ਕੱਚੇ ਮਕਾਨ ਪੱਕੇ ਕਰਨ ਲਈ ਲਗਭਗ ਇਕ ਕਰੋੜ ਰੁਪਏ ਦੇ ਮਨਜ਼ੂਰੀ ਪੱਤਰ ਲਾਭਕਾਰੀ ਪਰਿਵਾਰਾਂ ਨੂੰ ਵੰਡੇ
ਸਾਹਿਬਜ਼ਾਦਾ ਅਜੀਤ ਸਿੰਘ ਨਗਰ 13 ਫਰਵਰੀ (ਮੰਗਤ ਸਿੰਘ ਸੈਦਪੁਰ) : ਪੰਜਾਬ ਸਰਕਾਰ ਗਰੀਬ ਤੇ ਲੋੜਵੰਦ ਲੋਕਾਂ ਨੂੰ ਮਿਆਰੀ ਸਿੱਖਿਆ, ਚੰਗੀਆਂ ਸਿਹਤ ਸਹੂਲਤਾਂ ਅਤੇ ਸਿਰ ਦੀ ਛੱਤ ਮੁਹੱਈਆ ਕਰਵਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਹਲਕਾ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਪੰਜਾਬ ਚ ਭਗਵੰਤ ਮਾਨ ਦੀ ਅਗਵਾਈ ਚ ਆਪ ਸਰਕਾਰ ਵੱਲੋਂ ਰੰਗਲਾ ਪੰਜਾਬ ਸਕੀਮ ਤਹਿਤ 18 ਪਰਿਵਾਰਾਂ ਨੂੰ 36 ਲੱਖ ਰੁਪਏ ਅਤੇ ਪ੍ਰਧਾਨ ਮੰਤਰੀ ਅਵਾਸ ਯੋਜਨਾ ਤਹਿਤ 39 ਪਰਿਵਾਰਾਂ ਨੂੰ ਲਗਭੱਗ 64 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਗਈ ਹੈ। ਦੋਨਾਂ ਯੋਜਨਾਵਾਂ ਤਹਿਤ ਕੁੱਲ ਰਕਮ ਕਰੀਬ ਇੱਕ ਕਰੋੜ ਰੁਪਏ ਬਣਦੀ ਹੈ.ਹਲਕਾ ਮੋਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਵੱਲੋਂ ਕੱਚੇ ਮਕਾਨ ਪੱਕੇ ਕਰਨ ਲਈ ਅੱਜ ਕਰੀਬ ਇੱਕ ਕਰੋੜ ਰੁਪਏ ਦੇ ਮਨਜ਼ੂਰੀ ਪੱਤਰ ਲਾਭਪਾਤਰੀ ਪਰਿਵਾਰਾਂ ਨੂੰ ਵੰਡੇ ਗਏ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਰੰਗਲਾ ਪੰਜਾਬ ਸਕੀਮ ਅਧੀਨ ਮੋਹਾਲੀ ਹਲਕੇ ਦੇ 32 ਲੋੜਵੰਦ ਪਰਿਵਾਰਾਂ ਨੂੰ ਕੱਚੇ ਮਕਾਨ ਪੱਕੇ ਕਰਨ ਲਈ ਵਿੱਤੀ ਸਹਾਇਤਾ ਦਿੱਤੀ ਜਾਵੇਗੀ। ਜਿਸ ਵਿੱਚੋਂ 18 ਪਰਿਵਾਰਾਂ ਨੂੰ 2-2 ਲੱਖ ਰੁਪਏ ਦੇ ਮਨਜ਼ੂਰੀ ਪੱਤਰ ਅੱਜ ਜਾਰੀ ਕੀਤੇ ਗਏ ਹਨ। ਬਾਕੀ ਰਹਿੰਦੇ 14 ਪਰਿਵਾਰਾਂ ਨੂੰ ਵੀ ਜਲਦ ਹੀ ਇਹ ਸਹਾਇਤਾ ਮੁਹੱਈਆ ਕਰਵਾ ਦਿੱਤੀ ਜਾਵੇਗੀ। ਇਹ ਰਕਮ ਪੰਚਾਇਤ ਦੇ ਖਾਤਿਆਂ ਵਿੱਚ ਤਬਦੀਲ ਕੀਤੀ ਜਾਵੇਗੀ ਅਤੇ ਮਕਾਨਾਂ ਦੀ ਉਸਾਰੀ ਬੀ.