ਪੁਲਿਸ ਵੱਲੋਂ ਕਿਸਾਨ ਜਥੇਬੰਦੀ ਦੇ ਨੌਜਵਾਨ ਆਗੂ ਨੂੰ ਟਾਰਗੇਟ ਕਰਕੇ ਦਰਜ ਕੀਤਾ ਝੂਠਾ ਪਰਚਾ ਤੁਰੰਤ ਕੀਤਾ ਜਾਵੇ ਰੱਦ : ਸੂਬਾ ਪ੍ਰਧਾਨ ਡਾ. ਦਰਸ਼ਨ ਪਾਲ
ਚੰਡੀਗੜ੍ਹ 5 ਮਾਰਚ (ਮੰਗਤ ਸਿੰਘ ਸੈਦਪੁਰ) : ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਅਵਤਾਰ ਸਿੰਘ ਮਹਿਮਾਂ ਉੱਪਰ ਕੀਤੇ ਗਏ ਝੂਠੇ ਮੁਕੱਦਮੇ ਦਾ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਨੇ ਸਖ਼ਤ ਨੋਟਿਸ ਲੈਂਦਿਆਂ ਯੂਨੀਅਨ ਦੇ ਰਾਸ਼ਟਰੀ ਪ੍ਰਧਾਨ ਡਾ ਦਰਸ਼ਨ ਪਾਲ ਅਤੇ ਰਾਸ਼ਟਰੀ ਜਨਰਲ ਸਕੱਤਰ ਸ਼ਸ਼ੀ ਕਾਂਤ ਅਲੀਗੜ੍ਹ ਅਤੇ ਸੂਬਾ ਜਨਰਲ ਸਕੱਤਰ ਗੁਰਮੀਤ ਸਿੰਘ ਮਹਿਮਾ ਨੇ ਕਿਹਾ ਕਿ ਥਾਣਾ ਅਮੀਰ ਖਾਸ ਵਿੱਚ ਪਰਚਾ ਦਰਜ ਕਰਵਾਉਣ ਵਾਲ਼ੇ ਮੁੱਦਈ ਸੁਖਚੈਨ ਸਿੰਘ ਅਤੇ ਸ਼ੁਬੇਗ ਸਿੰਘ (ਜੋ ਕਿ ਅਵਤਾਰ ਸਿੰਘ ਮਹਿਮਾਂ ਦਾ ਰਿਸ਼ਤੇਦਾਰ ਹੈ) ਦਾ ਆਪਸ ਵਿੱਚ ਪੈਸਿਆਂ ਨੂੰ ਲੈਕੇ ਮਸਲਾ ਚੱਲ ਰਿਹਾ ਸੀ। ਇਸ ਦੌਰਾਨ ਸੁਖਚੈਨ ਸਿੰਘ ਦਾ ਲੜਕਾ ਨਵਜੋਤ ਸਿੰਘ ਆਪਣੇ ਸਾਥੀਆਂ ਨਾਲ ਰਲ ਕੇ ਸ਼ੁਬੇਗ ਸਿੰਘ ਦੇ ਘਰੋਂ ਮੋਟਰਸਾਈਕਲ ਜਬਰਦਸਤੀ ਚੁੱਕ ਕੇ ਲੈ ਗਿਆ। ਜਿਸ ਦੀ ਥਾਣਾ ਸਿਟੀ ਫਿਰੋਜ਼ਪੁਰ ਵਿੱਚ ਦਰਖ਼ਾਸਤ ਦੇਣ ਮਗਰੋਂ ਪੁਲਿਸ ਨੇ ਚੋਰੀ ਕਰਨ ਵਾਲ਼ੇ ਦੇ ਘਰੋਂ ਮੋਟਰਸਾਈਕਲ ਬਰਾਮਦ ਕਰ ਲਿਆ। ਜਿਸ ਤੋ ਬਾਅਦ ਕਈ ਹਫਤੇ ਕੁਝ ਵਿਅਕਤੀਆਂ ਰਾਹੀਂ ਰਾਜੀਨਾਮੇ ਦੀ ਗੱਲਬਾਤ ਚਲਦੀ ਰਹੀ। ਪਰ ਆਖਿਰ ਫਿਰੋਜ਼ਪੁਰ ਪੁਲਿਸ ਵੱਲੋਂ ਦੋਸ਼ੀ ਨਵਜੋਤ ਸਿੰਘ ਉੱਪਰ ਬਲਪੂਰਵਕ ਚੋਰੀ ਕਰਨ ਦਾ ਪਰਚਾ ਦਰਜ ਕਰ ਦਿੱਤਾ ਗਿਆ। ਜਿਸ ਤੋ ਬਾਅਦ ਸੁਖਚੈਨ ਸਿੰਘ ਵੱਲੋਂ ਇਕ ਦਰਖ਼ਾਸਤ ਐੱਸਐੱਸਪੀ ਫਾਜ਼ਿਲਕਾ ਨੂੰ ਦਿੱਤੀ ਗਈ। ਜਿਸ ਦੀ ਪੜਤਾਲ ਡੀਐੱਸਪੀ ਜ਼ਲਾਲਾਬਾਦ ਕੋਲ ਆਈ | ਇਸ ਜਗ੍ਹਾ ਅਵਤਾਰ ਸਿੰਘ ਮਹਿਮਾਂ ਵੱਲੋਂ ਆਪਣੇ ਅਤੇ ਬਾਕੀ ਪਰਿਵਾਰਕ ਮੈਬਰਾਂ ਦੇ ਸਾਰੇ ਤੱਥ ਪਰੂਫ਼ ਪੇਸ਼ ਕੀਤੇ। ਮੌਜੂਦ ਅਧਿਕਾਰੀਆਂ ਸਾਹਮਣੇ ਮੁੱਦਈ ਸੁਖਚੈਨ ਸਿੰਘ ਨੇ ਮੰਨਿਆ ਕਿ ਓਹਨਾ ਦਾ ਮਸਲਾ ਸਿਰਫ਼ ਸ਼ੁਬੇਗ ਸਿੰਘ ਨਾਲ ਹੈ ਬਾਕੀ ਕਿਸੇ ਨਾਲ ਨਹੀਂ। ਪਰ ਹੁਣ ਫਾਜ਼ਿਲਕਾ ਪੁਲਿਸ ਵੱਲੋਂ ਘਰ ਦੀਆਂ ਔਰਤਾਂ, ਬਜ਼ੁਰਗਾਂ ਅਤੇ ਕਿਸਾਨ ਆਗੂ ਅਵਤਾਰ ਸਿੰਘ ਮਹਿਮਾਂ ਨੂੰ ਟਾਰਗੇਟ ਕਰਦਿਆਂ ਝੂਠਾ ਮੁਕਦਮਾ ਦਰਜ ਕੀਤਾ ਗਿਆ ਹੈ। ਆਗੂਆਂ ਨੇ ਕਿਹਾ ਕਿ ਜੱਥੇਬੰਦੀ ਵੱਲੋਂ ਇਸ ਦਾ ਨੋਟਿਸ ਲੈਂਦਿਆਂ ਸ਼ੁਕਰਵਾਰ ਨੂੰ ਮੀਟਿੰਗ ਬੁਲਾਈ ਵਿੱਚ ਅਗਲੇ ਫੈਸਲੇ ਲਏ ਜਾਣਗੇ।


