ਅੱਜ ਮੁੜ ਸੁਣਵਾਈ ਦੌਰਾਨ ਹੋ ਸਕਦਾ ਕੋਈ ਵੱਡਾ ਫੈਸਲਾ

ਚੰਡੀਗੜ੍ਹ 6 ਨਵੰਬਰ (ਮੰਗਤ ਸਿੰਘ ਸੈਦਪੁਰ) : ਮਾਣਯੋਗ ਹਾਈ ਕੋਰਟ ‘ਚ ਬਿਕਰਮ ਮਜੀਠੀਆ ਦੀ ਜ਼ਮਾਨਤ ਪਟੀਸ਼ਨ ‘ਤੇ ਹੋਈ ਗਰਮਾ-ਗਰਮ ਬਹਿਸ ਦੌਰਾਨ ਸਰਕਾਰ ਦੀ ਨੁਮਾਇੰਦਗੀ ਕਰ ਰਹੇ ਪੰਜਾਬ ਐਡਵੋਕੇਟ ਜਨਰਲ (ਏਜੀ) ਨੇ ਦੋ ਦਿਨਾਂ ਦਾ ਸਮਾਂ ਮੰਗਿਆ। ਜਿਸ ‘ਤੇ ਅਦਾਲਤ ਨੇ ਸਪੱਸ਼ਟ ਤੌਰ ‘ਤੇ ਕਿਹਾ ਕਿ ਸੁਣਵਾਈ ਅੱਜ ਹੀ ਹੋਵੇਗੀ। ਖਾਸ ਗੱਲ ਇਹ ਹੈ ਕਿ ਤਿੰਨ ਵਾਰ ਵਿਧਾਇਕ ਰਹੇ ਬਿਕਰਮ ਮਜੀਠੀਆ ਨੂੰ 25 ਜੂਨ ਨੂੰ ਸਵੇਰੇ-ਸਵੇਰੇ ਉਨ੍ਹਾਂ ਦੇ ਅੰਮ੍ਰਿਤਸਰ ਘਰ ਅਤੇ 25 ਹੋਰ ਥਾਵਾਂ ਉਤੇ ਛਾਪੇਮਾਰੀ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਗਿਆ ਸੀ। ਵਿਜੀਲੈਂਸ ਟੀਮ ਨੇ ਛਾਪੇਮਾਰੀ ਦੌਰਾਨ ਡਿਜੀਟਲ ਡਿਵਾਈਸਾਂ, ਜਾਇਦਾਦ ਦੇ ਦਸਤਾਵੇਜ਼ ਅਤੇ ਵਿੱਤੀ ਰਿਕਾਰਡ ਜ਼ਬਤ ਕੀਤੇ ਸਨ।26 ਜੂਨ ਨੂੰ ਮੋਹਾਲੀ ਦੀ ਅਦਾਲਤ ਨੇ ਉਨ੍ਹਾਂ ਨੂੰ 7 ਦਿਨਾਂ ਦੀ ਪੁਲਿਸ ਹਿਰਾਸਤ ਵਿਚ ਭੇਜ ਦਿੱਤਾ, ਜਿਸ ਨੂੰ ਬਾਅਦ ਵਿਚ ਚਾਰ ਦਿਨ ਵਧਾ ਦਿੱਤਾ ਗਿਆ। ਬਾਅਦ ਵਿੱਚ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ। ਬਿਕਰਮ ਮਜੀਠੀਆ ਦੇ ਵਕੀਲ ਨੇ ਦਲੀਲ ਦਿੱਤੀ ਕਿ ਜਦੋਂ ਚਾਰਜਸ਼ੀਟ ਪਹਿਲਾਂ ਹੀ ਦਾਇਰ ਕੀਤੀ ਜਾ ਚੁੱਕੀ ਹੈ, ਤਾਂ ਸਰਕਾਰ ਹੁਣ ਜ਼ਮਾਨਤ ਦਾ ਵਿਰੋਧ ਕਿਉਂ ਕਰ ਰਹੀ ਹੈ ? ਉਨ੍ਹਾਂ ਦੱਸਿਆ ਕਿ ਸੁਪਰੀਮ ਕੋਰਟ ਨੇ ਪਹਿਲਾਂ ਆਮਦਨ ਤੋਂ ਵੱਧ ਜਾਇਦਾਦ ਦੇ ਦੋਸ਼ਾਂ ਵਾਲੀਆਂ ਕੰਪਨੀਆਂ ਵਿਰੁੱਧ ਐਨਡੀਪੀਐਸ ਮਾਮਲੇ ਵਿੱਚ ਜਾਂਚ ਰਿਪੋਰਟ ਨੂੰ ਰੱਦ ਕਰ ਦਿੱਤਾ ਸੀ।ਸਰਕਾਰ ਨੇ ਜਵਾਬ ਦਿੱਤਾ ਕਿ ਜਾਂਚ ਅਜੇ ਵੀ ਜਾਰੀ ਹੈ। ਮਜੀਠੀਆ ਦੇ ਵਕੀਲ ਨੇ ਦਲੀਲ ਦਿੱਤੀ ਕਿ ਜੇਕਰ ਜਾਂਚ ਚੱਲ ਰਹੀ ਹੈ, ਤਾਂ ਚਾਰਜਸ਼ੀਟ ਦਾਇਰ ਕਰਨ ਵਿੱਚ ਜਲਦਬਾਜ਼ੀ ਕਿਉਂ ਕੀਤੀ ਗਈ ਸੀ। ਉਨ੍ਹਾਂ ਦਲੀਲ ਦਿੱਤੀ ਕਿ ਸਰਕਾਰ ਸਿਰਫ਼ ਸਮਾਂ ਮੰਗ ਕੇ ਜ਼ਮਾਨਤ ਵਿਚ ਦੇਰੀ ਕਰ ਰਹੀ ਹੈ, ਜਦੋਂ ਕਿ ਇੱਕ ਵਾਰ ਚਾਰਜਸ਼ੀਟ ਪਹਿਲਾਂ ਹੀ ਦਾਇਰ ਹੋ ਚੁੱਕੀ ਹੈ, ਤਾਂ ਉਸ ਨੂੰ ਜੇਲ੍ਹ ਵਿੱਚ ਰੱਖਣਾ ਕੋਈ ਜਾਇਜ਼ ਨਹੀਂ ਹੈ।ਹਾਈਕੋਰਟ ਵਿਚ ਇਸ ਮਾਮਲੇ ਉਤੇ ਅੱਜ ਵੀ ਸੁਣਵਾਈ ਜਾਰੀ ਰਹੇਗੀ। ਮਜੀਠੀਆ ਦੀ ਜ਼ਮਾਨਤ ਉਤੇ ਹੁਣ ਅੱਜ ਕੋਈ ਵੱਡਾ ਫੈਸਲਾ ਆ ਸਕਦਾ ਹੈ।


