ਪੁਲਿਸ ਅਧਿਕਾਰੀ ਕਰ ਰਹੇ ਹਨ ਗਾਲੀ ਗਲੋਚ, ਪਰਿਵਾਰ ਪਹੁੰਚਿਆ ਐਸ ਸੀ ਬੀ ਸੀ ਮੋਰਚੇ ਤੇ
ਮੋਹਾਲੀ ਪੁਲਿਸ ਦੀ ਵਧੀਕੀ ਦਾ ਇਹ ਪਹਿਲਾ ਕੇਸ ਨਹੀਂ, ਪੁਲਿਸ ਨਹੀਂ ਸੁਣਦੀ ਗਰੀਬਾਂ ਦੀ ਫਰਿਆਦ: ਬਲਵਿੰਦਰ ਕੁੰਭੜਾ

ਸਾਹਿਬਜ਼ਾਦਾ ਅਜੀਤ ਸਿੰਘ ਨਗਰ 11 ਜਨਵਰੀ (ਮੰਗਤ ਸਿੰਘ ਸੈਦਪੁਰ/ਜੀਵਨ ਭਾਗੀ) : ਮੋਹਾਲੀ ਫੇਸ 7 ਦੀਆਂ ਲਾਈਟਾਂ ਤੇ ਐਸਸੀ ਬੀਸੀ ਮਹਾ ਪੰਚਾਇਤ ਪੰਜਾਬ ਵੱਲੋਂ ਚੱਲ ਰਹੇ ਮੋਰਚੇ ਤੇ ਆਏ ਦਿਨ ਸਮਾਜ ਦੇ ਦੱਬੇ ਕੁਚਲੇ ਲੋਕ ਆਪਣੀਆਂ ਫਰਿਆਦਾਂ ਲੈ ਕੇ ਅਕਸਰ ਪਹੁੰਚਦੇ ਹਨ। ਅੱਜ ਬਲੌਂਗੀ ਪਿੰਡ ਦਾ ਇੱਕ ਬਾਲਮੀਕਿ ਪਰਿਵਾਰ ਆਪਣੇ 24 ਸਾਲਾ ਇਕਲੌਤੇ ਬੇਟੇ ਦੀ ਐਕਸੀਡੈਂਟ ਵਿੱਚ ਹੋਈ ਮੌਤ ਦੇ ਇਨਸਾਫ ਲਈ ਪਹੁੰਚਿਆ ਤੇ ਇੱਕ ਪ੍ਰੈਸ ਕਾਨਫਰੰਸ ਕਰਕੇ ਆਪਣੇ ਨਾਲ ਹੋ ਰਹੀ ਧੱਕੇਸ਼ਾਹੀ ਬਾਰੇ ਮੋਰਚੇ ਦੇ ਸਮੂਹ ਸੀਨੀਅਰ ਆਗੂਆਂ ਸਾਹਮਣੇ ਜਾਣੂ ਕਰਵਾਇਆ।
ਇੱਥੇ ਇਹ ਦੱਸਣਯੋਗ ਹੈ ਕਿ ਮਿਤੀ 13 ਨਵੰਬਰ 2024 ਨੂੰ ਅਰੁਣ ਕੁਮਾਰ ਉਮਰ 24 ਸਾਲ ਪਿੰਡ ਬਲੌਗੀ ਦੇ ਰਾਮ ਨਿਵਾਸ, ਬਾਬਾ ਬਾਲਕ ਨਾਥ ਵਾਲੀ ਗਲੀ ਵਿੱਚ ਰਹਿਣ ਵਾਲੇ ਵਿਜੇਂਦਰ ਕੁਮਾਰ ਦੇ ਇਕਲੋਤੇ ਪੁੱਤ ਦੀ ਇੱਕ ਐਕਸੀਡੈਂਟ ਵਿੱਚ ਮੌਤ ਹੋ ਗਈ ਸੀ। ਪਰਿਵਾਰ ਨੂੰ ਇਸ ਬਾਰੇ ਕੁੱਝ ਵੀ ਮਾਲੂਮ ਨਹੀਂ ਸੀ। ਉਹ ਆਪਣੇ ਬੇਟੇ ਨੂੰ ਲੱਭਦਾ ਭਟਕ ਰਿਹਾ ਸੀ। ਅਖੀਰ ਜਦੋਂ ਥਾਣਾ ਬਲੌਂਗੀ ਵਿੱਚ ਜਾ ਕੇ ਆਪਣੇ ਬੇਟੇ ਦੇ ਗੁੰਮ ਹੋਣ ਬਾਰੇ ਦੱਸਿਆ ਤਾਂ ਉਥੋਂ ਪੁਲਿਸ ਅਧਿਕਾਰੀ ਗੁਲਾਬ ਸਿੰਘ ਤੋਂ ਉਸਦੀ ਮੌਤ ਹੋਣ ਬਾਰੇ ਪਤਾ ਲੱਗਾ। ਮ੍ਰਿਤਕ ਦੇ ਪਿਤਾ ਵੇਜੇਂਦਰ ਕੁਮਾਰ ਨੇ ਦੱਸਿਆ ਕਿ ਮੇਰੇ ਕੋਲੋਂ ਕਈ ਦਸਤਾਵੇਜਾ ਤੇ ਦਸਖਤ ਕਰਵਾਏ ਜੋ ਪੰਜਾਬੀ ਵਿੱਚ ਲਿਖੇ ਹੋਏ ਸਨ ਤੇ ਇੱਕ ਤੇ ਮੈਨੂੰ ਪੰਜਾਬੀ ਨਹੀਂ ਆਉਂਦੀ ਦੂਸਰਾ ਦੁੱਖ ਦਾ ਪਹਾੜ ਟੁੱਟ ਜਾਣ ਕਰਕੇ ਮੈਨੂੰ ਕੁੱਝ ਵੀ ਨਹੀਂ ਸੁਝ ਰਿਹਾ ਸੀ। ਬਸ ਜਲਦੀ ਦਸਖਤ ਕਰਕੇ ਆਪਣੇ ਬੇਟੇ ਦੀ ਮ੍ਰਿਤਕ ਦੇਹ 32 ਦੇ ਸਰਕਾਰੀ ਹਸਪਤਾਲ ਵਿੱਚੋਂ ਲੈਕੇ ਉਸਦਾ ਸੰਸਕਾਰ ਕੀਤਾ।
ਮ੍ਰਿਤਕ ਦੇ ਪਿਤਾ ਵਿਜੇਂਦਰ ਕੁਮਾਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਕਿਹਾ ਕਿ ਬਾਦ ਵਿੱਚ ਜਦੋਂ ਮੈਂ ਤੇ ਮੇਰੀ ਪਤਨੀ ਥਾਣੇ ਜਾ ਕੇ ਆਪਣੇ ਬੇਟੇ ਦੀ ਮੌਤ ਬਾਰੇ ਪੁੱਛਣ ਗਏ ਤਾਂ ਉਹਨਾਂ ਝੂਠੀ ਕਹਾਣੀ ਬਣਾ ਕੇ ਮੈਨੂੰ ਸੁਣਾਈ। ਜੋ ਸੱਚ ਨਹੀਂ ਹੈ ਕਿਉਂਕਿ ਮੇਰੇ ਬੇਟੇ ਦੇ ਐਕਸੀਡੈਂਟ ਦੀ ਜਗ੍ਹਾ ਫਲਾਈਓਵਰ ਦੇ ਉੱਪਰ ਦੱਸ ਰਹੇ ਹਨ, ਜਦਕਿ ਪੈਦਲ ਚੱਲਣ ਵਾਲਾ ਫਲਾਈਓਵਰ ਤੇ ਥੋੜ੍ਹੀ ਜਾਵੇਗਾ। ਮੈ ਸੱਚਾਈ ਪਤਾ ਕਰਨ ਲਈ ਐਕਸੀਡੈਂਟ ਵਾਲੀ ਸਹੀ ਜਗ੍ਹਾ ਤੇ ਗਿਆ ਤਾਂ ਉਥੋਂ ਪਤਾ ਲੱਗਾ ਕਿ ਇੱਕ ਬੱਸ ਨੇ ਫੁੱਟਪਾਥ ਤੇ ਚੱਲ ਰਹੇ ਮੇਰੇ ਬੇਟੇ ਨੂੰ ਕੁਚਲਿਆ ਹੈ ਤੇ ਉਹੀ ਬਸ ਵਾਲਾ ਉਸਨੂੰ ਹਸਪਤਾਲ ਛੱਡਕੇ ਫਰਾਰ ਹੋ ਗਿਆ। ਹਸਪਤਾਲ ਵਿੱਚੋਂ ਮੈਨੂੰ ਇੱਕ ਵਿਅਕਤੀ ਗੁਰਪ੍ਰੀਤ ਸਿੰਘ ਦਾ ਪਤਾ ਲੱਗਿਆ ਤੇ ਜਦੋਂ ਗੁਰਪ੍ਰੀਤ ਸਿੰਘ ਨਾਲ ਕਈ ਵਾਰ ਗੱਲ ਕਰਨੀ ਚਾਹੀ ਤਾਂ ਉਹ ਫੋਨ ਨਹੀਂ ਚੁੱਕ ਰਿਹਾ। ਹੁਣ ਪੁਲਿਸ ਉਸ ਬੱਸ ਅਤੇ ਚਾਲਕ ਨੂੰ ਬਚਾ ਰਹੀ ਹੈ ਤੇ ਪੁਲਿਸ ਅਧਿਕਾਰੀ ਗੁਲਾਬ ਸਿੰਘ ਮੈਨੂੰ ਤੇ ਮੇਰੀ ਪਤਨੀ ਨੂੰ ਗਾਲ੍ਹਾਂ ਕੱਢ ਕੇ ਥਾਣੇ ਚੋਂ ਭਜਾ ਰਿਹਾ ਹੈ ਤੇ ਧਮਕੀਆਂ ਦੇ ਰਿਹਾ ਹੈ। ਮੈਂ ਅੱਜ ਇਨਸਾਫ਼ ਲਈ ਐਸਸੀ ਬੀਸੀ ਮੋਰਚੇ ਤੇ ਆਇਆ ਹਾਂ ਤੇ ਆਗੂਆਂ ਨੂੰ ਸਾਥ ਦੇਣ ਦੀ ਬੇਨਤੀ ਕੀਤੀ ਹੈ।
