ਇਨਸਾਫ ਨਾ ਮਿਲਣ ‘ਤੇ ਥਾਣਾ ਅਤੇ ਵੂਮੈਨ ਸੈੱਲ ਮੋਹਾਲੀ ਦਾ ਘਿਰਾਓ ਕਰਨ ਦਾ ਕੀਤਾ ਐਲਾਨ
ਸਾਹਿਬਜ਼ਾਦਾ ਅਜੀਤ ਸਿੰਘ ਨਗਰ 31 ਅਕਤੂਬਰ (ਮੰਗਤ ਸਿੰਘ ਸੈਦਪੁਰ) : ਪੰਜਾਬ ਸਰਕਾਰ ਵੱਲੋਂ ਵਿੱਢੀ ‘ਜੰਗ ਨਸ਼ਿਆਂ ਵਿਰੁੱਧ’ ਮੁਹਿੰਮ ਪੰਜਾਬ ਵਿੱਚ ਹੀ ਦਮ ਤੋੜਦੀ ਨਜ਼ਰ ਆ ਰਹੀ ਹੈ, ਜਿਥੇ ਮੁੱਖ ਮੰਤਰੀ ਪੰਜਾਬ ਦੀ ਇਕ ਫੇਕ ਵੀਡੀਓ ਵਿਰੁੱਧ ਧੜੱਲੇ ਨਾਲ ਜਾਂਚ ਪੜਤਾਲ ਚੱਲ ਰਹੀ ਹੈ, ਉਥੇ ਹੀ ਇਕ ਲੜਕੀ ਦੀ ਇਤਰਾਜ਼ਯੋਗ ਅਸਲੀ ਵਾਇਰਲ ਵੀਡੀਓ ਉਤੇ ਪੁਲਿਸ ਵੱਲੋਂ ਕਾਰਵਾਈ ਨਾ ਕਰਨਾ ਸ਼ੱਕ ਦੇ ਘੇਰੇ ਵਿਚ ਹੈ। ਅੰਮ੍ਰਿਤਸਰ ਜ਼ਿਲ੍ਹੇ ਦੀ ਇੱਕ ਫਿਲਮੀ ਮਾਡਲ ਲੜਕੀ ਨੇ ਆਪਣੇ ਪਤੀ ਅਤੇ ਸੱਸ ਉਤੇ ਸੰਗੀਨ ਦੋਸ਼ ਲਾਏ ਹਨ ਅਤੇ ਜਿਸ ਬਾਬਤ ਮੋਹਾਲੀ ਪੁਲਿਸ ਵੱਲੋਂ ਪਰਚਾ ਵੀ ਦਰਜ ਕੀਤਾ ਜਾ ਚੁੱਕਾ ਹੈ ਪਰ ਪਰਚੇ ਵਿਚ ਨਾ ਤਾਂ ਬਣਦੀਆਂ ਧਾਰਾਵਾਂ ਲਗਾਈਆਂ ਹਨ ਅਤੇ ਨਾ ਹੀ ਪੀੜ੍ਹਤਾ ਨੂੰ ਇਨਸਾਫ ਦੀ ਕੋਈ ਉਮੀਦ ਦਿਖਾਈ ਦੇ ਰਹੀ ਹੈ।
ਪੀੜ੍ਹਤ ਮਹਿਲਾ ਨੇ ਦੱਸਿਆ ਕਿ ਇਸ ਮਾਮਲੇ ਤਹਿਤ ਸਿਟੀ ਥਾਣਾ ਖਰੜ ਵਿਖੇ ਧਾਰਾ 115(2), 127(2), 351(2), 79 ਆਫ ਬੀਐਨਐਸ, 2023 ਅਤੇ ਆਈਟੀ ਐਕਟ 2000 ਦੀ ਧਾਰਾ 67 ਤਹਿਤ ਐਫਆਈਆਰ ਨੰ: 334 