ਨਾਵਲ “ਅਨੰਦ ਮੱਠ” ਹਿੰਦੂ ਰਾਸ਼ਟਰਵਾਦ ਦਾ ਅਸਲ ਬਾਨੀ, ਨਾ ਕਿ ਵੀਰ ਸਾਵਰਕਾਰ ਜਾਂ ਹੈਡਗੇਵਰ : ਪ੍ਰਭਜੋਤ ਸਿੰਘ ਨਵਾਂ ਸ਼ਹਿਰ…
…ਸਿੱਖਾਂ ਦੇ ਪੈਸਿਆਂ ਤੇ ਬਣੀਆਂ ਸਿੱਖ ਸੰਸਥਾਵਾਂ ਦੇ ਮੁਖੀ ਸਦਾ ਹੀ ਗੈਰ ਸਿੱਖ ਕਿਉਂ.? ਗੰਭੀਰਤਾ ਨਾਲ ਸੋਚਣ ਦੀ ਲੋੜ..
…ਹਿੰਦੁਸਤਾਨ ਟਾਈਮਜ਼ ਅਖਬਾਰ ਬਣਿਆ ਸਿੱਖਾਂ ਦੇ ਪੈਸਿਆਂ ਤੇ ਪਰ ਐਡੀਟਰ ਗੈਰ ਸਿੱਖ ਕੇ ਐਮ ਪਾਨੀਕਰ ਤੇ ਚੁਣਿਆ ਮਹਾਤਮਾ ਗਾਂਧੀ ਨੇ…
ਅਠਾਰਵੀਂ ਸਦੀ ਵਿੱਚ ਹੀ ਸਿੱਖ ਕੌਮ ਅੰਗਰੇਜ਼ਾਂ ਦੇ ਸੀ ਨਿਸ਼ਾਨੇ ‘ਤੇ…
ਕਰਮਜੀਤ ਸਿੰਘ ਚੰਡੀਗੜ੍ਹ ਸੀਨੀਅਰ ਪੱਤਰਕਾਰ

ਪ੍ਰਭਜੋਤ ਸਿੰਘ ਨਵਾਂ ਸ਼ਹਿਰ ਇਤਿਹਾਸ ਵੱਲ ਮੁੜਦਾ ਹੋਇਆ ਇੱਕ ਹੋਰ ਗੱਲ ਵੀ ਯਾਦ ਕਰਾਉਣੀ ਚਾਹੁੰਦਾ ਹੈ। 18ਵੀਂ ਸਦੀ ਦੇ ਪਹਿਲੇ ਅੱਧ ਵਿੱਚ ਹੀ ਅੰਗਰੇਜ਼ ਸਾਡੀ ਕੌਮ ਬਾਰੇ ਆਪਣੀ ਸਮਝ ਬਣਾਉਣ ਲਈ ਕਿੰਨੇ ਚੇਤਨ ਅਤੇ ਉਤਾਵਲੇ ਸਨ। ਇਹ ਉਸ ਸਮੇਂ ਦੀ ਗੱਲ ਹੈ ਜਦੋਂ ਅਸੀਂ ਆਪਣੀ ਹੋਂਦ ਦਾ ਸੰਘਰਸ਼ ਕਰ ਰਹੇ ਸੀ।1732 ਈਸਵੀ ਵਿੱਚ ਉਹਨਾਂ ਨੇ ਸਈਅਦ ਗੁਲਾਮ ਹੁਸੈਨ ਨਾਂ ਦੇ ਵਿਅਕਤੀ ਕੋਲੋਂ ਇੱਕ ਕਿਤਾਬ ਲਿਖਾਈ ਜਿਸ ਦਾ ਸਿਰਲੇਖ ਸੀ ਸੀਅਰਕੁੱਲ ਮੁਤਾਖਰੀਨ। ਦੋਸਤੋ, ਇਸ ਕਿਤਾਬ ਵਿੱਚ ਜਿੱਥੇ ਭਾਰਤ ਦੇ ਇਤਿਹਾਸ ਨੂੰ ਸਿਲਸਿਲੇਵਾਰ ਤਰਤੀਬ ਦਿੱਤੀ ਗਈ,ਉੱਥੇ ਲੇਖਕ ਨੇ ਕਿਤਾਬ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਲਈ ਧਾੜਵੀ,ਡਾਕੂ ਤੇ ਹੋਰ ਕਈ ਇਤਰਾਜ਼ਯੋਗ ਸ਼ਬਦਾਂ ਦੀ ਵਰਤੋਂ ਕੀਤੀ ਗਈ।1782 ਵਿੱਚ ਰੇਮੰਡ ਨਾਂ ਦੇ ਅੰਗਰੇਜ਼ ਨੇ ਇਸ ਕਿਤਾਬ ਦਾ ਫਾਰਸੀ ਤੋਂ ਅੰਗਰੇਜ਼ੀ ਵਿੱਚ ਤਰਜਮਾ ਵੀ ਕਰ ਦਿੱਤਾ।ਮਗਰੋਂ ਜਾਹਨ ਬ੍ਰਿਗਜ ਨੇ 1832 ਵਿੱਚ ਇਸ ਕਿਤਾਬ ਦਾ ਫਿਰ ਤਰਜਮਾ ਕੀਤਾ ਤੇ ਆਪਣੇ ਵੱਲੋਂ ਵੀ ਕੁਝ ਮਨਮਰਜ਼ੀਆਂ ਸ਼ਾਮਿਲ ਕਰ ਦਿੱਤੀਆਂ। ਇਹ ਉਹ ਦੌਰ ਸੀ ਜਦੋਂ ਮਹਾਰਾਜਾ ਰਣਜੀਤ ਸਿੰਘ ਦੀ ਪੰਜਾਬ ਵਿੱਚ ਹਕੂਮਤ ਸੀ।ਹਿੰਦੂ ਰਾਸ਼ਟਰਵਾਦ ਦੇ ਹਾਮੀਆਂ ਨੂੰ ਇਹ ਕਿਤਾਬ ਘਿਉ ਵਾਂਗ ਲੱਗੀ ਅਤੇ ਉਹਨਾਂ ਨੂੰ ਆਪਣਾ ਸੁਨਹਿਰੀ ਯੁਗ ਯਾਦ ਆਇਆ।ਇਸੇ ਦੌਰ ਵਿੱਚ ਐਚ ਐਲ ਵਿਲਸਨ,ਚਾਰਲਸ ਸਿਕਿਊਵਰਟ ਅਤੇ ਐਚ ਐਮ ਇਲੀਅਟ ਸਾਹਮਣੇ ਆਏ ਜਿਨਾਂ ਨੇ ਇਸ ਕਿਤਾਬ ਨੂੰ ਇਤਿਹਾਸ ਦੀ ਪ੍ਰਮਾਣਿਕ ਕਿਤਾਬ ਸਿੱਧ ਕਰਨ ਦਾ ਯਤਨ ਕੀਤਾ ਅਤੇ ਬਾਕਾਇਦਾ ਹਵਾਲੇ ਦਿੱਤੇ। ਐਚ ਐਲ ਵਿਲਸਨ ਦੀ ਸਿਖ ਇਤਿਹਾਸ ਬਾਰੇ ਸਮਝ ਦੀ ਗਰੀਬੀ ਦੇਖੋ ਕਿ ਉਸਨੇ 1849 ਵਿੱਚ ਆਪਣੇ ਇੱਕ ਰਿਸਰਚ ਪੇਪਰ ਵਿੱਚ ਇਹ ਲਿਖ ਮਾਰਿਆ ਕਿ ਉਦਾਸੀ ਤੇ ਨਿਰਮਲੇ ਗੁਰੂ ਨਾਨਕ ਸਾਹਿਬ ਦੇ ਅਸਲ ਵਾਰਸ ਅਰਥਾਤ ਜੈਨੁਅਨ ਡਿਸਐਂਡਟਸ ਸਨ ਜਦ ਕਿ ਸਭ ਜਾਣਦੇ ਹਨ ਕਿ ਗੁਰੂ ਸਾਹਿਬ ਦਾ ਅਸਲ ਵਾਰਸ ਖਾਲਸਾ ਪੰਥ ਹੈ।
ਦੋਸਤੋ,ਜੇ ਤੁਸੀਂ ਇਹ ਪਤਾ ਕਰਨਾ ਹੋਵੇ ਕਿ ਹਿੰਦੂ ਧਰਮ ਵਿੱਚ ਆਪਣੀ ਵੱਖਰੀ ਕੌਮ ਦਾ ਮਾਣ ,ਅਹਿਸਾਸ ਅਤੇ ਸਮਝ ਕਦੋਂ ਪੈਦਾ ਹੋਈ ਤਾਂ ਤੁਹਾਨੂੰ ਬੰਕਮ ਚੰਦਰ ਚੈਟਰ੍ਜੀ (ਜਾਂ ਬੰਕਮ ਚੰਦਰ ਚਟੋਪਾਧਿਆ) ਦੇ ਨਾਵਲ “ਅਨੰਦ ਮੱਠ” ਨੂੰ ਯਾਦ ਕਰਨਾ ਪਵੇਗਾ ਜਿਸ ਬਾਰੇ ਪ੍ਰਭਜੋਤ ਸਿੰਘ ਦਾ ਕਹਿਣਾ ਹੈ ਕਿ ਇਸ ਨਾਵਲ ਨਾਲ ਹਿੰਦੂਆਂ ਅੰਦਰ ਪਹਿਲੀ ਵਾਰ ਕੌਮ ਦੇ ਸੰਕਲਪ ਦੀ ਜਾਗ ਲੱਗੀ।ਦੂਜੇ ਸ਼ਬਦਾਂ ਵਿੱਚ ਹਿੰਦੂ ਰਾਸ਼ਟਰਵਾਦ ਦੀ ਗੱਲ ਜੋ ਅੱਜ ਕੱਲ ਪੂਰੇ ਜ਼ੋਰਾਂ ਸ਼ੋਰਾਂ ਨਾਲ ਭਖਾਈ ਜਾ ਰਹੀ ਹੈ,ਉਸ ਦੀ ਸ਼ੁਰੂਆਤ ਅਸਲ ਵਿੱਚ ਇਸ ਨਾਵਲ ਨਾਲ ਹੀ ਆਰੰਭ ਹੁੰਦੀ ਹੈ ਨਾ ਕਿ ਵੀਰ ਸਾਵਰਕਾਰ ਜਾਂ ਹੈਡਗੇਵਰ ਹਿੰਦੂ ਰਾਸ਼ਟਰਵਾਦ ਦੇ ਬਾਨੀ ਹਨ ਜਿਵੇਂ ਕਿ ਬਹੁਤੇ ਵਿਦਵਾਨਾਂ ਦੀ ਇਹੋ ਧਾਰਨ ਬਣੀ ਹੋਈ ਹੈ। ਮੁਸਲਮਾਨ ਕੌਮ ਬਾਰੇ ਜੋ ਇਸ ਕਿਤਾਬ ਵਿੱਚ ਦਿੱਤਾ ਗਿਆ ਹੈ ਉਹ ਤੁਸੀਂ ਖੁਦ ਹੀ ਪੜ ਕੇ ਆਪਣਾ ਫੈਸਲਾ ਕਰਿਓ।
ਜਿਸ ਗੀਤ ਨੂੰ ਸਾਰੇ ਦੇਸ਼ ਵਿੱਚ ਲਾਗੂ ਕਰਨ ਲਈ ਅੱਜ ਕੱਲ ਕੀਤਾ ਜਾ ਰਿਹਾ ਪ੍ਰਚਾਰ ਸਿਖਰਾਂ ਉੱਤੇ ਪਹੁੰਚ ਗਿਆ ਹੈ, ਉਹ ਗੀਤ ਬੰਦੇ ਮਾਤਰਮ ਵੀ ਇਸੇ ਕਿਤਾਬ ਦੀ ਦੇਣ ਹੈ। ਬੰਦੇ ਮਾਤਰਮ ਬੰਗਾਲੀ ਤੇ ਸੰਸਕ੍ਰਿਤ ਦਾ ਮਿਸ਼ਰਣ ਹੈ ਜਿਸਦਾ ਅਰਥ ਹੈ “ਮਾਂ ਮੈਂ ਤੈਨੂੰ ਨਮਨ ਕਰਦਾ ਹਾਂ “ਆਨੰਦ ਮੱਠ ਕਿਤਾਬ ਦਾ ਪੰਜਾਬੀ ਵਿੱਚ ਵੀ ਤਰਜਮਾ ਹੋ ਚੁੱਕਾ ਹੈ।
ਦੋਸਤੋ, ਇੱਕ ਹੋਰ ਅਤੀ ਅਸਚਰਜ ਤੇ ਅਫ਼ਸੋਸਨਾਕ ਹਕੀਕਤ ਤੁਹਾਨੂੰ ਯਾਦ ਕਰਾਉਣਾ ਚਾਹੁੰਦੇ ਹਾਂ।ਲਾਲਾ ਹਰਦਿਆਲ ਕੁਛ ਚਿਰ ਲਈ ਹੀ ਗਦਰ ਪਾਰਟੀ ਵਿੱਚ ਰਹੇ ਸਨ ਪਰ ਉਹਨਾਂ ਨੇ ਸਿੱਖ ਗਦਰੀਆਂ ਨੂੰ ਸਲਾਹ ਦਿੱਤੀ ਕਿ ਸਾਡਾ ਅਸਲ ਨਿਸ਼ਾਨਾ ਅਤੇ ਗੀਤ ਤਾਂ ਬੰਦੇ ਮਾਤਰਮ ਹੈ। ਬੰਦੇ ਮਾਤਰਮ ਦਾ ਨਾਅਰਾ ਬੁਲੰਦ ਕੀਤਾ ਜਾਵੇ।ਇਤਿਹਾਸ ਦਾ ਇਹ ਅਜਬ ਮਜ਼ਾਕ ਸੀ ਕਿ ਸਿੱਖਾਂ ਨੇ ਝਟਪਟ ਬੰਦੇ ਮਾਤਰਮ ਦਾ ਨਾਅਰਾ ਅਪਣਾ ਲਿਆ ਅਤੇ ਬੋਲੇ ਸੋ ਨਿਹਾਲ ਦਾ ਜੈਕਾਰਾ ਜੋ ਦੁਸ਼ਮਣ ਦੇ ਖੇਮੇ ਵਿੱਚ ਕੰਬਣੀ ਛੇੜ ਦਿੰਦਾ ਹੈ,ਗਦਰੀ ਵੀਰ ਉਹ ਜੈਕਾਰਾ ਛੱਡ ਕੇ ਬੰਦੇ ਮਾਤਰਮ ਵੱਲ ਮੁੜ ਗਏ ਅਤੇ ਇਹ ਸੋਚਿਆ ਹੀ ਨਾ ਗਿਆ ਕਿ ਇਹ ਗੀਤ ਕਿਸ ਕਿਤਾਬ ਵਿੱਚੋਂ ਆਇਆ ਹੈ ਅਤੇ ਸਿੱਖ ਕੌਮ ਲਈ ਇਸ ਦੇ ਕੀ ਅਰਥ ਹੋ ਸਕਦੇ ਹਨ।
ਪ੍ਰਭਜੋਤ ਸਿੰਘ ਨਵਾਂ ਸ਼ਹਿਰ ਨੇ ਮੇਰੇ ਨਾਲ ਇੱਕ ਇੰਟਰਵਿਊ ਵਿੱਚ ਇੱਕ ਕਿਤਾਬ ਦਾ ਵੀ ਜ਼ਿਕਰ ਕੀਤਾ ਜੋ ਕਰਨੈਲ ਸਿੰਘ ਨੇ ਐਡਿਟ ਕੀਤੀ ਹੈ ਇਸ ਕਿਤਾਬ ਵਿੱਚ ਲਾਲਾ ਹਰਦਿਆਲ ਦਾ ਇੱਕ ਪੱਤਰ ਛਪਿਆ ਹੈ ਜੋ ਉਹਨਾਂ ਨੇ 1925 ਵਿੱਚ ਲਾਹੌਰ ਤੋਂ ਛਪਦੇ ਰੋਜ਼ਾਨਾ ਅਖਬਾਰ ਪ੍ਰਤਾਪ ਵਿੱਚ ਹਿੰਦੂਆਂ ਦੇ ਭਵਿੱਖ ਬਾਰੇ ਲਿਖਿਆ ਸੀ।ਇਸ ਪੱਤਰ ਦੀ ਸ਼ਬਦਾਵਲੀ ਇਸ ਤਰ੍ਹਾਂ ਹੈ: ਮੈਂ ਐਲਾਨ ਕਰਦਾ ਹਾਂ ਕਿ ਹਿੰਦੁਸਤਾਨ ਅਤੇ ਪੰਜਾਬ ਦੀ ਹਿੰਦੂ ਰੇਸ ਚਾਰ ਥੰਮਾਂ ਉੱਤੇ ਟਿਕੀ ਹੋਈ ਹੈ: ੧ਹਿੰਦੂ ਸੰਗਠਨ ੨ਹਿੰਦੂ ਰਾਜ ੩ ਸ਼ੁਧੀ ਅਰਥਾਤ ਮੁਸਲਮਾਨਾਂ ਦਾ ਧਰਮ ਪਰਿਵਰਤਨ ਜਾਂ ਹਿੰਦੂ ਧਰਮ ਵਿੱਚ ਵਾਪਸੀ,੪ਅਫਗਾਨਿਸਤਾਨ ਅਤੇ ਸਰਹੱਦੀ ਇਲਾਕਿਆਂ ਨੂੰ ਜਿੱਤਣਾ ਅਤੇ ਸ਼ੁੱਧੀ।
ਸਿੱਖ ਕੌਮ ਰਾਜਨੀਤਕ ਵਿਦਵਤਾ ਤੋਂ ਕੋਹਾਂ ਦੂਰ ਹੈ। ਪ੍ਰਭਜੋਤ ਸਿੰਘ ਮੁਤਾਬਕ ਇਹ ਸਾਡੀ ਦਰਦਾਂ ਭਿੱਜੀ ਦਾਸਤਾਨ ਹੈ ਕਿ ਸਿੱਖ ਕੌਮ ਗੰਭੀਰ ਕਿਸਮ ਦੀਆਂ ਕਿਤਾਬਾਂ ਤੋਂ ਦੂਰ ਹੀ ਰਹਿੰਦੀ ਹੈ ਅਤੇ ਇਤਿਹਾਸ ਬਾਰੇ ਵੀ ਜਾਣਕਾਰੀ ਹਾਸਲ ਕਰਨ ਵਿੱਚ ਬਹੁਤੀ ਦਿਲਚਸਪੀ ਨਹੀਂ ਰੱਖਦੀ।ਤੁਸੀਂ ਹੈਰਾਨ ਹੋਵੋਗੇ ਕਿ ਗਦਰ ਪਾਰਟੀ ਲਹਿਰ ਨੂੰ ਆਜ਼ਾਦੀ ਦਾ ਪ੍ਰਚਾਰ ਕਰਨ ਲਈ ਕੋਈ ਐਡੀਟਰ ਹੀ ਨਹੀਂ ਸੀ ਮਿਲ ਰਿਹਾ। ਆਖਰਕਾਰ ਗਦਰ ਅਖਬਾਰ ਦਾ ਐਡੀਟਰ ਲਾਲਾ ਹਰਦਿਆਲ ਨੂੰ ਚੁਣਿਆ ਗਿਆ। ਜਦੋਂ ਉਹ ਛੇਤੀ ਹੀ ਲਹਿਰ ਨੂੰ ਵਿੱਚੇ ਹੀ ਛੱਡ ਕੇ ਚਲਾ ਗਿਆ ਤਾਂ ਮਗਰੋਂ ਪੰਜਾਬੀ ਵਿੱਚ ਛਪਣ ਵਾਲੇ ਗਦਰ ਅਖਬਾਰ ਦੇ ਐਡੀਟਰ ਸ਼ਹੀਦ ਕਰਤਾਰ ਸਿੰਘ ਸਰਾਭਾ ਬਣੇ।
ਅਸੀਂ ਵਿਸ਼ੇ ਤੋਂ ਰਤਾ ਬਾਹਰ ਜਾ ਰਹੇ ਹਾਂ ਕਿ ‘ਹਿੰਦੁਸਤਾਨ ਟਾਈਮਜ਼’ ਅਖਬਾਰ ਸਿੱਖਾਂ ਦੇ ਪੈਸੇ ਨਾਲ ਸਿੱਖਾਂ ਵੱਲੋਂ ਹੀ ਸ਼ੁਰੂ ਕੀਤਾ ਗਿਆ ਸੀ ਅਤੇ ਇਸ ਦੇ ਬਾਨੀ ਸੁੰਦਰ ਸਿੰਘ ਲਾਇਲਪੁਰੀ ਸਨ। ਪਰ ਇਸ ਦਾ ਪਹਿਲਾ ਐਡੀਟਰ ਇਕ ਗੈਰ ਸਿੱਖ ਕੇ ਐਮ ਪਾਨੀਕਰ ਨੂੰ ਚੁਣਿਆ ਗਿਆ। ਪਤਾ ਹੈ ਇਸ ਐਡੀਟਰ ਦੀ ਚੋਣ ਕਿਸ ਨੇ ਕੀਤੀ.? ਤੁਸੀਂ ਹੈਰਾਨ ਹੋਵੋਗੇ ਉਹ ਚੋਣ “ਮਹਾਤਮਾ” ਗਾਂਧੀ ਨੇ ਕੀਤੀ ਸੀ।