ਸਾਹਿਬਜ਼ਾਦਾ ਅਜੀਤ ਸਿੰਘ ਨਗਰ 2 ਮਾਰਚ (ਮੰਗਤ ਸਿੰਘ ਸੈਦਪੁਰ/ਜੀਵਨ ਭਾਗੀ) : ‘ਆਪ’ ਪਾਰਟੀ ਦੇ ਵਿਧਾਇਕ ਅਕਸਰ ਕਿਸੇ ਨਾ ਕਿਸੇ ਵਿਰੁੱਧ ਭੱਦੀ ਸ਼ਬਦਾਵਲੀ ਬੋਲਣ ਕਰਕੇ ਸੁਰਖੀਆਂ ਵਿੱਚ ਰਹਿੰਦੇ ਹਨ। ਪਹਿਲਾਂ ਪੰਜਾਬ ਸਰਕਾਰ ਦੇ ਮੰਤਰੀ ਲਾਲਜੀਤ ਭੁੱਲਰ ਨੇ ਵੀ ਰਾਮਗੜ੍ਹੀਆ ਭਾਈਚਾਰੇ ਬਾਰੇ ਬੋਲ-ਕਬੋਲ ਬੋਲੇ ਸਨ। ਉਸੇ ਤਰਜ ‘ਤੇ ਹੁਣ ‘ਆਪ’ ਦੇ ਵਿਧਾਇਕ ਬਲਕਾਰ ਸਿੱਧੂ ਨੇ ਸ. ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਬਾਰੇ, ਰਾਮਗੜ੍ਹੀਆ ਬਰਾਦਰੀ ਬਾਰੇ ਅਤੇ ਪੰਜਾਬ ਦੀਆਂ ਧੀਆਂ ਭੈਣਾਂ ਬਾਰੇ ਬੋਲੀ ਗਈ ਮਾੜੀ ਸ਼ਬਦਾਵਲੀ ਕਰਕੇ ਸਮੂਹ ਪੰਜਾਬ ਵਾਸੀ ਉਸ ਦੀ ਨਿਖੇਧੀ ਕਰ ਰਹੇ ਹਨ।
ਇਸ ਮਾਮਲੇ ਬਾਰੇ ਐਸਸੀ/ਬੀਸੀ ਮਹਾਂ ਪੰਚਾਇਤ ਪੰਜਾਬ ਵੱਲੋਂ ਮੋਰਚਾ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੇ ਪ੍ਰੈਸ ਨਾਲ ਗੱਲਬਾਤ ਕਰਦੇ ਕਿਹਾ ਕਿ ਜਿਹੜੇ ਵਿਧਾਇਕ ਕਿਸੇ ਭਾਈਚਾਰੇ ਦੀ ਕਦਰ ਨਹੀਂ ਕਰ ਸਕਦੇ। ਉਹ ਖੁਦ ਆਪਣੀ ਪਾਰਟੀ ਅਤੇ ਆਪਣੀ ਸਰਕਾਰ ਦੇ ਮੌਜੂਦਾ ਸਪੀਕਰ ਸ. ਕੁਲਤਾਰ ਸਿੰਘ ਸਿੰਧਵਾਂ ਬਾਰੇ ਬੋਲ-ਕਬੋਲ ਬੋਲ ਰਹੇ ਹਨ। ਜਿਸ ਦੀ ਆਡੀਓ ਬਹੁਤ ਵਾਇਰਲ ਹੋ ਚੁੱਕੀ ਹੈ। ਅਜਿਹੇ ਵਿਧਾਇਕ ਨੂੰ ਪੰਜਾਬ ਸਰਕਾਰ ਵੱਲੋਂ ਬਰਖਾਸਤ ਕਰਕੇ ਘਰ ਬਿਠਾਉਣਾ ਚਾਹੀਦਾ ਹੈ। ਤਾਂ ਜੋ ਬਾਕੀ ਵਿਧਾਇਕ ਕਿਸੇ ਵਰਗ ਦੀਆਂ ਕਦਰਾਂ ਕੀਮਤਾਂ ਬਾਰੇ ਬੋਲਣ ਤੋਂ ਪਹਿਲਾਂ ਸੌ ਵਾਰ ਸੋਚਣ। ਸਾਡਾ ਮੋਰਚਾ ਬਲਕਾਰ ਸਿੱਧੂ ਵੱਲੋਂ ਪੰਜਾਬ ਦੀਆਂ ਬੇਟੀਆਂ ਤੇ ਰਾਮਗੜ੍ਹੀਆ ਭਾਈਚਾਰੇ ਅਤੇ ਸਪੀਕਰ ਸਾਹਿਬ ਬਾਰੇ ਵਰਤੀ ਗਈ ਭੱਦੀ ਸ਼ਬਦਾਵਲੀ ਦੀ ਨਿਖੇਧੀ ਕਰਦਾ ਅਤੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦਾ ਹੈ ਕਿ ਜੇਕਰ ਸਰਕਾਰ ਨੇ ਇਸ ਹੰਕਾਰੀ ਵਿਧਾਇਕ ਨੂੰ ਬਰਖਾਸਤ ਕਰਕੇ ਇਸ ਤੇ ਕੋਈ ਕਾਰਵਾਈ ਨਾ ਕੀਤੀ ਤਾਂ ਮੋਰਚਾ ਆਗੂ ਸਮਾਜਿਕ ਜਥੇਬੰਦੀਆਂ ਦੇ ਸਹਿਯੋਗ ਨਾਲ ਵੱਡੇ ਪੱਧਰ ਤੇ ਸੰਘਰਸ਼ ਵਿੱਢਣਗੇ।ਇਸ ਮੌਕੇ ਸ਼੍ਰੀ ਵਲੈਤੀ ਰਾਮ, ਮਾਸਟਰ ਪੁਸ਼ਪਿੰਦਰ ਕੁਮਾਰ, ਸੁਖਜੀਤ ਸਿੰਘ, ਗੌਰਵ ਚੁਘ ਆਦਿ ਹਾਜ਼ਰ ਸਨ।