ਡੀ.ਪੀ.ਓ. ਦਫ਼ਤਰ ਦੀ ਦੇਖ-ਰੇਖ ਹੇਠ ਕਰਵਾਈ ਜਾਵੇਗੀ। ਉਨ੍ਹਾਂ ਹੋਰ ਦੱਸਿਆ ਕਿ ਬਰਸਾਤ ਕਾਰਨ ਨੁਕਸਾਨੇ ਗਏ 39 ਘਰਾਂ ਦੇ ਪਰਿਵਾਰਾਂ ਨੂੰ ਪ੍ਰਧਾਨ ਮੰਤਰੀ ਅਵਾਸ ਯੋਜਨਾ ਤਹਿਤ ਮਕਾਨ ਬਣਾਉਣ ਲਈ 1.20 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ। ਇਹ ਰਕਮ ਤਿੰਨ ਕਿਸ਼ਤਾਂ ਵਿੱਚ ਦਿੱਤੀ ਜਾਵੇਗੀ—ਮਕਾਨ ਸ਼ੁਰੂ ਹੋਣ ‘ਤੇ 70 ਹਜ਼ਾਰ ਰੁਪਏ, ਪਲਿੰਥ ਲੈਵਲ ‘ਤੇ ਪਹੁੰਚਣ ‘ਤੇ 40 ਹਜ਼ਾਰ ਰੁਪਏ ਅਤੇ ਲੈਂਟਰ ਪੈਣ ਤੋਂ ਬਾਅਦ 10 ਹਜ਼ਾਰ ਰੁਪਏ। ਇਸ ਤੋਂ ਇਲਾਵਾ ਲਾਭਪਾਤਰੀਆਂ ਨੂੰ ਮਕਾਨ ਬਣਾਉਣ ਲਈ ਮਨਰੇਗਾ ਤਹਿਤ 90 ਦਿਨ ਦੀ ਮਜ਼ਦੂਰੀ (ਕੁੱਲ 31,140 ਰੁਪਏ ਪ੍ਰਤੀ ਮਕਾਨ) ਵੀ ਦਿੱਤੀ ਜਾਵੇਗੀ। ਜਿਨ੍ਹਾਂ ਘਰਾਂ ਵਿੱਚ ਪਹਿਲਾਂ ਪਖ਼ਾਨੇ (ਟਾਇਲਟ) ਨਹੀਂ ਹਨ ਜਾਂ ਪਹਿਲਾਂ ਇਸ ਲਈ ਕੋਈ ਵਿੱਤੀ ਸਹਾਇਤਾ ਨਹੀਂ ਲਈ ਗਈ, ਉਨ੍ਹਾਂ ਪਰਿਵਾਰਾਂ ਨੂੰ ਪਖ਼ਾਨਾ ਬਣਾਉਣ ਲਈ ਵੱਖਰੇ ਤੌਰ ‘ਤੇ 12 ਹਜ਼ਾਰ ਰੁਪਏ ਮਨਰੇਗਾ ਤਹਿਤ ਪ੍ਰਦਾਨ ਕੀਤੇ ਜਾਣਗੇ। ਇਸ ਮੌਕੇ ਧਨਵੰਤ ਸਿੰਘ ਰੰਧਾਵਾ ਬੀ.ਡੀ.ਪੀ.ਓ. ਮੋਹਾਲੀ, ਪਰਮਜੀਤ ਸਿੰਘ, ਕੁਲਦੀਪ ਸਿੰਘ ਸਮਾਣਾ, ਅਵਤਾਰ ਸਿੰਘ ਮੌਲੀ, ਕੁਲਬੀਰ ਸਿੰਘ ਸਰਪੰਚ ਮਨੌਲੀ, ਨਰਿੰਦਰ ਸਿੰਘ ਸਰਪੰਚ ਸੈਦਪੁਰ, ਧਰਮਪ੍ਰੀਤ ਸਿੰਘ ਪੰਚ ਮੌਜਪੁਰ, ਬਲਕਾਰ ਸਿੰਘ ਸਰਪੰਚ ਸੁੱਖਗੜ੍ਹ, ਗੁਰਮੁੱਖ ਗਿਰ ਸਰਪੰਚ ਸ਼ਾਮਪੁਰ, ਕਰਮਾ ਪੁਰੀ ਸਰਪੰਚ ਗੋਬਿੰਦਗੜ੍ਹ, ਰਜਿੰਦਰ ਸਿੰਘ ਸਰਪੰਚ ਸਿਆਊ, ਕਰਮਜੀਤ ਬਿੱਟੂ ਸਰਪੰਚ ਝਿਊਰਹੇੜੀ, ਸੁਖਵਿੰਦਰ ਸਿੰਘ ਸਰਪੰਚ ਬਾਕਰਪੁਰ, ਗੌਰਵ ਕੁਮਾਰ ਸਰਪੰਚ ਸੰਭਾਲਕੀ, ਹਰਵਿੰਦਰ ਸਿੰਘ ਸਰਪੰਚ ਝਾਂਮਪੁਰ, ਹਰਪਾਲ ਸਿੰਘ ਸਰਪੰਚ ਤੜੌਲੀ, ਤਰਲੋਚਨ ਸਿੰਘ ਤੋਚੀ ਸਰਪੰਚ ਕੈਲੋਂ, ਸਤਨਾਮ ਸਿੰਘ ਸਰਪੰਚ ਗੀਗਾ ਮਾਜਰਾ ਮੌਜੂਦ ਸਨ।