ਸਾਡੇ ਦਰਦਾਂ ਨੂੰ ਕੌਣ ਬੁੱਝੇਗਾ.? ਦੋਸਤੋ, ਖਾਲਸਾ ਕਾਲਜ ਅੰਮ੍ਰਿਤਸਰ ਵੀ ਸਿੱਖਾਂ ਦੇ ਪੈਸੇ ਨਾਲ ਹੀ ਹੋਂਦ ਵਿੱਚ ਆਇਆ ਪਰ ਇਸ ਦੇ ਪਹਿਲੇ ਪ੍ਰਿੰਸੀਪਲ ਅੰਗਰੇਜ਼ ਹੀ ਸਨ।
ਚੰਡੀਗੜ੍ਹ ਤੋਂ ਛਪਣ ਵਾਲਾ ਪ੍ਰਸਿੱਧ ਅਖਬਾਰ ਟ੍ਰਿਬਿਊਨ ਹੈ ਜਿਸ ਦਾ ਬਾਨੀ ਸਿੱਖ ਸੀ। ਉਸ ਦਾ ਨਾਂ ਦਿਆਲ ਸਿੰਘ ਮਜੀਠੀਆ ਹੈ। ਪਰ ਦੋਸਤੋ,2 ਫਰਵਰੀ 1881 ਵਿੱਚ ਸ਼ੁਰੂ ਹੋਏ ਇਸ ਅਖਬਾਰ ਨੂੰ 144 ਸਾਲ ਬੀਤ ਜਾਣ ਪਿੱਛੋਂ ਵੀ ਅੱਜ ਤੱਕ ਕਿਸੇ ਸਿੱਖ ਨੂੰ ਇਸ ਦਾ ਚੀਫ ਐਡੀਟਰ ਬਣਨ ਦਾ ਸੁਭਾਗ ਪ੍ਰਾਪਤ ਨਹੀਂ ਹੋਇਆ। ਜੇ ਇਸ ਅਖਬਾਰ ਦੇ ਟਰਸਟੀਆਂ ਵੱਲ ਧਿਆਨ ਦਿੱਤਾ ਜਾਵੇ ਤਾਂ ਇਸ ਅਖਬਾਰ ਦੇ ਸ਼ੁਰੂ ਹੋਣ ਤੋਂ ਹੁਣ ਤੱਕ 90% ਤੋਂ ਵੀ ਵੱਧ ਟਰਸਟੀ ਗੈਰ ਸਿੱਖ ਹਨ।
ਇਸੇ ਤਰ੍ਹਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੀ ਪੰਜਾਬ ਦੀ ਹੀ ਹੈ ਪਰ ਗੁਰਾਂ ਦੇ ਨਾਂ ਤੇ ਵਸਦੇ ਪੰਜਾਬ ਵਿੱਚੋਂ ਸ਼ਾਇਦ ਹੀ ਗੁਰੂ ਦੇ ਕਿਸੇ ਸਿੱਖ ਨੂੰ ਇਸ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਬਣਨ ਦਾ ਸੁਭਾਗ ਪ੍ਰਾਪਤ ਹੋਵੇ ਜਾਂ ਸਰਕਾਰ ਨੇ ਕਦੇ ਸਿੱਖ ਵਾਈਸ ਚਾਂਸਲਰ ਬਣਾਉਣ ਬਾਰੇ ਸੋਚਿਆ ਹੀ ਹੋਵੇ।
ਪ੍ਰਭਜੋਤ ਸਿੰਘ ਦਾ ਕਹਿਣਾ ਹੈ ਕਿ ਦੇਸ਼ ਦੀ ਵੰਡ ਤੋਂ ਪਹਿਲਾਂ ਹਿੰਦੂਆਂ ਕੋਲ ਸਮਾਜਿਕ ਸੱਤਾ ਤਾਂ ਸੀ ਪਰ ਰਾਜਨੀਤਕ ਪ੍ਰਭੂਸਤਾ ਨਹੀਂ ਸੀ ਪਰ ਹੁਣ ਉਨਾਂ ਕੋਲ ਰਾਜਨੀਤਿਕ ਪ੍ਰਭੂ ਸੱਤਾ ਵੀ ਆ ਗਈ ਹੈ।ਜਿੱਥੋਂ ਤੱਕ ਸਿੰਘ ਸਭਾ ਲਹਿਰ ਦਾ ਸਬੰਧ ਹੈ ਉਹਨਾਂ ਨੇ ਧਾਰਮਿਕ ਪ੍ਰਭੂਸੱਤਾ ਤਾਂ ਹਾਸਲ ਕਰ ਲਈ ਸੀ ਪਰ ਅੰਗਰੇਜ਼ਾਂ ਨੂੰ ਇਹੋ ਡਰ ਸੀ ਕਿ ਸਿੱਖ ਰਾਜਨੀਤਿਕ ਪ੍ਰਭੂ ਸੱਤਾ ਲਈ ਸੰਘਰਸ਼ ਨਾ ਕਰਨ।ਸਿੰਘ ਸਭਾ ਲਹਿਰ ਨੇ ਧਰਮ ਦੇ ਪਵਿੱਤਰ,ਪਾਵਨ, ਨਿਰਮਲ ਸਰੂਪ ਨੂੰ ਹਰ ਹਾਲਤ ਵਿੱਚ ਬਚਾ ਕੇ ਰੱਖਿਆ। ਇਸ ਸਬੰਧੀ ਪ੍ਰਭਜੋਤ ਸਿੰਘ ਨੇ ਸਾਰੇ ਪਹਿਲੂਆਂ ਉੱਤੇ ਗੰਭੀਰ ਅਧਿਅਨ ਕੀਤਾ ਹੈ।ਹੁਣ ਉਹ ਅਤੇ ਉਨਾਂ ਦੇ ਸਾਥੀ ਇਕ ਵੱਡੇ ਪ੍ਰੋਜੈਕਟ ਉੱਤੇ ਕੰਮ ਕਰ ਰਹੇ ਹਨ।ਉਹਨਾਂ ਦਾ ਕਹਿਣਾ ਹੈ ਕਿ ਉਹ ਸਿੰਘ ਸਭਾ ਲਹਿਰ ਦੇ ਬੇਸ ਮਾਡਲ ਨੂੰ ਤਾਂ ਕਾਇਮ ਰੱਖਣਗੇ ਪਰ ਰਾਜਨੀਤਿਕ ਪਛਾਣ ਅਤੇ ਰਾਜਨੀਤਿਕ ਪ੍ਰਭੂਸਤਾ ਲਈ ਸੰਘਰਸ਼ ਕਰਨਗੇ ਜੋ ਹਾਲਤਾਂ ਮੁਤਾਬਕ ਸਿੰਘ ਸਭਾ ਲਹਿਰ ਨਹੀਂ ਸੀ ਕਰ ਸਕੀ।ਉਹ ਸਿੱਖਾਂ ਵਿੱਚ ਰਾਜਨੀਤਿਕ ਪਛਾਣ ਦੇ ਸਾਰੇ ਪੱਖਾਂ ਨੂੰ ਪਰਪੱਕ ਕਰਨ ਲਈ ਜਿੱਥੇ ਇੱਕ ਪਾਸੇ ਅਕਾਦਮਕ ਨਜ਼ਰੀਏ ਤੋਂ ਕੰਮ ਕਰਨਗੇ ਉਥੇ ਦੂਜੇ ਪਾਸੇ ਰਾਜਨੀਤਿਕ ਪਛਾਣ ਦੀ ਅਹਿਮੀਅਤ ਦਾ ਸਿੱਖ ਸੰਗਤਾਂ ਵਿੱਚ ਵਿਸ਼ਾਲ ਪੱਧਰ ਤੇ ਪਾਸਾਰ ਕਰਨਗੇ। ਪ੍ਰਭਜੋਤ ਸਿੰਘ ਦਾ ਮੰਨਣਾ ਹੈ ਕਿ ਭਾਰਤੀ ਜਨਤਾ ਪਾਰਟੀ ਇਸ ਸਮੇਂ ਦੋਵੇਂ ਪਾਸੇ ਸਰਗਰਮ ਹੈ।ਉਹ ਸਿੱਖਾਂ ਦੀ ਰਾਜਨੀਤਿਕ ਪਛਾਣ ਨੂੰ ਤਾਂ ਖੋਰਾ ਲਾ ਹੀ ਰਹੀ ਹੈ ਪਰ ਹੁਣ ਧਾਰਮਿਕ ਪਹਿਚਾਣ ਨੂੰ ਹਿੰਦੂ ਪਛਾਣ ਦੇ ਅਧੀਨ ਰੱਖ ਕੇ ਸਿੱਖ ਧਰਮ ਦੇ ਨਿਰਮਲ ਤੇ ਵਿਚਾਰਧਾਰਕ ਸਰੂਪ ਨੂੰ ਖੋਰਾ ਲਾਉਣ ਲਈ ਪੂਰੀ ਤਰ੍ਹਾਂ ਸਰਗਰਮ ਹੈ।ਸਿੱਖਾਂ ਨੂੰ ਸਨਾਤਨ ਨਾਲ ਜੋੜਨ ਅਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨੂੰ ਛੋਟਾ ਕਰਨ ਦੇ ਸਾਰੇ ਯਤਨ ਸਿੱਖਾਂ ਨੂੰ ਸ਼ਬਦ-ਗੁਰੂ ਦੇ ਪਵਿੱਤਰ ਸਿਧਾਂਤ ਤੋਂ ਦੂਰ ਕਰਨਾ ਹੈ। ਪਰ ਪ੍ਰਭਜੋਤ ਸਿੰਘ ਦਾ ਕਹਿਣਾ ਹੈ ਕਿ ਅਸੀਂ ਉਹਨਾਂ ਦੇ ਇਹੋ ਜਿਹੇ ਯਤਨਾਂ ਨੂੰ ਨਾਕਾਮ ਕਰਨ ਲਈ ਸਿੱਖ ਕੌਮ ਨੂੰ ਸੁਚੇਤ ਤੇ ਸਰਗਰਮ ਕਰਦੇ ਰਹਾਂਗੇ।
ਸਿੱਖ ਵਿਦਵਾਨ ਨੇ ਇਹ ਵੀ ਟਿੱਪਣੀ ਕੀਤੀ ਕਿ ਜੇਕਰ ਭਾਰਤੀ ਜਨਤਾ ਪਾਰਟੀ ਸੱਚਮੁੱਚ ਹੀ ਸੁੱਚੇ ਹਿਰਦਿਆਂ ਨਾਲ ਤੇ ਸੰਜੀਦਗੀ ਨਾਲ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨੂੰ ਹਿੰਦ ਦੀ ਚਾਦਰ ਕਹਿੰਦੀ ਹੈ ਅਤੇ ਉਹਨਾਂ ਦੀ ਸ਼ਖਸ਼ੀਅਤ ਦਾ ਪੂਰਾ ਸਤਿਕਾਰ ਕਰਦੀ ਹੈ ਤਾਂ ਫਿਰ ਇਹ ਮੌਕਾ ਹੈ ਕਿ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਸੰਵਿਧਾਨ ਵਿੱਚ ਸਿੱਖਾਂ ਨੂੰ ਹਿੰਦੂ ਕੋਡ ਬਿਲ ਤੋਂ ਬਾਹਰ ਕੱਢ ਕੇ ਵੱਖਰੇ ਧਰਮ ਵਜੋਂ ਸਵੀਕਾਰ ਕਰਨ ਜਿਵੇਂ ਇਸਲਾਮ ਨੂੰ ਵੱਖਰੇ ਧਰਮ ਵਜੋਂ ਮਾਨਤਾ ਹਾਸਲ ਹੈ। ਇਸ ਤੋਂ ਇਲਾਵਾ ਸਿੱਖਾਂ ਨੂੰ ਇੱਕ ਕੌਮ ਦਾ ਦਰਜਾ ਦਿੱਤਾ ਜਾਵੇ ਅਤੇ ਉਹਨਾਂ ਦੀ ਰਾਜਨੀਤਿਕ ਪ੍ਰਭੂਸੱਤਾ ਵਿੱਚ ਕਿਸੇ ਤਰ੍ਹਾਂ ਦੀ ਕੋਈ ਸਿੱਧੀ ਜਾਂ ਅਸਿੱਧੀ ਦਖਲ ਅੰਦਾਜ਼ੀ ਜਾਂ ਅੜਿਚਣ ਨਾ ਹੋਵੇ।
ਪ੍ਰਭਜੋਤ ਸਿੰਘ ਨੇ ਸਿੰਘ ਸਭਾ ਲਹਿਰ ਵੱਲੋਂ ਇਤਿਹਾਸ ਵਿੱਚ ਧਾਰਮਿਕ ਪ੍ਰਭੂ ਸੱਤਾ ਸਥਾਪਤ ਕਰਨ ਬਾਰੇ ਕੀਤੀ ਕੁਰਬਾਨੀ,ਤਿਆਗ ਤੇ ਮਿਹਨਤ ਸਬੰਧੀ ਵੀ ਡੂੰਘਾ ਮੁਤਾਲਿਆ ਕੀਤਾ ਹੈ ਤੇ ਵਿਦਵਾਨਾਂ ਦੇ ਉਹ ਸਾਰੇ ਬਿਰਤਾਂਤ ਭੰਨ ਤੋੜ ਦਿੱਤੇ ਹਨ ਜੋ ਇਸ ਲਹਿਰ ਨੂੰ ਕਿਸੇ ਨਾ ਕਿਸੇ ਰੂਪ ਵਿੱਚ ਪੱਛਮ ਦੇ ਗਿਆਨ ਦੀ ਉਪਜ ਦੱਸਦੇ ਹਨ। ਸਿੱਖ ਸੋਵਰਨ ਸਟੇਟ ਦੇ ਸੰਕਲਪ ਨੂੰ ਹੱਦਾਂ (ਟੈਰਟਰੀ)ਵਿੱਚੋਂ ਬਾਹਰ ਕੱਢ ਕੇ ਵੇਖਣ ਵਾਲੇ ਵਿਦਵਾਨਾਂ ਦੀ ਮਾਨਸਿਕਤਾ ਨੂੰ ਵੀ ਉਹ “ਹਵਾਈ ਉਡਾਰੀਆਂ” ਕਹਿੰਦੇ ਹਨ।