ਰਜਿਸਟਰੀਆਂ ‘ਤੇ ਲਾਈ ਪਾਬੰਦੀ ਖਤਮ ਕਰਨ ਲਈ ਵਿਧਾਨ ਸਭਾ ਦਾ ਸੈਸ਼ਨ ਬੁਲਾਕੇ ਕਾਨੂੰਨ ‘ਚ ਕਰ ਸੋਧ : ਸੀਨੀ. ਆਗੂ ਜਸਪਾਲ ਸਿੰਘ ਦੱਪਰ

ਸਾਹਿਬਜ਼ਾਦਾ ਅਜੀਤ ਸਿੰਘ ਨਗਰ 4 ਜੂਨ (ਮੰਗਤ ਸਿੰਘ ਸੈਦਪੁਰ) : ਕਮਿਊਨਿਸਟ ਪਾਰਟੀ ਆਫ਼ ਇੰਡੀਆ (ਸੀ.ਪੀ.ਆਈ.) ਦੇ 21 ਤੋਂ 25 ਸਤੰਬਰ ਨੂੰ ਚੰਡੀਗੜ੍ਹ ਵਿਖੇ ਹੋ ਰਹੇ ਰਾਸ਼ਟਰੀ ਸੰਮੇਲਨ ਸੰਬੰਧੀ ਪ੍ਰੈਸ ਨੂੰ ਸੰਬੋਧਨ ਕਰਦਿਆਂ ਮੋਹਾਲੀ ਵਿਖੇ ਅੱਜ ਪਾਰਟੀ ਦੇ ਸੂਬਾ ਸਕੱਤਰ ਕਾਮਰੇਡ ਬੰਤ ਸਿੰਘ ਬਰਾੜ ਨੇ ਕਿਹਾ ਕਿ 21 ਸਤੰਬਰ ਨੂੰ ਮੋਹਾਲੀ ਵਿਖੇ ਰੈਲੀ ਕੀਤੀ ਜਾਵੇਗੀ। ਜਿਸ ਵਿੱਚ ਪੰਜਾਬ ਤੋਂ 25 ਹਜ਼ਾਰ ਵਰਕਰਾਂ ਦਾ ਇੱਕਠ ਕੀਤਾ ਜਾਵੇਗਾ |
ਉਨ੍ਹਾਂ ਕਿਹਾ ਕਿ ਉਕਤ ਸਮੇਲਨ ਵਿਚ ਦੇਸ਼ ਦੇ ਗਰੀਬਾਂ, ਮਜਦੂਰਾਂ, ਛੋਟੇ ਕਿਸਾਨਾਂ, ਮੁਲਾਜ਼ਮ ਅਤੇ ਦੁਕਾਨਦਾਰਾਂ ਦੇ ਹੱਕਾਂ ਲਈ ਪਾਰਟੀ ਵੱਲੋਂ ਮਹੱਤਵ ਪੂਰਨ ਪ੍ਰੋਗ੍ਰਾਮ ਉਲੀਕਿਆ ਜਾਵੇਗਾ ਅਤੇ ਇਸ ਸੰਮੇਲਨ ਨਾਲ ਪਾਰਟੀ ਉੱਤਰ ਭਾਰਤ ਵਿਚ ਹੋਰ ਮਜਬੂਤ ਹੋਵੇਗੀ| ਇਸ ਸੰਮੇਲਨ ਵਿੱਚ ਦੇਸ਼ ਦੀਆਂ ਸਾਰੀਆਂ ਖੱਬੀਆਂ ਧਿਰਾਂ ਨੂੰ ਇਕ ਪਲੇਟਫਾਰਮ ‘ਤੇ ਇਕਜੁੱਟ ਕਰਨ ਦਾ ਉਪਰਾਲਾ ਕੀਤਾ ਜਾਵੇਗਾ |
