Home » ਪੰਜਾਬ » ਜਮਹੂਰੀਅਤ ਤੇ ਮਨੁੱਖੀ ਅਧਿਕਾਰਾਂ ਨੂੰ ਬਚਾਉਣ ਲਈ ਸਾਰੇ ਵਰਗ ਹੋਣ ਇਕੱਠੇ : ਜਸਟਿਸ ਰਣਜੀਤ ਸਿੰਘ

ਜਮਹੂਰੀਅਤ ਤੇ ਮਨੁੱਖੀ ਅਧਿਕਾਰਾਂ ਨੂੰ ਬਚਾਉਣ ਲਈ ਸਾਰੇ ਵਰਗ ਹੋਣ ਇਕੱਠੇ : ਜਸਟਿਸ ਰਣਜੀਤ ਸਿੰਘ

ਚੰਡੀਗੜ੍ਹ 5 ਮਾਰਚ (ਮੰਗਤ ਸਿੰਘ ਸੈਦਪੁਰ/ਜੀਵਨ ਭਾਗੀ) : ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਵੱਲੋਂ ਬਹੁਜਨ ਦਰਾਵਿੜ ਪਾਰਟੀ ਦੇ ਸਹਿਯੋਗ ਨਾਲ ਇਕ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਦੀ ਪ੍ਰਧਾਨਗੀ ਕਰ ਰਹੇ ਸਾਬਕਾ ਜਸਟਿਸ ਰਣਜੀਤ ਸਿੰਘ ਨੇ ਕਿਹਾ ਕਿ ਭਾਰਤ ਵੱਖ ਵੱਖ ਭਾਈਚਾਰਿਆਂ, ਕੌਮਾਂ ’ਤੇ ਧਰਮਾਂ ਦਾ ਸੰਗਠਨ ਹੈ। ਇਸ ਵਿੱਚ ਬਹੁਗਿਣਤੀਵਾਦ ਦੀ ਸਥਾਪਤੀ ਸੰਵਿਧਾਨ ਦੇ ਬਿਲਕੁਲ ਉਲਟ ਹੈ। ਉਹਨਾਂ ਕਿਹਾ ਕਿ ਅੱਜ ਸੰਵਿਧਾਨ ਬਚਾਉਣ ਦੀ ਬਹੁਤ ਲੋੜ ਹੈ, ਇਸ ਨਾਲ ਹੀ ਵੰਨ ਸੁਵੰਨਤਾ ਬਚ ਸਕਦੀ ਹੈ।
ਮੁੱਖ ਬੁਲਾਰੇ ਮੈਸੂਰ ਟੈਕਨੀਕਲ ਯੂਨੀਵਰਸਿਟੀ (ਕਰਨਾਟਕਾ) ਦੇ ਸਾਬਕਾ ਵਾਈਸ ਚਾਂਸਲਰ ਡਾ. ਜਵਾਹਰ ਨੈਸਨ ਸਨ। ਇਸ ਸੈਮੀਨਾਰ ਦਾ ਮੁੱਖ ਅਨੁਵਾਨ ਜਮਹੂਰੀਅਤ ਨੂੰ ਬਚਾਉਣ ਲਈ ਮੁੜ ਗਠਜੋੜ ਸੀ। ਡਾ. ਨੈਸਨ ਨੇ ਕਿਹਾ ਕਿ ਅੱਜ ਸੱਜੇ ਪੱਖੀ ਤਾਕਤਾਂ ਭਾਰਤ ਦੀ ਜਮਹੂਰੀਅਤ ਅਤੇ ਮਨੁੱਖੀ ਅਧਿਕਾਰਾਂ ਨੂੰ ਖ਼ਤਮ ਕਰਨ ਲੱਗੀਆਂ ਹੋਈਆਂ ਹਨ। ਅੱਜ ਸਾਰੀਆਂ ਜਮਹੂਰੀਅਤ ਪਸੰਦ ਧਿਰਾਂ ਦਾ ਫਰਜ਼ ਬਣਦਾ ਹੈ ਕਿ ਉਹ ਇਕ ਪਲੇਟਫਾਰਮ ’ਤੇ ਇਕੱਠੀਆਂ ਹੋ ਜਾਣ। ਉਹਨਾਂ ਕਿਹਾ ਕਿ ਨੈਸ਼ਨਲ ਐਜੂਕੇਸ਼ਨ ਪਾਲਸੀ ਇਕ ਤਾਂ ਸੰਘੀ ਢਾਂਚੇ ਤੇ ਬਹੁਤ ਵੱਡਾ ਹਮਲਾ ਹੈ, ਦੂਜੇ ਪਾਸੇ ਇਹ ਬੱਚਿਆਂ ਨੂੰ ਅੰਧ ਵਿਸ਼ਵਾਸਾਂ, ਤੇ ਵਹਿਮਾਂ ਭਰਮਾਂ ਦੀ ਦਲਦਲ ਵਿੱਚ ਧੱਕਦੀ ਹੈ। ਡਾ. ਨੈਸਨ ਨੇ ਕਿਹਾ ਕਿ ਸਿੱਖ ਧਰਮ ਵੀ ਮਨੁੱਖੀ ਜਮਹੂਰੀ ਤੇ ਬਰਾਬਰੀ ਦੀ ਗੱਲ ਕਰਦਾ ਹੈ। ਇਸ ਕਰਕੇ ਸਿੱਖਾਂ ਨੂੰ ਤੇ ਸਿੱਖ ਸਿਧਾਂਤਾ ਨੂੰ ਵੀ ਸੱਜੇ ਪੱਖੀਆਂ ਤੋਂ ਖਤਰਾ ਹੈ। ਉਹਨਾਂ ਕਿਹਾ ਕਿ ਸਿੱਖ ਸਿਧਾਂਤ ਜਾਤ-ਪਾਤ, ਤੇ ਹਰ ਤਰ੍ਹਾਂ ਦੇ ਭੇਦਭਾਵ ਦੇ ਵਿਰੁੱਧ ਹੈ, ਪਰ ਅੱਜ ਸੱਜੇ ਪੱਖੀਆਂ ਦੀਆਂ ਜੋ ਨੀਤੀਆਂ ਆ ਰਹੀਆਂ ਹਨ, ਉਹ ਜਾਤ-ਪਾਤ ਨੂੰ ਮੁੜ ਮਜ਼ਬੂਤ ਕਰਨ ਅਤੇ ਔਰਤਾਂ ਨਾਲ ਭੇਦ ਭਾਵ ਕਰਨ ਵਾਲੀਆਂ ਹਨ। ਉਹਨਾਂ ਕਿਹਾ ਕਿ ਸੱਜੇ ਪੱਖੀ ਤਾਕਤਾਂ ਬਹੁਗਿਣਤੀਵਾਦ ਸਥਾਪਤ ਕਰਨਾ ਚਾਹੁੰਦੀਆਂ ਹਨ, ਜੋ ਘੱਟ-ਗਿਣਤੀਆਂ ਦੇ ਵਿਰੁੱਧ ਹੈ।
ਇਸ ਮੌਕੇ ਬਹੁਜਨ ਦਰਾਵੜ ਪਾਰਟੀ ਦੇ ਜੀਵਨ ਸਿੰਘ ਮੱਲਾ, ਜੋ ਤਾਮਿਲਨਾਡੂ ਵਿੱਚ ਸਿੱਖੀ ਦਾ ਪ੍ਰਚਾਰ ਕਰ ਰਹੇ ਹਨ, ਨੇ ਬੋਲਦਿਆਂ ਕਿਹਾ ਕਿ ਸਿੱਖ ਸਿਧਾਂਤ ਖਾਲਸਾ ਰਾਜ ਬੇਗਮਪੁਰਾ ਦੀ ਸਥਾਪਨਾ ਦੀ ਗੱਲ ਕਰਦੇ ਹਨ, ਜੋ ਅੱਜ ਭਾਰਤ ਨੂੰ ਬਚਾ ਸਕਦਾ ਹੈ। ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਦੇ ਪ੍ਰਧਾਨ ਪ੍ਰੋ. ਸ਼ਾਮ ਸਿੰਘ ਨੇ ਕਿਹਾ ਕਿ ਦੱਖਣ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਸਿੱਖੀ ਦਾ ਪ੍ਰਚਾਰ ਕੀਤਾ ਸੀ। ਉੱਥੇ ਹੁਣ ਟੂਟੀਕੋਰਨ ਵਿੱਚ ਬਹੁਜਨ ਦਰਾਵਿੜ ਪਾਰਟੀ ਨੇ ਗੁਰੂ ਰਵਿਦਾਸ ਜੀ ਦਾ ਜਨਮ ਦਿਨ ਮਨਾਇਆ ਸੀ। ਜੋ ਸਿੱਖੀ ਪ੍ਰਚਾਰ ਨੂੰ ਅੱਗੇ ਵਧਾਵੇਗਾ। ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਦੇ ਜਨਰਲ ਸਕੱਤਰ ਡਾ. ਖੁਸ਼ਹਾਲ ਸਿੰਘ ਨੇ ਕਿਹਾ ਕਿ ਸਿੰਘ ਸਭਾ ਹਰ ਤਰ੍ਹਾਂ ਦੇ ਜਾਤੀ ਭੇਦ-ਭਾਵ ਦੇ ਵਿਰੁੱਧ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਪਿਆਰਾ ਲਾਲ ਗਰਗ, ਸ. ਗੁਰਪ੍ਰੀਤ ਸਿੰਘ (ਗਲੋਬਲ ਸਿੱਖ ਕੌਂਸਲ), ਰਾਜਿਵੰਦਰ ਸਿੰਘ ਰਾਹੀ, ਕੈਪਟਨ ਗੁਰਦੀਪ ਸਿੰਘ ਘੁੰਮਣ, ਐਡਵੋਕੇਟ ਕਨੂ ਸ਼ਰਮਾ, ਬਹੁਜਨ ਦਰਾਵਿੜ ਪਾਰਟੀ ਮੱਧ ਪ੍ਰਦੇਸ਼ ਤੋਂ ਅਡਵੋਕੇਟ ਅਸ਼ੋਕ ਸਿੰਘ ਸਾਕੇਤ ਅਤੇ ਸਾਬਕਾ ਰਜਿਸਟਰਾਰ ਪਰਮਜੀਤ ਸਿੰਘ ਨੇ ਵੀ ਆਪਣੇ ਵਿਚਾਰ ਰੱਖੇ।
ਇਸ ਸੈਮੀਨਾਰ ਵਿੱਚ ਪੱਤਰਕਾਰ ਸਰਬਜੀਤ ਸਿੰਘ ਧਾਲੀਵਾਲ, ਪ੍ਰੀਤਮ ਸਿੰਘ ਰੁਪਾਲ, ਪ੍ਰੌਫੈਸਰ ਮਹੁੰਮਦ ਖਾਲਿਦ, ਪ੍ਰੋ. ਦਵਿੰਦਰ ਸਿੰਘ, ਡਾ. ਵਾਲੀਆਂ, ਸਤਨਾਮ ਸਿੰਘ ਸੇਖੋ, ਸੁਰਿੰਦਰ ਸਿੰਘ ਕਿਸ਼ਨਪੁਰਾ, ਐਡਵੋਕੇਟ ਬਲਜੀਤ ਸਿੰਘ ਬਰਾੜ, ਪੱਤਰਕਾਰ ਗੁਰਸ਼ਮਸ਼ੀਰ ਸਿੰਘ ਵੜੈਚ, ਪਵਿੰਤਰ ਸਿੰਘ ਅਤੇ ਮੇਜਰ ਹਰਮੋਹਿੰਦਰ ਸਿੰਘ ਆਦਿ ਸ਼ਾਮਿਲ ਹੋਏ।

Leave a Reply

Your email address will not be published. Required fields are marked *