ਇਥੇ ਇਹ ਚੇਤੇ ਕਰਾਇਆ ਜਾਂਦਾ ਹੈ ਕਿ 2012 ਈਸਵੀ ਵਿੱਚ ਜਦੋਂ ਪ੍ਰਭਜੋਤ ਸਿੰਘ ਨੇ ਲੁਧਿਆਣਾ ਵਿੱਚ ਹੋਏ ਇੱਕ ਸੈਮੀਨਾਰ ਦੌਰਾਨ ਸਿੱਖ ਰਾਜ ਵਿੱਚ ਟੈਰੀਟੋਰੀਅਲ ਕਨਸੈਪਟ ਨੂੰ ਸਿੱਖ ਕੌਮ ਦੀ ਬੁਨਿਆਦ ਦੱਸਿਆ ਤਾਂ ਉਸ ਸੈਮੀਨਾਰ ਦੇ ਪ੍ਰਧਾਨਗੀ ਕਰਦਿਆਂ ਡਾਕਟਰ ਜੇ ਐਸ ਗਰੇਵਾਲ ਨੇ ਵੀ ਪ੍ਰਭਜੋਤ ਸਿੰਘ ਦੀ ਧਾਰਨਾ ਦੀ ਪੁਸ਼ਟੀ ਕੀਤੀ ਸੀ।
“ਆਵਾਜ਼ -ਏ -ਕੌਮ”ਦੇ ਵੀਰਾਂ ਵੱਲੋਂ ਸਿੱਖ ਮੁੱਦਿਆਂ ਬਾਰੇ ਖਾਲਸਾ ਪੰਥ ਅੰਦਰ ਸਪਸ਼ਟਤਾ,ਗੰਭੀਰਤਾ ਤੇ ਗਹਿਰਾਈ ਵਿੱਚ ਉੱਤਰ ਕੇ ਸੋਚਣ ਤੇ ਸਮਝਣ ਦੀ ਜੋ ਸ਼ੁਰੂਆਤ ਕੀਤੀ ਹੈ ਅਤੇ ਜਿਵੇਂ ਪੰਜਾਬ ਦੇ ਅਕਾਦਮਿਕ ਵਿਹੜੇ ਵਿੱਚ ਆਪਣੇ ਕਦਮ ਰੱਖੇ ਹਨ, ਉਹ ਕਦਮ ਸੱਚਮੁੱਚ ਸ਼ਲਾਘਾ ਯੋਗ ਹਨ।ਇਸ ਤੋਂ ਪਹਿਲਾਂ ਅਵਤਾਰ ਸਿੰਘ (ਇੰਗਲੈਂਡ )ਨੇ ਕੌਮ ਦੇ ਸਿੱਖ ਸੰਕਲਪ ਬਾਰੇ ਜੋ ਪ੍ਰਸਿੱਧ ਕਿਤਾਬ ਲਿਆਂਦੀ,ਉਸ ਕਿਤਾਬ ਵਿੱਚ ਕੌਮ ਦੇ ਵਿਸ਼ੇ ਨੂੰ ਜਾਨਣ ਲਈ ਸਿੱਖ ਪੰਥ ਅੰਦਰ ਗੰਭੀਰਤਾ ਦਾ ਇੱਕ ਮਾਹੌਲ ਪੈਦਾ ਕੀਤਾ ਗਿਆ ਹੈ।ਹੁਣ ਡਾਕਟਰ ਜਸਵੀਰ ਸਿੰਘ (ਡੈਨਮਾਰਕ) ਦੀ ਕੌਮ ਬਾਰੇ ਵਿਸ਼ਵ ਪੱਧਰ ਦੀ ਸਰਬਪੱਖੀ ਵਿਦਵਤਾ ਨਾਲ ਲੈਸ ਕਿਤਾਬ “ਨੇਸ਼ਨ-ਸਟੇਟ ਤੇ ਸਿੱਖ ਕੌਮ” ਇਸੇ ਮਹੀਨੇ ਦਸੰਬਰ ਵਿੱਚ ਆ ਰਹੀ ਹੈ। ਇਸ ਨਾਲ ਕੌਮ ਦੇ ਵਿਸ਼ੇ ਨਾਲ ਜੁੜੇ ਸਾਰੇ ਗੰਭੀਰ ਪਹਿਲੂ ਖਾਲਸਾ ਪੰਥ ਵਿੱਚ ਪੁਨਰ ਜਾਗਰਤੀ ਦੀ ਅਕਾਦਮਿਕ,ਵਿਚਾਰਧਾਰਕ ਤੇ ਵਿਵੇਕ ਜਜ਼ਬਿਆਂ ਦੀ ਨਵੀਂ ਸਵੇਰ ਚੜੇਗੀ ਜਿਸ ਦੀ ਸਾਨੂੰ ਚਿਰਾਂ ਤੋਂ ਸਾਰਿਆਂ ਨੂੰ ਉਡੀਕ ਹੈ।
29 ਨਵੰਬਰ ਨੂੰ ਹੋਇਆ ਇਹ ਗੁਰਮਤ ਸਮਾਗਮ ਜਿੱਥੇ ਆਪਣੇ ਪਿੱਛੇ ਬਹੁਤ ਯਾਦਾਂ ਛੱਡ ਗਿਆ ਹੈ ਉੱਥੇ ਇਸ ਨਾਲ ਕੌਮ ਦੇ ਭੱਖਦੇ ਮੁੱਦਿਆਂ ਬਾਰੇ ਗੰਭੀਰਤਾ ਨਾਲ ਸੋਚਣ ਦਾ ਇੱਕ ਮਾਹੌਲ ਵੀ ਪੈਦਾ ਕਰਦਾ ਹੈ।


