ਚੰਡੀਗੜ੍ਹ 25 ਦਸੰਬਰ (ਮੰਗਤ ਸਿੰਘ ਸੈਦਪੁਰ) : ਇਤਿਹਾਸ ਸਦਾ ਬੰਦੂਕਾਂ ਦੀਆਂ ਗੂੰਜਾਂ ਨਾਲ ਨਹੀਂ ਲਿਖਿਆ ਜਾਂਦਾ, ਕਈ ਵਾਰੀ ਉਹ ਅੱਖਾਂ ਦੀ ਨਮੀ ਨਾਲ, ਅੰਦਰੂਨੀ ਸੰਘਰਸ਼ ਨਾਲ ਅਤੇ ਉਸ ਮਜ਼ਬੂਰੀ ਨਾਲ ਲਿਖਿਆ ਜਾਂਦਾ ਹੈ। ਜਿੱਥੇ ਮਨ ਇੱਕ ਪਾਸੇ ਹੁੰਦਾ ਹੈ ਤੇ ਡਿਊਟੀ ਦੂਜੇ ਪਾਸੇ। ਖਾੜਕੂ ਸੰਘਰਸ਼ ਦੇ ਉਹ ਦਿਨ ਸਿਰਫ਼ ਦੋ ਰੇਖਾਵਾਂ ਨਹੀਂ ਸਨ। ਇੱਕ ਪਾਸੇ ਖਾੜਕੂ, ਦੂਜੇ ਪਾਸੇ ਪੁਲਿਸ। ਇਹ ਦਰਮਿਆਨ ਇੱਕ ਤੀਜੀ ਦੁਨੀਆ ਵੀ ਸੀ। ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆਂ ਸੀਨੀਅਰ ਲੇਖਕ ਪਰਮਜੀਤ ਸਿੰਘ ਰਾਣਵਾ ਨੇ ਇਸ ਸਬੰਧੀ ਹੋਰ ਗੱਲਬਾਤ ਕਰਦਿਆਂ ਦੱਸਿਆ ਕਿ ਜਿੱਥੇ ਖ਼ਾਕੀ ਪਹਿਨਣ ਵਾਲੇ ਬਹੁਤ ਸਾਰੇ ਮਨ ਖਾੜਕੂ ਸਿੰਘਾਂ ਦੀ ਦਲੀਲ, ਉਨ੍ਹਾਂ ਦੇ ਪਿਆਰ, ਅਤੇ ਉਨ੍ਹਾਂ ਦੀ ਕੁਰਬਾਨੀ ਦੇ ਕਾਇਲ ਸਨ। ਪਰ ਉਨ੍ਹਾਂ ਦੇ ਹੱਥ ਬੱਝੇ ਹੋਏ ਸਨ। ਨੌਕਰੀ ਨਾਲ, ਪਰਿਵਾਰ ਨਾਲ, ਰੋਜ਼ੀ ਨਾਲ ਅਤੇ ਉਸ ਸਿਸਟਮ ਨਾਲ ਜਿੱਥੋਂ ਨਿਕਲਣਾ ਸੌਖਾ ਨਹੀਂ ਸੀ। ਭਾਈ ਮਨਜਿੰਦਰ ਸਿੰਘ ਈਸੀ ਜੋ ਵਿਰੋਧੀ ਕੈਂਪਾਂ ਵਿਚ ਵੀ ਪੁਲ ਬਣੇ। ਭਾਈ ਮਨਜਿੰਦਰ ਸਿੰਘ ਈਸੀ ਸਿਰਫ਼ ਖਾੜਕੂ ਨਹੀਂ ਹੀ ਨਹੀਂ ਹਨ। ਉਹ ਮਨੁੱਖੀ ਸੰਬੰਧਾਂ ਦੀ ਮਿਸਾਲ ਹਨ। ਉਨ੍ਹਾਂ ਦੇ ਬਹੁਤੇ ਦੋਸਤ ਪੰਜਾਬ ਪੁਲਿਸ ਦੇ ਮੁਲਾਜ਼ਮ ਸਨ। ਇਹ ਦੋਸਤੀ ਕਿਸੇ ਡਰ ਨਾਲ ਨਹੀਂ, ਕਿਸੇ ਲਾਭ ਨਾਲ ਨਹੀਂ, ਸਗੋਂ ਕਿਰਦਾਰ ਨਾਲ ਬਣੀ ਸੀ। ਇਤਿਹਾਸ ਗਵਾਹ ਹੈ। ਇੱਕ ਵਾਰ ਸੀ ਆਈ ਏ ਸਟਾਫ ਦੇ ਕਾਫ਼ੀ ਮੁਲਾਜ਼ਮ ਭਾਈ ਮਨਜਿੰਦਰ ਸਿੰਘ ਈਸੀ ਨਾਲ ਜਾਣ ਨੂੰ ਤਿਆਰ ਹੋ ਗਏ ਸਨ। ਇਹ ਬਗਾਵਤ ਨਹੀਂ ਸੀ। ਇਹ ਇਖ਼ਲਾਕ ਦੀ ਜਿੱਤ ਸੀ। ਜਿਨ੍ਹਾਂ ਨੇ ਖ਼ਾਕੀ ਉਤਾਰ ਕੇ ਕੌਮ ਪੰਥ ਚੁਣਿਆ। ਜਰਨਲ ਲਾਭ ਸਿੰਘ ਪੰਜਵੜ, ਭਾਈ ਬਗੀਚਾ ਸਿੰਘ (ਲੈਫਟੀਨੈਂਟ ਜਰਨਲ ਬੀ ਟੀ ਐੱਫ), ਹੌਲਦਾਰ ਧੰਨਾ ਸਿੰਘ, ਭਾਈ ਬਲਵੰਤ ਸਿੰਘ ਰਾਜੋਆਣਾ, ਭਾਈ ਲਖਵਿੰਦਰ ਸਿੰਘ ਨਾਰੰਗਵਾਲ, ਸ਼ਹੀਦ ਭਾਈ ਦਿਲਾਵਰ ਸਿੰਘ ਅਤੇ ਪੀ ਏ ਪੀ ਦੇ ਹੋਰ ਕੁਝ ਮੁਲਾਜ਼ਮ। ਉਹਨਾਂ ਕਿਹਾ ਕਿ ਇਹ ਉਹ ਨਾਮ ਹਨ ਜਿਨ੍ਹਾਂ ਨੇ ਨੌਕਰੀ ਨਹੀਂ, ਜ਼ਮੀਰ ਨੂੰ ਚੁਣਿਆ। ਉਹ ਜਾਣਦੇ ਸਨ ਕਿ ਇਸ ਰਾਹ ਦਾ ਅੰਤ ਕੀ ਹੈ। ਪਰ ਫਿਰ ਵੀ ਉਹ ਕੌਮ ਪੰਥ ਲਈ ਲੜੇ। ਭਾਈ ਹਰਜਿੰਦਰ ਸਿੰਘ ਜਿੰਦਾ ਦੇ ਵੀ ਪੰਜਾਬ ਪੁਲਿਸ ਵਿਚ ਯਾਰ ਸਨ। ਜੋ ਚੁੱਪਚਾਪ ਮਦਦ ਕਰਦੇ ਰਹੇ, ਨਾਮ ਨਹੀਂ ਸਿਰਫ਼ ਨਿਭਾਉ ਛੱਡ ਗਏ। ਇਹ ਸਭ “ਪਿਆਰ ਦੀ ਦੌਲਤ” ਸੀ। ਇਹ ਕੋਈ ਸਿਆਸੀ ਰਣਨੀਤੀ ਨਹੀਂ ਸੀ। ਇਹ ਪਿਆਰ ਦੀ ਦੌਲਤ ਸੀ। ਜਿਸ ਨੂੰ ਚੋਟੀ ਦੇ ਖਾੜਕੂਆਂ ਨੇ ਆਪਣੇ ਕਿਰਦਾਰਾਂ ਰਾਹੀਂ ਵੰਡਿਆ। ਉਹ ਨਫ਼ਰਤ ਨਹੀਂ ਬੀਜਦੇ ਸਨ। ਉਹ ਜਾਗਰੂਕਤਾ ਛੱਡ ਜਾਂਦੇ ਸਨ। ਪਰ ਸੱਚ ਇਹ ਵੀ ਹੈ ਕਿ ਪੰਜਾਬ ਪੁਲਿਸ ਅੰਦਰ ਬੁੱਚੜ ਅਫ਼ਸਰਾਂ ਦੀ ਵੀ ਕੋਈ ਕਮੀ ਨਹੀਂ ਸੀ। ਉਹਨਾਂ ਨੇ ਖ਼ਾਕੀ ਨੂੰ ਕਲੰਕਿਤ ਕੀਤਾ। ਇਨਸਾਨੀਅਤ ਨੂੰ ਰੌਂਦਿਆ ਅਤੇ ਸਿਸਟਮ ਨੂੰ ਦਹਿਸ਼ਤ ਦਾ ਹਥਿਆਰ ਬਣਾਇਆ। ਪਰ ਇਤਿਹਾਸ ਨਿਆਂ ਕਰਦਾ ਹੈ। ਉਹ ਸਭ ਨੂੰ ਇੱਕੋ ਤਰਾਜੂ ਵਿੱਚ ਨਹੀਂ ਤੋਲਦਾ। ਡਾਕਟਰ ਪ੍ਰੀਤਮ ਸਿੰਘ ਸੇਖੋਂ ਇਖ਼ਲਾਕ ਦੀ ਅਣਹਾਰੀ ਗਵਾਹੀ ਭਰਦੇ ਹਨ। ਸ਼ਹੀਦ ਡਾਕਟਰ ਪ੍ਰੀਤਮ ਸਿੰਘ ਸੇਖੋਂ ਦੇ ਘਰ ਰੇਡ ਮਾਰਨ ਵਾਲੇ ਮੁਲਾਜ਼ਮ ਵੀ ਉਨ੍ਹਾਂ ਦੇ ਉੱਚ ਇਖ਼ਲਾਕ ਤੋਂ ਪ੍ਰਭਾਵਿਤ ਹੋਏ। ਉਹ ਮੁਲਾਜ਼ਮ ਜੋ ਉੱਚ ਅਹੁਦਿਆਂ ਤੋਂ ਸੇਵਾ ਮੁਕਤ ਹੋਏ। ਅੱਜ ਵੀ ਕਹਿੰਦੇ ਹਨ ਕਿ ਅਸੀਂ ਮਜ਼ਬੂਰ ਸੀ ਉਸ ਵੇਲੇ ਪਰ ਸਾਨੂੰ ਪਤਾ ਸੀ ਕਿ ਡਾਕਟਰ ਸੇਖੋਂ ਨੇ ਨਾ ਆਮ ਬੰਦੇ ਮਾਰੇ, ਨਾ ਪੰਜਾਬ ਪੁਲਿਸ ਦੇ ਮੁਲਾਜ਼ਮ ਮਾਰੇ ਹਨ। ਇਹ ਸਿਰਫ਼ ਬਿਆਨ ਨਹੀਂ ਇਹ ਇਤਿਹਾਸ ਦੀ ਅਦਾਲਤ ਵਿੱਚ ਦਿੱਤੀ ਗਵਾਹੀ ਹੈ। ਉਹਨਾਂ ਕਿਹਾ ਕਿ ਭਾਈ ਹਰਜਿੰਦਰ ਸਿੰਘ ਜਿੰਦਾ ਦੀ ਲਿਖਤ ਸਾਫ਼ ਲਕੀਰ ਹੈ ਕਿ ਭਾਈ ਹਰਜਿੰਦਰ ਸਿੰਘ ਜਿੰਦਾ ਨੇ ਆਪਣੀ ਲਿਖਤਾਂ ਵਿੱਚ ਸਾਫ਼ ਲਿਖਿਆ ਕਿ ਅਸੀਂ ਕਦੀ ਵੀ ਪੰਜਾਬ ਪੁਲਿਸ ਦੇ ਅਫ਼ਸਰਾਂ ਜਾਂ ਮੁਲਾਜ਼ਮਾਂ ਨੂੰ ਨਿਸ਼ਾਨਾ ਨਹੀਂ ਬਣਾਇਆ। ਇਹ ਸ਼ਬਦ ਖੂਨ ਨਾਲ ਨਹੀਂ, ਸਿਧਾਂਤ ਨਾਲ ਲਿਖੇ ਗਏ। ਅੱਜ ਕੱਲ੍ਹ ਇਹ ਲੇਖ ਕਿਸੇ ਪਾਸੇ ਖੜ੍ਹਨ ਲਈ ਨਹੀਂ ਇਹ ਸੋਚਣ ਲਈ ਹੈ। ਸਿਸਟਮ ਹਮੇਸ਼ਾ ਸੱਚਾ ਨਹੀਂ ਹੁੰਦਾ। ਪਰ ਹਰ ਸਿਸਟਮ ਅੰਦਰ ਕੁਝ ਮਨੁੱਖ ਸੱਚੇ ਹੁੰਦੇ ਹਨ। ਖਾੜਕੂ ਸੰਘਰਸ਼ ਸਿਰਫ਼ ਲੜਾਈ ਨਹੀਂ ਸੀ,ਇਹ ਕਿਰਦਾਰ ਦੀ ਪਰਖ ਸੀ। ਜਿੱਥੇ ਕੁਝ ਖ਼ਾਕੀ ਵਾਲੇ ਵੀ ਇਤਿਹਾਸ ਵਿੱਚ ਸਿਰ ਉੱਚਾ ਕਰ ਗਏ। ਅਸਲ ਸ਼ਹਾਦਤ ਸਿਰਫ਼ ਮੌਤ ਨਹੀਂ, ਜ਼ਮੀਰ ਨਾਲ ਜੀਉਣਾ ਵੀ ਹੁੰਦੀ ਹੈ। ਖਾਸ ਗੱਲ ਇਹ ਹੈ ਕਿ ਅੱਜ ਕੱਲ ਜਮੀਰ ਨਾਲ ਜਿਉਣ ਵਾਲੇ ਬਹੁਤ ਘੱਟ ਜਾਪਦੇ ਹਨ ਪ੍ਰੰਤੂ ਆਪਣੇ ਸਵਾਰਥ ਪੂਰੇ ਕਰਨ ਵਾਲੀ ਜ਼ਿੰਦਗੀ ਜਿਉਣ ਵਾਲੇ ਬਹੁਤ ਜਿਆਦਾ ਹਨ।
Home
»
Uncategorized
»
ਖਾੜਕੂ ਸੰਘਰਸ਼ ਲੜਾਈ ਨਹੀਂ ਕਿਰਦਾਰ ਦੀ ਪਰਖ ਸੀ, ਜਿਸ ਵਿੱਚ ਕੁਝ ਖ਼ਾਕੀ ਵਾਲੇ ਵੀ ਸਿਰਜਗੇ ਇਤਿਹਾਸ ਅਸਲ ‘ਚ ਸ਼ਹਾਦਤ ਸਿਰਫ਼ ਮੌਤ ਨਹੀਂ, ਜ਼ਮੀਰ ਨਾਲ ਜੀਉਣਾ ਵੀ ਹੁੰਦਾ : ਸ. ਪਰਮਜੀਤ ਸਿੰਘ ਰਾਣਵਾਂ


