
ਪੀੜ੍ਹਤ ਨੇ ਦਿੱਤੀ ਪੁਲਿਸ ਨੂੰ ਦਰਖਾਸਤ, ਦੋ ਚੋਰਾਂ ‘ਚੋਂ ਇੱਕ ਦੀ ਕੀਤੀ ਸ਼ਿਨਾਖਤ
ਮਾਛੀਵਾੜਾ ਸਾਹਿਬ, 30 ਜੁਲਾਈ (ਅੰਮ੍ਰਿਤਪਾਲ)-ਮਾਛੀਵਾੜਾ ਸਾਹਿਬ ਦੇ ਗੁਰੂ ਨਾਨਕ ਮੁਹੱਲਾ ‘ਚ ਇੱਕ ਘਰ ਵਿੱਚੋਂ 15 ਲੱਖ ਰੁਪਏ ਦੀ ਨਗਦੀ ਅਤੇ ਸੋਨੇ ਦੇ ਗਹਿਣੇ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜ੍ਹਤ ਅਭੈ ਕੁਮਾਰ ਪੁੱਤਰ ਅਮਰ ਕੁਮਾਰ ਜੈਨ ਵਾਸੀ ਮਾਛੀਵਾੜਾ ਸਾਹਿਬ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਹੈ ਕਿ ਉਨ੍ਹਾਂ ਦੇ ਘਰ ‘ਚ 15 ਜੁਲਾਈ 2026 ਨੂੰ ਚੋਰੀ ਦੀ ਵਾਰਦਾਤ ਹੋਈ ਸੀ, ਪਰ ਇਸਦਾ ਪਤਾ ਉਨ੍ਹਾਂ ਨੂੰ 24 ਜੁਲਾਈ ਨੂੰ ਉਸ ਸਮੇਂ ਲੱਗਾ ਜਦੋਂ ਉਹ ਆਪਣੇ ਘਰ ਦੇ ਲਾਕਰ ‘ਚੋਂ ਪੈਸੇ ਕੱਢਣ ਗਏ। ਸ਼ਿਕਾਇਤ ਅਨੁਸਾਰ ਲਾਕਰ ਵਿੱਚ ਰੱਖੀ ਇੱਕ ਸੋਨੇ ਦੀ ਚੈਨ, ਦੋ ਸੋਨੇ ਦੀਆਂ ਮੁੰਦੀਆਂ, ਇੱਕ ਸੋਨੇ ਦੀ ਸੂਈ ਅਤੇ 15 ਲੱਖ ਰੁਪਏ ਦੀ ਨਗਦੀ ਗਾਇਬ ਸੀ। ਇਸ ਤੋਂ ਬਾਅਦ ਪਰਿਵਾਰ ਨੇ ਆਪਣੇ ਘਰ ਦੇ ਸੀਸੀਟੀਵੀ ਕੈਮਰੇ ਖੰਗਾਲੇ, ਪਰ ਕੋਈ ਸਪੱਸ਼ਟ ਜਾਣਕਾਰੀ ਨਹੀਂ ਮਿਲੀ। ਬਾਅਦ ਵਿੱਚ ਗਵਾਂਢੀਆਂ ਦੇ ਸੀਸੀਟੀਵੀ ਕੈਮਰੇ ਚੈੱਕ ਕਰਨ ‘ਤੇ ਇੱਕ ਸ਼ੱਕੀ ਵਿਅਕਤੀ ਦੀ ਪਛਾਣ ਹੋਈ, ਜਦਕਿ ਉਸ ਦੇ ਨਾਲ ਮੌਜੂਦ ਦੂਜੇ ਵਿਅਕਤੀ ਦੀ ਪਛਾਣ ਨਹੀਂ ਹੋ ਸਕੀ। ਪੀੜ੍ਹਤ ਨੇ ਦੱਸਿਆ ਕਿ ਘਟਨਾ ਵਾਲੇ ਦਿਨ ਸਵੇਰੇ ਕਰੀਬ 9:30 ਤੋਂ 10:15 ਵਜੇ ਦੇ ਦਰਮਿਆਨ ਉਹ ਪਰਿਵਾਰ ਸਮੇਤ ਗਊਸ਼ਾਲਾ ਗਿਆ ਹੋਇਆ ਸੀ ਅਤੇ ਘਰ ਵਿੱਚ ਉਨ੍ਹਾਂ ਦਾ ਛੋਟਾ ਪੁੱਤਰ ਜੁਵੇਸ਼ ਜੈਨ ਮੌਜੂਦ ਸੀ। ਉਸਨੂੰ ਘਰ ਦਾ ਮੁੱਖ ਦਰਵਾਜ਼ਾ ਬੰਦ ਕਰਨ ਲਈ ਕਿਹਾ ਗਿਆ ਸੀ, ਪਰ ਉਹ ਦਰਵਾਜ਼ਾ ਲਗਾਉਣਾ ਭੁੱਲ ਗਿਆ। ਇਸ ਦੌਰਾਨ ਦੋ ਵਿਅਕਤੀ ਉਹਨਾਂ ਦੇ ਘਰ ਵਿੱਚ ਦਾਖਲ ਹੋ ਗਏ। ਸ਼ਿਕਾਇਤ ਵਿੱਚ ਇਹ ਵੀ ਦੱਸਿਆ ਗਿਆ ਕਿ ਜਦੋਂ ਪਰਿਵਾਰ ਨੇ ਆਪਣੇ ਪੁੱਤਰ ਤੋਂ ਘਟਨਾ ਬਾਰੇ ਪੁੱਛਗਿੱਛ ਕੀਤੀ ਤਾਂ ਉਸਨੇ ਇਸ ਗੱਲ ਦਾ ਖੁਲਾਸਾ ਕੀਤਾ ਕਿ ਇੱਕ ਵਿਅਕਤੀ ਨੇ ਉਸਨੂੰ ਤੇਜ਼ਧਾਰ ਹਥਿਆਰ ਦਿਖਾ ਕੇ ਧਮਕਾਇਆ ਸੀ ਅਤੇ ਕਿਸੇ ਨੂੰ ਵੀ ਇਸ ਬਾਰੇ ਦੱਸਣ ‘ਤੇ ਉਸਨੂੰ ਅਤੇ ਉਸਦੇ ਮਾਤਾ-ਪਿਤਾ ਨੂੰ ਜਾਨੋਂ ਮਾਰ ਦਿੱਤਾ ਜਾਵੇਗਾ। ਡਰ ਕਾਰਨ ਬੱਚੇ ਨੇ ਇਹ ਗੱਲ ਪਰਿਵਾਰ ਨਾਲ ਸਾਂਝੀ ਨਹੀਂ ਕੀਤੀ ਸੀ। ਪੀੜ੍ਹਤ ਪਰਿਵਾਰ ਨੇ ਪੁਲਿਸ ਕੋਲ ਸ਼ਿਕਾਇਤ ਦੇ ਕੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਦੇ ਹੋਏ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰਨ ਅਤੇ ਚੋਰੀ ਹੋਇਆ ਮਾਲ ਬਰਾਮਦ ਕਰਨ ਦੀ ਮੰਗ ਕੀਤੀ ਹੈ। ਇਸ ਸਬੰਧ ‘ਚ ਜਦੋਂ ਥਾਣਾ ਮੁਖੀ ਚਰਨਜੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਇਸ ਚੋਰੀ ਸਬੰਧੀ ਉਹਨਾਂ ਕੋਲ ਸ਼ਿਕਾਇਤ ਪਹੁੰਚੀ ਹੈ, ਪ੍ਰੰਤੂ ਅੱਜ ਪੰਜਾਬ ਬੰਦ ਦੇ ਸੱਦੇ ਕਾਰਨ ਸਾਰੀ ਪੁਲਿਸ ਵਿਅਸਤ ਸੀ। ਉਹਨਾਂ ਕਿਹਾ ਕਿ ਇਸ ਚੋਰੀ ਦੀ ਘਟਨਾ ਨੂੰ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ ਅਤੇ ਚੋਰ ਜਲਦ ਹੀ ਪੁਲਿਸ ਦੀ ਗ੍ਰਿਫਤ ਵਿੱਚ ਹੋਣਗੇ।