ਸ਼੍ਰੀ ਬਰਾੜ ਨੇ ਕਿਹਾ ਕਿ ਪੰਜਾਬ ਦੇ ਮੁਖ ਮੰਤਰੀ ਸ਼੍ਰੀ ਭਗਵੰਤ ਸਿੰਘ ਮਾਨ ਵੱਲੋਂ ਬੀਤੇ ਦਿਨੀਂ ਕਿਹਾ ਗਿਆ ਸੀ ਕਿ ਪੰਜਾਬ ਵਿੱਚ ਨਸ਼ੇ, ਭ੍ਰਿਸ਼ਟਾਚਾਰ ਅਤੇ ਗੈੰਗਸਟ੍ਰਾ ਦਾ ਬੋਲਬਾਲਾ ਹੈ ਅਤੇ ਇਹ ਸਾਰਾ ਵਰਤਾਰਾ ਨੇਤਾਵਾਂ ਅਤੇ ਸੂਬੇ ਦੇ ਉਚ ਅਧਿਕਾਰੀਆਂ ਦੇ ਗਠਜੋੜ ਦੇ ਨਾਲ ਪਿਛਲੇ ਲੰਮੇ ਸਮੇ ਤੋ ਲਗਾਤਾਰ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਮੁਖ ਮੰਤਰੀ ਨੂੰ ਤੁਰੰਤ ਇਸ ਗਠਜੋੜ ਵਿੱਚ ਸ਼ਾਮਿਲ ਸਾਰੇ ਨੇਤਾਵਾਂ ਅਤੇ ਅਧਿਕਾਰੀਆਂ ਦੇ ਨਾਮ ਲੋਕਾਂ ਵਿੱਚ ਨਸ਼ਰ ਕਰਕੇ ਇਨ੍ਹਾਂ ਖਿਲਾਫ਼ ਸਖਤ ਕਾਰਵਾਈ ਕਰਨੀ ਚਾਹੀਦੀ ਹੈ| ਉਨ੍ਹਾਂ ਦੋਸ਼ ਲਗਾਇਆ ਕਿ ਪੰਜਾਬ ਵਿੱਚ ਪੁਲਿਸ ਰਾਜ ਚਲ ਰਿਹਾ ਹੈ ਅਤੇ ਨਸ਼ਾ ਕਰਨ ਵਾਲੇ ਲੋਕਾਂ ਦੇ ਘਰ ਢਾਹੇ ਜਾ ਰਹੇ ਹਨ। ਪਰ ਇਸ ਧੰਦੇ ਵਿੱਚ ਸ਼ਾਮਿਲ ਕਿਸੇ ਵੀ ਰਾਜਸੀ ਨੇਤਾ ਜਾਂ ਉਚ ਅਧਿਕਾਰੀਆਂ ਦੇ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਉਨ੍ਹਾਂ ਨੇ ਮੰਗ ਕੀਤੀ ਇਸ ਧੰਦੇ ਵਿਚ ਸ਼ਾਮਿਲ ਵਿਅਕਤੀਆਂ ਦੇ ਖਿਲਾਫ਼ ਕਾਨੂੰਨ ਮੁਤਾਬਿਕ ਸਖਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਪੁਲਿਸ ਝੂਠੇ ਮੁਕਾਬਲੇ ਦਿਖਾ ਕੇ ਲੋਕਾਂ ਦਾ ਕਤਲ ਕਰ ਰਹੀ ਹੈ। ਜਿਸ ਬਾਰੇ ਮੁਖ ਮੰਤਰੀ ਨੂੰ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ ਕਿਉਂ ਕਿ ਦੇਸ਼ ਦਾ ਕਾਨੂਨ ਪੁਲਿਸ ਨੂੰ ਕਿਸੇ ਦੀ ਹੱਤਿਆ ਕਰਨ ਦਾ ਅਧਿਕਾਰ ਨਹੀਂ ਦਿੰਦਾ।
ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਦੇਸ਼ ਭਰ ਵਿੱਚ ਫਿਰਕਾਪ੍ਰਸਤ ਤਾਕਤਾਂ ਮਜਬੂਤ ਹੋਣ ਦੀ ਕੋਸ਼ਿਸ ਕਰ ਰਹੀਆਂ ਹਨ। ਜਿਸ ਦਾ ਪਾਰਟੀ ਵਲੋਂ ਦੇਸ਼ ਦੇ ਬੁੱਧੀਜੀਵੀਆਂ ਅਤੇ ਨਿਰਪੱਖ ਲੋਕਾਂ ਨਾਲ ਮਿਲਕੇ ਟਾਕਰਾ ਕੀਤਾ ਜਾਵੇਗਾ ਅਤੇ ਦੇਸ਼ ਨੂੰ ਧਰਮਾਂ ਅਤੇ ਜਾਤਾਂ ਵਿੱਚ ਵੰਡਣ ਨਹੀਂ ਦਿਤਾ ਜਾਵੇਗਾ। ਉਨ੍ਹਾਂ ਕਿਹਾ ਕਿ ਦੇਸ਼ ਵਿਚ ਬੇਰੁਜ਼ਗਾਰੀ, ਭ੍ਰਿਸ਼ਟਾਚਾਰ, ਗਰੀਬੀ ਅਤੇ ਭੁਖਮਰੀ ਸਾਰੀਆਂ ਹੱਦਾਂ ਟੱਪ ਚੁੱਕੀ ਹੈ ਅਤੇ ਇਸ ਵਿੱਚ ਦੇਸ਼ ਦੀਆਂ ਕੁੱਝ ਰਾਜਨੀਤਿਕ ਪਾਰਟੀਆਂ, ਕਾਰ੍ਪੋਰੇਟਾਂ ਅਤੇ ਉੱਚ ਪੱਧਰੀ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਇੱਕ ਗਠਜੋੜ ਬਣ ਗਿਆ ਹੈ ਜਿਸਨੂੰ ਪਾਰਟੀ ਵੱਲੋਂ ਹੋਰ ਦੇਸ਼ ਭਗਤ ਸੰਸਥਾਵਾਂ ਨਾਲ ਮਿਲਕੇ ਖਤਮ ਕੀਤਾ ਜਾਵੇਗਾ।
ਦੇਸ਼ ਵਿੱਚ ਖੱਬੇਪੱਖੀ, ਜਮਹੂਰੀਅਤ ਪਸੰਦ ਲੋਕਾਂ ਨੂੰ ਇੱਕਠੇ ਕਰਕੇ ਦੇਸ਼ ਵਿੱਚ ਰਾਜਨੀਤਿਕ ਗਰੀਬ ਪੱਖੀ ਲੋਕਾਂ ਬਦਲਾਅ ਪੇਸ਼ ਕੀਤਾ ਜਾਵੇਗਾ। ਦੇਸ਼ ਵਿੱਚ ਆਦਿਵਾਸੀਆਂ ਨੂੰ ਜੋ ਮਾਓਵਾਦੀ ਕਹਿਕੇ ਜੋ ਕਤਲੇਆਮ ਕੀਤਾ ਜਾ ਰਿਹਾ ਹੈ, ਉਸ ਦੀ ਪਾਰਟੀ ਜ਼ੋਰਦਾਰ ਸ਼ਬਦਾਂ ਵਿੱਚ ਨਿੰਦਾ ਕਰਦੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਜੋ ਲੋਕ ਆਪਣੀਆਂ ਸਜਾਵਾਂ ਭੁਗਤ ਚੁੱਕੇ ਹਨ। ਉਨ੍ਹਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ|