ਮੋਰਚੇ ਦੇ ਸੀਨੀਅਰ ਆਗੂ ਬਲਵਿੰਦਰ ਕੁੰਭੜਾ ਨੇ ਕਿਹਾ ਕਿ ਇਹ ਪੁਲਿਸ ਦੀ ਪਹਿਲੀ ਵਧੀਕੀ ਨਹੀਂ ਹੈ। ਅਕਸਰ ਪੁਲਿਸ ਗਰੀਬ ਲੋਕਾਂ ਨਾਲ ਧੱਕਾ ਕਰਦੀ ਹੈ। ਇਸ ਗਰੀਬ ਪਰਿਵਾਰ ਦਾ ਇਕਲੌਤਾ ਪੁੱਤ ਖਤਮ ਹੋਇਆ ਹੈ ਤੇ ਪੁਲਿਸ ਵਾਲਾ ਮੁਲਾਜ਼ਮ ਇਹਨਾਂ ਦੀ ਮੱਦਦ ਕਰਨ ਦੀ ਬਜਾਇ ਇਹਨਾਂ ਨੂੰ ਡਰਾ ਧਮਕਾ ਰਿਹਾ ਤੇ ਗਾਲੀ ਗਲੋਚ ਕਰ ਰਿਹਾ ਹੈ। ਜਿਸਦੇ ਪੁਖਤਾ ਸਬੂਤ ਮੌਜੂਦ ਹਨ। ਇਹ ਪਰਿਵਾਰ ਦੋ ਮਹੀਨਿਆਂ ਤੋਂ ਦਰ ਦਰ ਦੀਆਂ ਠੋਕਰਾਂ ਖਾ ਰਿਹਾ ਹੈ। ਪੁਲਿਸ ਕੋਈ ਲੜ ਪੱਲਾ ਨਹੀਂ ਫੜ੍ਹਾ ਰਹੀ। ਇਸ ਬਾਰੇ ਅਸੀਂ ਮਾਨਯੋਗ ਐਸ ਐਸ ਪੀ ਮੋਹਾਲੀ ਨੂੰ ਕੱਲ ਮਿਲਣ ਵੀ ਗਏ ਸੀ। ਪਰ ਉਹ ਕਿਸੇ ਮੀਟਿੰਗ ਵਿੱਚ ਗਏ ਹੋਣ ਕਰਕੇ ਸਾਨੂੰ ਮਿਲ ਨਹੀਂ ਸਕੇ ਤੇ ਅੱਜ ਅਸੀਂ ਦਰਖ਼ਾਸਤ ਰਜਿਸਟਰੀ ਕਰਵਾ ਦਿੱਤੀ ਹੈ। ਅਸੀਂ ਐਸ ਐਸ ਪੀ ਸਾਹਿਬ ਨੂੰ ਬੇਨਤੀ ਕਰਦੇ ਹਾਂ ਕਿ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਇਸ ਦੁੱਖੀ ਪਰਿਵਾਰ ਨਾਲ ਇਨਸਾਫ਼ ਕਰਨ ਤੇ ਗਾਲੀ ਗਲੋਚ ਕਰਨ ਵਾਲੇ ਪੁਲਿਸ ਮੁਲਾਜ਼ਮ ਤੇ ਬਣਦੀ ਕਾਰਵਾਈ ਕੀਤੀ ਜਾਵੇ।
ਇਸ ਮੌਕੇ ਅਵਤਾਰ ਸਿੰਘ ਨਗਲਾ, ਹਰਚੰਦ ਸਿੰਘ ਜਖਵਾਲੀ, ਹਰਨੇਕ ਸਿੰਘ ਮਲੋਆ, ਲਖਵੀਰ ਸਿੰਘ ਰੁਪਾਲਹੇੜੀ, ਸੁਖਵਿੰਦਰ ਪਾਲ ਪਟਵਾਰੀ, ਰਿਸ਼ੀਰਾਜ ਮਹਾਰ, ਮਨਜੀਤ ਸਿੰਘ, ਦੌਲਤ ਰਾਮ, ਜਤਿੰਦਰ ਸਿੰਘ,ਅੰਗਰੇਜ ਸਿੰਘ, ਸਤੀਸ਼ ਕੁਮਾਰ, ਛੋਟੇ ਲਾਲ, ਸੌਰਵ ਕੁਮਾਰ, ਸੀਮਾ, ਸਾਲਨੀ, ਕਸ਼ਿਸ਼, ਮਧੂ, ਸੰਤੋਸ਼, ਸਨੌਜ ਕੁਮਾਰ, ਰਾਜਵਤੀ ਆਦਿ ਹਾਜ਼ਰ ਹੋਏ।


