
ਮਾਛੀਵਾੜਾ ਸਾਹਿਬ, 30 ਜੁਲਾਈ (ਅੰਮ੍ਰਿਤਪਾਲ)-ਸਫ਼ਾਈ ਸੇਵਕਾਂ ਵੱਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਦਿੱਤੇ ਗਏ ਪੰਜਾਬ ਪੱਧਰੀ ਬੰਦ ਦੇ ਸੱਦੇ ਨੂੰ ਅੱਜ ਮਾਛੀਵਾੜਾ ਸਾਹਿਬ ਵਿੱਚ ਭਰਵਾਂ ਹੁੰਗਾਰਾ ਮਿਲਿਆ। ਸ਼ਹਿਰ ਪੂਰੀ ਤਰ੍ਹਾਂ ਬੰਦ ਰਿਹਾ ਅਤੇ ਦੁਕਾਨਦਾਰ ਭਾਈਚਾਰੇ ਨੇ ਸਫ਼ਾਈ ਸੇਵਕਾਂ ਦੇ ਸੰਘਰਸ਼ ਨੂੰ ਪੂਰਨ ਸਮਰਥਨ ਦਿੰਦਿਆਂ ਆਪਣੀਆਂ ਦੁਕਾਨਾਂ ਬੰਦ ਰੱਖੀਆਂ। ਸ਼ਹਿਰ ਵਿੱਚ ਇੱਕ ਵੀ ਵਪਾਰਕ ਅਦਾਰਾ ਨਹੀਂ ਖੁੱਲ੍ਹਿਆ। ਲੋਕਾਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦਿਆਂ ਸਿਰਫ਼ ਡਾਕਟਰਾਂ ਦੇ ਕਲੀਨਿਕ ਅਤੇ ਮੈਡੀਕਲ ਸਟੋਰ ਹੀ ਖੁੱਲ੍ਹੇ ਰਹੇ ਤਾਂ ਜੋ ਐਮਰਜੈਂਸੀ ਮੈਡੀਕਲ ਸੇਵਾਵਾਂ ਪ੍ਰਭਾਵਿਤ ਨਾ ਹੋਣ।
ਬੰਦ ਨੂੰ ਸ਼ਾਂਤੀਪੂਰਨ ਢੰਗ ਨਾਲ ਨੇਪਰੇ ਚੜ੍ਹਾਉਣ ਲਈ ਪੁਲਿਸ ਪ੍ਰਸ਼ਾਸਨ ਵੱਲੋਂ ਡੀਐਸਪੀ (ਐਚ) ਗੱਬਰ ਸਿੰਘ ਅਤੇ ਥਾਣਾ ਮੁਖੀ ਚਰਨਜੀਤ ਸਿੰਘ ਦੀ ਅਗਵਾਈ ‘ਚ ਸ਼ਹਿਰ ਅੰਦਰ ਪੁਖ਼ਤਾ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। ਮੁੱਖ ਚੌਕਾਂ ਅਤੇ ਸੰਵੇਦਨਸ਼ੀਲ ਥਾਵਾਂ ‘ਤੇ ਪੁਲਿਸ ਕਰਮਚਾਰੀ ਤਾਇਨਾਤ ਰਹੇ। ਦਿਨ ਭਰ ਦੌਰਾਨ ਕਿਸੇ ਵੀ ਤਰ੍ਹਾਂ ਦੀ ਕੋਈ ਅਣਸੁਖਾਵੀਂ ਘਟਨਾ ਸਾਹਮਣੇ ਨਹੀਂ ਆਈ ਅਤੇ ਬੰਦ ਪੂਰੀ ਤਰ੍ਹਾਂ ਸ਼ਾਂਤੀਪੂਰਨ ਰਿਹਾ। ਸ਼ਹਿਰ ਵਾਸੀਆਂ ਅਤੇ ਵਪਾਰੀਆਂ ਵੱਲੋਂ ਦਿੱਤੇ ਗਏ ਸਹਿਯੋਗ ਕਾਰਨ ਬੰਦ ਸਫਲ ਰਿਹਾ ਅਤੇ ਆਮ ਜਨਜੀਵਨ ਵੀ ਸ਼ਾਂਤੀਪੂਰਨ ਢੰਗ ਨਾਲ ਚੱਲਦਾ ਰਿਹਾ।
ਬੰਦ ਦੌਰਾਨ ਸ਼ਰਾਬ ਦੇ ਠੇਕੇ ਆਮ ਵਾਂਗ ਖੁੱਲ੍ਹੇ
ਸਫ਼ਾਈ ਸੇਵਕਾਂ ਵੱਲੋਂ ਆਪਣੀਆਂ ਮੰਗਾਂ ਦੇ ਸਬੰਧ ‘ਚ ਦਿੱਤੇ ਗਏ ਬੰਦ ਦੇ ਸੱਦੇ ਨੂੰ ਮਾਛੀਵਾੜਾ ਸਾਹਿਬ ਵਿੱਚ ਭਰਵਾਂ ਸਮਰਥਨ ਮਿਲਿਆ, ਦੁਕਾਨਦਾਰ ਭਾਈਚਾਰੇ ਨੇ ਆਪਣੀਆਂ ਦੁਕਾਨਾਂ ਪੂਰੀ ਤਰ੍ਹਾਂ ਬੰਦ ਰੱਖ ਕੇ ਸਫ਼ਾਈ ਸੇਵਕਾਂ ਨਾਲ ਏਕਤਾ ਪ੍ਰਗਟਾਈ। ਪ੍ਰੰਤੂ ਇਸ ਦੌਰਾਨ ਸ਼ਰਾਬ ਦੇ ਠੇਕੇ ਆਮ ਦਿਨਾਂ ਵਾਂਗ ਖੁੱਲ੍ਹੇ ਰਹੇ, ਜਿਸ ਕਾਰਨ ਲੋਕਾਂ ਵਿੱਚ ਇਸ ਦੀ ਚਰਚਾ ਹੁੰਦੀ ਰਹੀ। ਸ਼ਰਾਬ ਦੇ ਠੇਕੇਦਾਰਾਂ ਵੱਲੋਂ ਆਪਣੇ ਠੇਕੇ ਬੰਦ ਨਾ ਕਰਕੇ ਰੋਜ਼ਾਨਾ ਵਾਂਗ ਸ਼ਰਾਬ ਦੀ ਵਿੱਕਰੀ ਕੀਤੀ ਗਈ।


