕੋਦਰ ਅਤੇ ਬਰਗਾੜੀ ਵਿਖੇ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ਸਮੇਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ। ਜ਼ਿਕਰਯੋਗ ਹੈ ਕਿ 4 ਫ਼ਰਵਰੀ 1986 ਨੂੰ ਨਕੋਦਰ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਰੋਸ ਵਜੋਂ ਇਕੱਠੀ ਹੋਈ ਨਿਹੱਥੀ ਸਿੱਖ ਸੰਗਤ ‘ਤੇ ਪੰਜਾਬ ਪੁਲਿਸ ਵੱਲੋਂ ਕੀਤੀ ਗਈ ਗੋਲੀਬਾਰੀ ਦੌਰਾਨ ਰਵਿੰਦਰ ਸਿੰਘ ਲਿੱਤਰਾਂ, ਹਰਮਿੰਦਰ ਸਿੰਘ ਚਲੂਪੁਰ, ਬਲਧੀਰ ਸਿੰਘ ਰਾਮਗੜ੍ਹ ਅਤੇ ਝਿਲਮਣ ਸਿੰਘ ਗੋਰਸੀਆਂ ਸ਼ਹੀਦ ਹੋ ਗਏ ਸਨ। ਸੈਮੀਨਾਰ ਦੇ ਅੰਤ ਵਿੱਚ ਮਿਸਲ ਸਤਲੁਜ ਜਥੇਬੰਦੀ ਦੇ ਪ੍ਰਧਾਨ ਅਜੇਪਾਲ ਸਿੰਘ ਬਰਾੜ ਨੇ ਸਾਰੇ ਬੁਲਾਰਿਆਂ ਅਤੇ ਸਰੋਤਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸ਼ਹੀਦਾਂ ਦੇ ਪਰਿਵਾਰਾਂ ਨੂੰ ਇਨਸਾਫ਼ ਦਿਵਾਉਣ ਲਈ ਕਾਨੂੰਨੀ ਅਤੇ ਲੋਕਤੰਤਰਕ ਢੰਗ ਨਾਲ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਇਸ ਮੌਕੇ ਮਿਸਲ ਸਤਲੁਜ ਦੇ ਯੂਥ ਆਗੂ ਯਾਦਵਿੰਦਰ ਸਿੰਘ ਯਾਦੂ ਅਲਾਲ, ਅਮਰਿੰਦਰ ਸਿੰਘ, ਐਤਪਾਲ ਸਿੰਘ ਬਰਾੜ, ਮਨਦੀਪ ਸਿੰਘ, ਹਰਵਿੰਦਰ ਸਿੰਘ, ਐਡਵੋਕੇਟ ਹਰਪ੍ਰੀਤ ਸਿੰਘ ਅਤੇ ਦੁਰਲੱਭ ਸਿੰਘ ਆਦਿ ਵੀ ਮੌਜੂਦ ਸਨ।

Leave a Reply

Your email address will not be published. Required fields are marked *