ਕਾਮਰੇਡ ਬਰਾੜ ਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜੋ 500 ਗਜ ਤੋਂ ਘੱਟ ਅਤੇ ਪਿੰਡਾਂ ਦੀ ਲਾਲ ਲਕੀਰ ਅੰਦਰ ਅਤੇ 20 ਹਜ਼ਾਰ ਕਲੌਨੀਆਂ ਦੀਆਂ ਰਜਿਸਟਰੀਆਂ ਤੇ ਰੋਕ ਲਗਾਈ ਗਈ ਹੈ। ਉਸ ਨੂੰ ਤੁਰੰਤ ਖਤਮ ਕਰਕੇ ਅਤੇ ਜੇ ਲੋੜ ਪਵੇ ਤਾਂ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਬੁਲਾਕੇ ਇਸ ਵਿੱਚ ਤੁਰੰਤ ਤਰਮੀਮ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਇਨ੍ਹਾਂ ਰਜਿਸਟਰੀਆਂ ਕਾਰਨ ਸੂਬੇ ਦੇ ਮਜਦੂਰ, ਬੇ-ਜਮੀਨੇ, ਐਸਸੀ/ਬੀਸੀ.,ਅਤੇ ਹੋਰ ਗਰੀਬ ਲੋਕ ਪ੍ਰਭਾਵਿਤ ਹੋ ਰਹੇ ਹਨ ਜਿਨ੍ਹਾਂ ਦੀ ਗਿਣਤੀ ਕੁੱਲ ਆਬਾਦੀ ਦਾ 90 ਪ੍ਰਤੀ ਸ਼ਤ ਹੈ ਅਤੇ ਇਹ ਗਿਣਤੀ ਢਾਈ ਕਰੋੜ ਦੇ ਕਰੀਬ ਬਣਦੀ ਹੈ |
ਇਸ ਮੌਕੇ ਤੇ ਜਿੱਲ੍ਹਾ ਸੱਕਤਰ ਐਡਵੋਕੇਟ ਜਸਪਾਲ ਸਿੰਘ ਦੱਪਰ ਨੇ ਕਿਹਾ ਕਿ ਉਹ ਪਾਰਟੀ ਦੇ ਮਹਾਂਸੰਮੇਲਨ ਤੇ ਪ੍ਰੋਗਰਾਮ ਨੂੰ ਸਫਲ ਕਰਨ ਲਈ ਆਪਣਾ ਪੂਰਾ ਤਨ, ਮਨ, ਧਨ ਦੇ ਨਾਲ ਸਹਿਯੋਗ ਕਰਨਗੇ ਅਤੇ ਸੂਬੇ ਦੇ ਹੱਕ ਵਿੱਚ ਖੜਨ ਵਾਲੀਆਂ ਜਾਥੇਬੰਦੀਆਂ, ਬੁਧੀਜੀਵੀਆਂ ਸਮਾਜਿਕ ਤੇ ਹੋਰ ਸੰਸਥਾਵਾਂ ਨੂੰ ਨਾਲ ਜੋੜਕੇ ਇਸ ਪ੍ਰੋਗਰਾਮ ਨੂੰ ਸਫ਼ਲ ਕਰਨਗੇ। ਉਨ੍ਹਾਂ ਅੱਗੇ ਕਿਹਾ ਕਿ ਜਿੱਲ੍ਹੇ ਅਤੇ ਪੰਜਾਬ ਦਾ ਭਲਾ ਚਾਹੁਣ ਵਾਲੇ ਸਾਰੇ ਪਤਵੰਤਿਆਂ ਕੋਲੋ ਉਨ੍ਹਾਂ ਨੂੰ ਭਰੋਸਾ ਦਿੱਤਾ ਗਿਆ ਹੈ ਕਿ ਉਹ ਪੰਜਾਬ ਅਤੇ ਦੇਸ਼ ਦੀ ਭਲਾਈ ਲਈ ਹਰ ਕਿਸਮ ਦੀ ਸਹਾਇਤਾ ਕਰਨਗੇ। ਇਸ ਮੌਕੇ ਜਿਲ੍ਹਾ ਪਾਰਟੀ ਵੱਲੋਂ ਇੱਕ ਲੱਖ ਰੁਪਏ ਫੰਡ ਵੱਜੋਂ ਸੁਬਾ ਸਕੱਤਰ ਨੂੰ ਦਿੱਤੇ ਗਏ ਅਤੇ ਨਾਲ ਹੀ ਭਰੋਸਾ ਦਿਵਾਇਆ ਕਿ ਰੈਲੀ ਵਿੱਚ ਜਿਲ੍ਹੇ ਮੋਹਾਲੀ ਤੋਂ 1,000 ਵਰਕਰ ਸ਼ਾਮਿਲ ਹੋਣਗੇ |
ਇਸ ਮੌਕੇ ਇੰਡੀਅਨ ਐਸੋਸੀਏਸ਼ਨ ਆਫ਼ ਲਾਇਰਸ ਦੇ ਸਪੋਕਸਪਰਸਨ ਐਡਵੋਕੇਟ ਦਰਸ਼ਨ ਸਿੰਘ ਧਾਲੀਵਾਲ ਨੇ ਕਿਹਾ ਕਿ ਸੀ.ਪੀ.ਆਈ. ਜੋ ਗਰੀਬ ਅਤੇ ਪੀੜਿਤ ਲੋਕਾਂ ਦੇ ਮਸਲੇ ਚੁੱਕੇ ਹਨ ਐਸੋਸੀਏਸ਼ਨ ਇਨ੍ਹਾਂ ਦਾ ਪੂਰਨ ਸਮਰਥਨ ਕਰਦੀ ਹੈ | ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਦੇ ਮੁੱਦਿਆਂ ਸੰਬੰਧੀ ਜੋ ਵੀ ਸੂਬੇ ਦਾ ਨੇਤਾ, ਪਾਰਟੀ ਅਤੇ ਹੋਰ ਕੋਈ ਵੀ ਜਥੇਬੰਦੀ ਸੰਘਰਸ਼ ਕਰੇਗੀ ਤਾਂ ਐਸੋਸੀਏਸ਼ਨ ਉਸ ਵਿੱਚ ਸਾਮਿਲ ਹੋ ਕਿ ਸੂਬੇ ਦੇ ਲੋਕਾਂ ਦੇ ਹੱਕਾਂ ਲਈ ਵਧ ਚੜ ਕੇ ਹਿੱਸਾ ਲਵੇਗੀ |
ਇਸ ਮੌਕੇ ਹੋਰਨਾ ਤੋਂ ਇਲਾਵਾ ਕਾਮਰੇਡ ਦਿਲਦਾਰ, ਮਹਿੰਦਰਪਾਲ, ਅਵਤਾਰ ਸਿੰਘ ਦੱਪਰ, ਨਸੀਬ ਸਿੰਘ, ਸੁਰਿੰਦਰ ਸਿੰਘ, ਬਲਵਿੰਦਰ ਸਿੰਘ, ਸੁਰਿੰਦਰ ਲਹੌਰੀਆ, ਗੁਰਦਿਆਲ ਸਿੰਘ, ਮਹਿੰਦਰ ਸਿੰਘ ਸਰਸਿਣੀ, ਸੁਖਪਾਲ ਸਿੰਘ ਹੁੰਦਲ, ਬ੍ਰਿਜ ਮੋਹਨ ਸ਼ਰਮਾ, ਕਮਲ ਸਿੰਘ, ਜਗਜੀਤ ਕੌਰ ਰਾਨੀ ਡੇਰਾਬੱਸੀ, ਸਤਵਿੰਦਰ ਸਿੰਘ ਕਰਾਲਾ, ਅਸ਼੍ਵਨੀ ਕੁਮਾਰ ਮਿਨਹਾਸ, ਭਾਗ ਸਿੰਘ ਗੀਗੇਮਾਜਰਾ, ਹਾਜ਼ਰ ਹਨ|