ਦਰਜ ਕੀਤੀ ਗਈ ਹੈ ਪਰ ਇਸ ਤੋਂ ਬਾਅਦ ਉਸਦੀ ਮੁਸੀਬਤ ਵਧਦੀ ਰਹੀ। ਪੀੜ੍ਹਤਾ ਨੇ ਇਸਦੇ ਬਾਵਜੂਦ ਪੁਲਿਸ ਉਤੇ ਆਪਣੇ ਪਤੀ ਤੇ ਸੱਸ ਵਿਰੁੱਧ ਕੋਈ ਕਾਰਵਾਈ ਨਾ ਕਰਨ ਅਤੇ ਮਿਲੀਭੁਗਤ ਦਾ ਦੋਸ਼ ਲਗਾਇਆ ਹੈ। ਪੀੜਤਾ ਨੇ ਦੱਸਿਆ ਕਿ ਉਸ ਵੱਲੋਂ ਡੀਐਸਪੀ ਖਰੜ ਨੂੰ ਵੀ ਸ਼ਿਕਾਇਤ ਕੀਤੀ ਗਈ ਪਰ ਕੋਈ ਸੁਣਵਾਈ ਨਹੀਂ ਹੋਈ। ਪੀੜ੍ਹਤ ਮਹਿਲਾ ਨੇ ਦੋਸ਼ ਲਗਾਉਂਦਿਆਂ ਦਾਅਵਾ ਕੀਤਾ ਕਿ ਉਸ ਨਾਲ ਵਾਰ ਵਾਰ ਬਲਾਤਕਾਰ ਕੀਤਾ ਗਿਆ, ਪਰ ਪੁਲਿਸ ਵੱਲੋਂ ਕਥਿਤ ਤੌਰ ਉਤੇ ਦੋਸ਼ੀਆਂ ਖਿਲਾਫ਼ ਬਣਦੀਆਂ ਧਾਰਾਵਾਂ ਤਹਿਤ ਕਾਰਵਾਈ ਨਹੀਂ ਕੀਤੀ ਜਾ ਰਹੀ। ਆਖਰ ਵਿਚ ਪੀੜ੍ਹਤ ਮਹਿਲਾ ਨੇ ਮੁੱਖ ਮੰਤਰੀ, ਪੰਜਾਬ ਅਤੇ ਡੀਜੀਪੀ ਪੰਜਾਬ ਤੋਂ ਮੰਗ ਕੀਤੀ ਹੈ ਕਿ ਦੋਸ਼ੀ ਖਿਲਾਫ਼ ਬਣਦੀਆਂ ਧਾਰਾਵਾਂ ਤਹਿਤ ਕਾਰਵਾਈ ਕੀਤੀ ਜਾਵੇ। ਨਾਲ ਹੀ ਲੜਕੀ ਨੇ ਕਿਹਾ ਕਿ ਉਸਦੀ ਵੀਡੀਓ ਵਾਇਰਲ ਕਰਨ ਵਾਲਿਆਂ ਦੇ ਸੋਸ਼ਲ ਮੀਡੀਆ ਅਕਾਊਂਟਸ ਦੀ ਜਾਂਚ ਕੀਤੀ ਜਾਵੇ ਅਤੇ ਜ਼ਿੰਮੇਵਾਰ ਵਿਅਕਤੀਆਂ ਉਤੇ ਕਾਰਵਾਈ ਕਰਨ ਦੇ ਨਾਲ ਨਾਲ ਉਹਨਾਂ ਦੇ ਸੋਸ਼ਲ ਅਕਾਊਂਟ ਵੀ ਬੰਦ ਕੀਤੇ ਜਾਣ। ਇਸੇ ਦੌਰਾਨ ਪੀੜ੍ਹਤਾ ਨੇ ਵੂਮੈਨ ਸੈੱਲ ਮੋਹਾਲੀ ਦਾ ਘਿਰਾਓ ਕਰਨ ਦੀ ਵੀ ਚਿਤਾਵਨੀ ਦਿੱਤੀ ਹੈ।


