ਸਾਹਿਬਜ਼ਾਦਾ ਅਜੀਤ ਸਿੰਘ ਨਗਰ 7 ਮਾਰਚ (ਮੰਗਤ ਸਿੰਘ ਸੈਦਪੁਰ) : ਖਾਲਸਾ ਪੰਥ ਦੀ ਮਿੰਨੀ ਪਾਰਲੀਮੈਂਟ ਸਮਝੀ ਜਾਂਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਵੱਲੋਂ ਖਾਲਸਾ ਪੰਥ ਦੀ ਸਰਵ ਉੱਚ ਅਦਾਲਤ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਵੀਰ ਸਿੰਘ ਅਤੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸੁਲਤਾਨ ਸਿੰਘ ਨੂੰ ਜਥੇਦਾਰੀ ਤੋਂ ਹਟਾਉਣ ਦੇ ਫੈਸਲੇ ਦੀ ਸਖ਼ਤ ਨਿਖੇਦੀ ਕਰਦਿਆਂ ਪੰਥਕ ਅਕਾਲੀ ਲਹਿਰ ਮੋਹਾਲੀ ਦੇ ਮੁੱਖ ਸੇਵਾਦਾਰ ਹਰਮਿੰਦਰ ਸਿੰਘ ਪੱਤੋ ਨੇ ਕਿਹਾ ਕਿ ਇਹ ਫੈਸਲਾ ਤੁਰੰਤ ਵਾਪਿਸ ਹੋਣਾ ਚਾਹੀਦਾ ਹੈ। ਇਥੇ ਜਾਰੀ ਪ੍ਰੈਸ ਬਿਆਨ ਵਿੱਚ ਉਹਨਾਂ ਕਿਹਾ ਕਿ ਸੁਖਬੀਰ ਬਾਦਲ ਵੱਲੋਂ 2 ਦਸੰਬਰ ਦੇ ਹੁਕਮਨਾਮੇ ਤੋਂ ਬਾਅਦ ਸਿੱਧਾ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਚੈਲੇੰਜ ਕੀਤਾ ਜਾ ਰਿਹਾ ਹੈ ਅਤੇ ਉਹ ਆਪਣੇ ਆਪ ਨੂੰ ਅਕਾਲ ਤਖਤ ਤੋਂ ਵੀ ਵੱਡਾ ਸਮਝਣ ਲੱਗ ਪਿਆ ਹੈ। ਉਹਨਾਂ ਕਿਹਾ ਕਿ ਸੁਖਬੀਰ ਬਾਦਲ ਵੱਲੋਂ ਉਹਨਾਂ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਅਤੇ ਹੋਰ ਤਖਤਾਂ ਦੇ ਜਥੇਦਾਰਾਂ ਨੂੰ ਇਸ ਤਰ੍ਹਾਂ ਪੰਥਕ ਰਹਿਤ ਮਰਿਆਦਾ ਤੋਂ ਬਾਹਰ ਹੋ ਕੇ ਅਹੁਦਿਆਂ ਤੋਂ ਹਟਾਉਣਾ ਪੰਥਕ ਸਿਧਾਂਤਾਂ ਨੂੰ ਸਿੱਧਾ ਚੈਲੇੰਜ ਕਰਨਾ ਹੈ। ਜਦੋਂ ਕਿ ਮੁੱਢ ਤੋਂ ਹੀ ਸ੍ਰੀ ਅਕਾਲ ਤਖਤ ਸਾਹਿਬ ਅਤੇ ਹੋਰ ਤਖਤ ਸਾਹਿਬਾਨਾਂ ਦੇ ਜਥੇਦਾਰਾਂ ਦਾ ਮਾਣ ਸਤਿਕਾਰ ਖਾਲਸਾ ਪੰਥ ਸਿੱਖ ਸੰਗਤਾਂ ਵੱਲੋਂ ਵੱਡੇ ਪੱਧਰ ‘ਤੇ ਕੀਤਾ ਜਾਂਦਾ ਹੈ। ਪਰੰਤੂ ਬਾਦਲ ਪਰਿਵਾਰ ਤਖਤਾਂ ਦੇ ਜਥੇਦਾਰਾਂ ਸਾਹਿਬਾਨਾਂ ਨੂੰ ਆਪਣਾ ਗੁਲਾਮ ਸਮਝਦਾ ਹੈ ਅਤੇ ਜਦੋਂ ਵੀ ਦਿਲ ਕਰਦਾ ਹੈ ਉਦੋਂ ਹੀ ਅੰਤਰਿੰਗ ਕਮੇਟੀ ਨੂੰ ਕਹਿ ਕੇ ਜਥੇਦਾਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਅਹੁਦਿਆਂ ਤੋਂ ਹਟਵਾ ਦਿੰਦਾ ਹੈ। ਉਹਨਾਂ ਕਿਹਾ ਕਿ ਖਾਲਸਾ ਪੰਥ ਦੇ ਤਖਤ ਸਾਹਿਬਾਨਾਂ ਦੇ ਜਥੇਦਾਰਾਂ ਇਸ ਢੰਗ ਨਾਲ ਹਟਾਉਣ ਕਰਕੇ ਦੇਸ਼-ਵਿਦੇਸ਼ਾਂ ਦੀਆਂ ਸੰਗਤਾਂ ਵਿੱਚ ਵੱਡੇ ਪੱਧਰ ‘ਤੇ ਰੋਸ ਵੇਖਣ ਨੂੰ ਮਿਲ ਰਿਹਾ ਹੈ। ਉਹਨਾਂ ਕਿਹਾ ਕਿ ਜਦੋਂ ਪੰਜਾਬ ਦੇ ਵਿੱਚ ਅਕਾਲੀ ਦਲ ਬਾਦਲ ਅਤੇ ਭਾਜਪਾ ਦੀਆਂ ਸਰਕਾਰਾਂ ਸਨ ਉਦੋਂ ਸੌਦਾ ਸਾਧ ਰਾਮ ਰਹੀਮ ਦੇ ਚੇਲਿਆਂ ਵੱਲੋਂ ਜੁਗੋ ਜੁਗ ਅਟੱਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵੀ ਅਨੇਕਾਂ ਵਾਰ ਬੇਅਦਬੀਆਂ ਹੋਈਆਂ ਹਨ ਅਤੇ ਦੋਸ਼ੀਆਂ ਨੂੰ ਉਹਨਾਂ ਵੱਲੋਂ ਆਪਣੀ ਸਰਕਾਰ ਦੇ ਵੇਲੇ ਸਜ਼ਾਵਾਂ ਦੇਣ ਦੀ ਬਜਾਏ ਸ਼ਰਨ ਦੇ ਕੇ ਹਮੇਸ਼ਾ ਬਚਾਉਣ ਦੀ ਕੋਸ਼ਿਸ਼ ਕੀਤੀ ਗਈ। ਜਿਸ ਕਾਰਨ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਪੰਜਾਬ ‘ਚੋਂ ਖਾਤਮਾ ਹੋ ਚੁੱਕਾ ਹੈ। ਪਰੰਤੂ ਹੁਣ ਗੁਰੂ ਘਰ ਨਾਲ ਮੱਥਾ ਲਾਉਣ ਕਰਕੇ ਸੁਖਬੀਰ ਬਾਦਲ ਨੂੰ ਇਸ ਤੋਂ ਵੀ ਵੱਡੀ ਸਜ਼ਾ ਮਿਲ ਸਕਦੀ ਹੈ। ਕਿਉਂਕਿ ਗੁਰੂ ਘਰ ਨਾਲ ਮੱਥਾ ਲਾਉਣ ਵਾਲੇ ਸ਼ਖਸ ਦਾ ਹਮੇਸ਼ਾ ਮਾੜਾ ਹਸ਼ਰ ਹੋਇਆ ਹੈ। ਉਹਨਾਂ ਕਿਹਾ ਕਿ ਪਹਿਲਾਂ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਅਤੇ ਹੁਣ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਗਿਆਨੀ ਰਘਵੀਰ ਸਿੰਘ ਅਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਜੀ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਨੂੰ ਜਥੇਦਾਰੀ ਤੋਂ ਹਟਾਉਣ ਦੀ ਪੰਥਕ ਅਕਾਲੀ ਲਹਿਰ ਵੱਲੋਂ ਸਖਤ ਨਿਖੇਧੀ ਕੀਤੀ ਜਾਂਦੀ ਹੈ। ਗੁਰਦੁਆਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੇ ਮੈਂਬਰਾਂ ਨੂੰ ਲਿਆ ਗਿਆ ਇਹ ਗਲਤ ਫੈਸਲਾ ਤੁਰੰਤ ਵਾਪਸ ਲੈਣਾ ਚਾਹੀਦਾ ਹੈ।


