Home » ਪੰਜਾਬ » ਅੰਮ੍ਰਿਤਸਰ ਚ ਹੋਏ ਝੂਠੇ ਮੁਕਾਬਲੇ ਦੇ ਕੇਸ ‘ਚ ਮੋਹਾਲੀ ਦੀ ਵਿਸ਼ੇਸ਼ ਸੀਬੀਆਈ ਅਦਾਲਤ ਨੇ 32 ਸਾਲਾਂ ਬਾਅਦ ਸਾਬਕਾ ਐਸਐਚਓ ਤੇ ਏਐਸਆਈ ਨੂੰ ਸੁਣਾਈ ਉਮਰ ਕੈਦ ਦੀ ਸਜ਼ਾ…

ਅੰਮ੍ਰਿਤਸਰ ਚ ਹੋਏ ਝੂਠੇ ਮੁਕਾਬਲੇ ਦੇ ਕੇਸ ‘ਚ ਮੋਹਾਲੀ ਦੀ ਵਿਸ਼ੇਸ਼ ਸੀਬੀਆਈ ਅਦਾਲਤ ਨੇ 32 ਸਾਲਾਂ ਬਾਅਦ ਸਾਬਕਾ ਐਸਐਚਓ ਤੇ ਏਐਸਆਈ ਨੂੰ ਸੁਣਾਈ ਉਮਰ ਕੈਦ ਦੀ ਸਜ਼ਾ…

ਸਾਹਿਬਜ਼ਾਦਾ ਅਜੀਤ ਸਿੰਘ ਨਗਰ 4 ਫਰਵਰੀ (ਮੰਗਤ ਸਿੰਘ ਸੈਦਪੁਰ/ਜੀਵਨ ਭਾਗੀ) : ਪੰਜਾਬ ਦੇ ਦੀਆਂ ਵੱਖ ਵੱਖ ਅਦਾਲਤਾਂ ਵੱਲੋਂ ਖਾੜਕੂ ਸਿੱਖ ਸੰਘਰਸ਼ ਦੌਰਾਨ ਪੁਲਿਸ ਵੱਲੋਂ ਮਾਰੇ ਗਏ ਝੂਠੇ ਪੁਲਿਸ ਮੁਕਾਬਲਿਆਂ ਦੇ ਕੇਸਾਂ ਦੀ ਸੁਣਵਾਈ ਦੌਰਾਨ ਬਹੁਤ ਸਾਰੇ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਸੁਣਵਾਈ ਕਰਦਿਆਂ (ਜਿਨ੍ਹਾਂ ਕਈ ਰਿਟਾਇਰ ਵੀ ਹੋ ਚੁੱਕੇ ਹਨ) ਪੀੜਤ ਪਰਿਵਾਰਾਂ ਨੂੰ ਇਨਸਾਫ ਦਿੰਦਿਆਂ ਸਜਾਵਾਂ ਸੁਣਾਈਆਂ ਜਾ ਰਹੀਆਂ ਹਨ। ਇਸੇ ਸੰਬੰਧ ‘ਚ ਪੰਜਾਬ ਦੇ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਖਾੜਕੂ ਸਿੱਖ ਸੰਘਰਸ਼ ਦੌਰਾਨ 32 ਸਾਲ ਪਹਿਲਾਂ 1992 ਵਿੱਚ ਹੋਏ ਬਲਦੇਵ ਸਿੰਘ ਉਰਫ਼ ਦੇਬਾ ਅਤੇ ਕੁਲਵੰਤ ਸਿੰਘ ਦੇ ਝੂਠੇ ਮੁਕਾਬਲੇ ਦੇ ਕੇਸ ਵਿੱਚ ਮੋਹਾਲੀ ਦੀ ਵਿਸ਼ੇਸ਼ ਸੀਬੀਆਈ ਦੀ ਅਦਾਲਤ ਨੇ ਦੋ ਸਾਬਕਾ ਪੁਲਿਸ ਮੁਲਾਜ਼ਮਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਦੋਸ਼ੀਆਂ ਵਿੱਚ ਤਤਕਾਲੀ ਐਸਐਚਓ ਮਜੀਠਾ ਪੁਰਸ਼ੋਤਮ ਸਿੰਘ ਅਤੇ ਏਐਸਆਈ ਗੁਰਭਿੰਦਰ ਸਿੰਘ ਸ਼ਾਮਲ ਹਨ। ਉਨ੍ਹਾਂ ਨੂੰ ਕਤਲ ਅਤੇ ਸਾਜ਼ਿਸ਼ ਰਚਣ ਦੇ ਦੋਸ਼ਾਂ ਤਹਿਤ ਸਜ਼ਾ ਸੁਣਾਈ ਗਈ ਹੈ। ਜਦਕਿ ਇੰਸਪੈਕਟਰ ਚਮਨ ਲਾਲ ਅਤੇ ਡੀਐੱਸਪੀ ਐੱਸਐੱਸ ਸਿੱਧੂ ਨੂੰ ਸ਼ੱਕ ਦਾ ਲਾਭ ਦਿੰਦਿਆਂ ਬਰੀ ਕਰ ਦਿੱਤਾ ਗਿਆ। ਝੂਠੇ ਮੁਕਾਬਲੇ ਦੇ ਸਮੇਂ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਦਾਅਵਾ ਕੀਤਾ ਸੀ ਕਿ ਇਹ ਦੋਵੇਂ ਮ੍ਰਿਤਕ ਕੱਟੜ ਅੱਤਵਾਦੀ ਸਨ, ਜਿਨ੍ਹਾਂ ‘ਤੇ ਇਨਾਮ ਦਾ ਐਲਾਨ ਕੀਤਾ ਗਿਆ ਸੀ।ਦਾਅਵਾ ਕੀਤਾ ਗਿਆ ਸੀ ਕਿ ਉਹ ਕਤਲ, ਫਿਰੌਤੀ, ਲੁੱਟ-ਖੋਹ ਆਦਿ ਦੇ ਸੈਂਕੜੇ ਮਾਮਲਿਆਂ ਵਿੱਚ ਸ਼ਾਮਲ ਸਨ। ਇਹ ਵੀ ਦਾਅਵਾ ਕੀਤਾ ਗਿਆ ਸੀ ਕਿ ਹਰਭਜਨ ਸਿੰਘ ਉਰਫ ਸ਼ਿੰਦਾ ਪੰਜਾਬ ਦੀ ਬੇਅੰਤ ਸਿੰਘ ਸਰਕਾਰ ਵਿੱਚ ਤਤਕਾਲੀ ਕੈਬਨਿਟ ਮੰਤਰੀ ਗੁਰਮੀਤ ਸਿੰਘ ਦੇ ਪੁੱਤਰ ਦੇ ਕਤਲ ਵਿੱਚ ਵੀ ਸ਼ਾਮਲ ਸੀ। ਹਾਲਾਂਕਿ, ਅਸਲ ਵਿੱਚ, ਉਨ੍ਹਾਂ ਵਿੱਚੋਂ ਇੱਕ ਫੌਜ ਦਾ ਜਵਾਨ ਸੀ ਅਤੇ ਦੂਜਾ 16 ਸਾਲ ਦਾ ਨਾਬਾਲਗ ਸੀ। ਖਾਸ ਗੱਲ ਇਹ ਹੈ ਕਿ ਪੀੜਤ ਪਰਿਵਾਰਾਂ ਨੂੰ 32 ਸਾਲਾਂ ਬਾਅਦ ਮਾਣਯੋਗ ਸੀਬੀਆਈ ਦੀ ਵਿਸ਼ੇਸ਼ ਅਦਾਲਤ ਵੱਲੋਂ ਉਮਰ ਕੈਦ ਦੀ ਸੁਣਾਈ ਗਈ ਸਜ਼ਾ ਨੂੰ ਲੈ ਕੇ ਇਨਸਾਫ ਮਿਲਣ ਤੇ ਪੀੜਤ ਪਰਿਵਾਰਾਂ ਦਾ ਅਦਾਲਤਾਂ ਚੱਲ ਰਹੇ ਕੇਸਾਂ ਵਿਚ ਇਨਸਾਫ਼ ਮਿਲਣ ਪ੍ਰਤੀ ਵਿਸ਼ਵਾਸ ਬੱਧਦਾ ਹੈ ਜਦੋਂ ਕਿ ਪੰਜਾਬ ਵਿੱਚ ਕਾਲੇ ਦੌਰ ਦੌਰਾਨ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਨੇ 25000/- ਸਿੱਖ ਨੌਜਵਾਨਾਂ ਦੀ ਲਿਸਟ ਤਿਆਰ ਕੀਤੀ ਗਈ ਸੀ। ਜਿਨ੍ਹਾਂ ਨੂੰ ਪੁਲਿਸ ਵੱਲੋਂ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰਿਆ ਗਿਆ ਸੀ। ਇਥੋਂ ਤੱਕ ਕਿ ਪੁਲਿਸ ਵੱਲੋਂ ਇਹ ਲਿਸਟ ਜਾਰੀ ਕਰਨ ਬਦਲੇ ਜਸਵੰਤ ਸਿੰਘ ਖਾਲੜਾ ਨੂੰ ਵੀ ਸ਼ਹੀਦ ਕਰ ਦਿੱਤਾ ਗਿਆ ਸੀ। ਪ੍ਰੰਤੂ ਖਾਸ ਕਰਕੇ ਸੀਬੀਆਈ ਦੀਆਂ ਵਿਸ਼ੇਸ਼ ਅਦਾਲਤਾਂ ਨੇ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰੇ ਗਏ ਨੌਜਵਾਨਾਂ ਦੇ ਪਰਿਵਾਰਾਂ ਨੂੰ ਇਨਸਾਫ ਦੇਣ ਲਈ ਲਗਾਤਾਰ ਦੋਸ਼ੀ ਪੁਲਿਸ ਮੁਲਾਜ਼ਮ ਨੂੰ ਸਜਾਵਾਂ ਦਿੱਤੀਆਂ ਜਾ ਰਹੀਆਂ ਹਨ। ਖਾਸ ਗੱਲ ਇਹ ਹੈ ਕਿ ਜਿਹੜੇ ਪੁਲਿਸ ਨੂੰ ਮੁਲਾਜ਼ਮ ਸਿੱਖ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰਨ ਤੋਂ ਮਨਾ ਕਰਦੇ ਸੀ ਲਗਭਗ 2000 ਦੇ ਕਰੀਬ ਉਹਨਾਂ ਪੁਲਿਸ ਮੁਲਾਜ਼ਮਾਂ ਨੂੰ ਵੀ ਝੂਠੇ ਮੁਕਾਬਲਿਆਂ ਵਿੱਚ ਮਾਰ ਦਿੱਤਾ ਗਿਆ ਸੀ। ਜੇਕਰ ਇਹੋ ਜਿਹੇ ਝੂਠੇ ਪੁਲਿਸ ਮੁਕਾਬਲਿਆਂ ਦੀ ਹੋਰ ਜਾਂਚ ਡੁੰਘਾਈ ਨਾਲ ਕੀਤੀ ਜਾਵੇ ਤਾਂ ਇਹੋ ਜਿਹੇ ਮਾਮਲੇ ਹੋਰ ਵੀ ਸਾਹਮਣੇ ਆਉਣ ਦੀ ਸੰਭਾਵਨਾ ਜਾਪਦੀ ਹੈ।

Leave a Reply

Your email address will not be published. Required fields are marked *