ਚੰਡੀਗੜ੍ਹ 7 ਮਾਰਚ (ਮੰਗਤ ਸਿੰਘ ਸੈਦਪੁਰ/ਜੀਵਨ ਭਾਗੀ) : ਖਾਲਸਾ ਪੰਥ ਦੀ ਮਿਨੀ ਪਾਰਲੀਮੈਂਟ ਸਮਝੀ ਜਾਂਦੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿੰਗ ਕਮੇਟੀ ਦੁਆਰਾ ਜਥੇਦਾਰ ਸਹਿਬਾਨ ਨੂੰ ਉਹਨਾਂ ਦੇ ਅਹੁਦਿਆਂ ਤੋਂ ਬਿਨਾ ਕੋਈ ਕਾਰਨ ਦੱਸੇ ਬਰਖਾਸਤ ਕਰਨਾ, ਜਥੇਦਾਰ ਸਹਿਬਾਨ ਦੇ ਸਨਮਾਨਿਤ ਅਹੁਦਿਆਂ ਲਈ ਹੀ ਨਹੀ ਪੂਰੀ ਕੌਮ ਲਈ ਬਹੁਤ ਹੀ ਬੇਇਜ਼ਤੀ ਭਰਿਆ ਹੈ। ਸਿੱਖ ਕੌਮ ਦੇ ਪੁਰਾਣੇ ਸੰਘਰਸ਼ੀਲ ਕਾਰਜ ਕਰਤਾ ਅਤੇ ਵਿਦਵਾਨ ਡਾਕਟਰ ਭਗਵਾਨ ਸਿੰਘ, ਸ ਸਰਬਜੀਤ ਸਿੰਘ ਸੋਹਲ, ਭਾਈ ਹਰਸਿਮਰਨ ਸਿੰਘ ਅਨੰਦਪੁਰ, ਸ ਹਰਵਿੰਦਰ ਸਿੰਘ ਬਠਿੰਡਾ, ਸ ਸਵਰਨ ਸਿੰਘ ਖਾਲਸਾ, ਸ ਅਵਤਾਰ ਸਿੰਘ ਬੋਪਾਰਾਏ ਨੇ ਇਕ ਲਿਖਤ ਬਿਆਨ ਵਿੱਚ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿੰਗ ਕਮੇਟੀ ਨੇ ਇਹ ਮੰਦਭਾਗਾ ਫੈਸਲਾ ਉਸ ਵੇਲੇ ਲਿਆ ਹੈ ਜਦੋਂ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਅਹੁਦੇ ਤੇ ਨਹੀਂ ਹੈ ਅਤੇ ਅੰਤਰਿੰਗ ਕਮੇਟੀ ਦੇ ਵੀ ਤਿੰਨ ਮੈਂਬਰ ਇਸ ਫੈਸਲੇ ਦੇ ਵਿਰੋਧ ਵਿੱਚ ਸਨ। ਵਿਦਵਾਨਾ ਨੇ ਕਿਹਾ ਕਿ ਸਿੰਘ ਸਾਹਿਬਾਨ ਨੇ ਕੌਮ ਦੀ ਸ਼ਾਨ ਦੇ ਖਿਲਾਫ ਕੋਈ ਅਜਿਹਾ ਗੁਨਾਹ ਨਹੀਂ ਸੀ ਕੀਤਾ ਕਿ ਉਹਨਾਂ ਨੂੰ ਇਸ ਤਰਾਂ ਜਲੀਲ ਕਰਕੇ ਲਾਹ ਦਿੱਤਾ ਜਾਵੇ। ਇਸ ਤੋਂ ਪਹਿਲਾਂ ਇਸੇ ਅੰਤਰਿੰਗ ਕਮੇਟੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਖਿਲਾਫ ਭੁਗਤਦਿਆਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਕਿਰਦਾਰਕੁਸ਼ੀ ਕਰਕੇ ਘਰ ਨੂੰ ਤੋਰ ਦਿੱਤਾ ਸੀ। ਅੱਜ ਫਿਰ ਅਜਿਹੇ ਹੀ ਬੇਸਿਰ ਪੈਰ ਦੋਸ਼ ਲਾ ਕੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਲਾਹਿਆ ਗਿਆ ਜਦਕਿ ਗਿਆਨੀ ਸੁਲਤਾਨ ਸਿੰਘ ਉਪਰ ਤਾਂ ਲਾਉਣ ਲਈ ਕੋਈ ਦੋਸ਼ ਵੀ ਨਹੀ ਲੱਭਿਆ। ਇਸ ਤੋਂ ਵੀ ਮਾੜੀ ਗੱਲ ਇਹ ਹੋਈ ਕਿ ਇਹਨਾਂ ਨੂੰ ਜਥੇਦਾਰੀ ਦੇ ਅਹੁਦਿਆਂ ਲਈ ਤਿੰਨ ਬੰਦੇ ਵੀ ਨਹੀਂ ਲੱਭੇ। ਇਕ ਹੀ ਆਦਮੀ ਨੂੰ ਦੋ ਤਖਤਾਂ ਦਾ ਇੰਚਾਰਜ ਬਣਾਇਆ ਗਿਆ ਹੈ। ਗਿਆਨੀ ਹਰਪ੍ਰੀਤ ਸਿੰਘ ਦਾ ਇਹ ਦੋਸ਼ ਬਿਲਕੁਲ ਦਰੁੱਸਤ ਹੈ ਕਿ ਇਹ ਸਾਰੀ ਕਵਾਇਦ ਦੋ ਦਸੰਬਰ ਦੇ ਇਤਿਹਾਸਕ ਹੁਕਮਨਾਮੇ ਨੂੰ ਉਲਟਾਉਣ ਅਤੇ ਸਿੰਘ ਸਾਹਿਬਾਨ ਨੂੰ ਸਬਕ ਸਿਖਾਉਣ ਲਈ ਕੀਤੀ ਗਈ ਹੈ।
ਪੰਥਕ ਵਿਦਵਾਨਾਂ ਨੇ ਬਿਆਨ ਵਿੱਚ ਅੱਗੇ ਕਿਹਾ ਕਿ ਜੇ ਪਿਛਲੇ ਕੁੱਝ ਮਹੀਨਿਆਂ ਦੀਆਂ ਕਾਰਵਾਈਆਂ ਤੇ ਨਜਰ ਮਾਰੀਏ ਤਾਂ ਇਹ ਬਹੁਤ ਹੀ ਸੰਤੁਸ਼ਟੀਜਨਕ ਨਜਰ ਆਉਂਦਾ ਹੈ ਕਿ ਬਹੁਤ ਸਾਲਾਂ ਬਾਦ ਇਤਿਹਾਸ ਵਿੱਚ ਜਥੇਦਾਰ ਸਹਿਬਾਨ ਨੇ ਆਪਣਾ ਰੋਲ ਸੂਝ ਅਤੇ ਦਲੇਰੀ ਭਰੇ ਢੰਗ ਨਾਲ ਨਿਭਾਇਆ ਹੈ। ਜਿਸ ਨਾਲ ਪੰਥ ਦਾ ਮਾਣ ਵਧਿਆ ਅਤੇ ਦੋਖੀ ਪੂਰੀ ਤਰਾਂ ਅਲੱਗ ਥਲੱਗ ਪੈ ਗਏ ਹਨ। ਹੁਣ ਇਹ ਜਿੰਮੇਵਾਰੀ ਪੰਥ ਦੇ ਸਿਰ ਆ ਪਈ ਹੈ ਕਿ ਉਹ ਸਿੰਘ ਸਾਹਿਬਾਨ ਦਾ ਮਾਣ ਸਤਿਕਾਰ ਬਹਾਲ ਕਰਵਾਉਣ ਲਈ ਮੈਦਾਨ ਵਿੱਚ ਨਿੱਤਰਦੇ ਹਨ ਜਾਂ ਨਹੀਂ। ਪੰਥਕ ਵਿਦਵਾਨਾਂ ਨੇ ਸਮੂਹ ਸਿੱਖ ਸੰਸਥਾਵਾਂ, ਸੰਪਰਦਾਵਾਂ ਅਤੇ ਰਾਜਸੀ ਜਥੇਬੰਦੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਸਰਬੱਤ ਸੰਗਤਾਂ ਦਾ ਇਕੱਠ ਸੱਦ ਕੇ ਸਾਂਝਾ ਫੈਸਲਾ ਲੈਣ ਜਿਸ ਨਾਲ ਇਹਨਾਂ ਅਪੰਥਕ ਲੋਕਾਂ ਤੋਂ ਸਿੱਖ ਸੰਸਥਾਵਾਂ ਨੂੰ ਛੇਤੀ ਤੋਂ ਛੇਤੀ ਅਜਾਦ ਕਰਾਇਆ ਜਾ ਸਕੇ। ਤਾਂ ਜੋ ਇਹ ਪੰਥ ਨੂੰ ਜਲੀਲ ਕਰਨ ਵਾਲੇ ਹੋਰ ਅਜਿਹੇ ਫੈਸਲੇ ਨਾ ਲੈ ਸਕਣ।


