ਸਾਹਿਬਜ਼ਾਦਾ ਅਜੀਤ ਸਿੰਘ ਨਗਰ 25 ਜੂਨ (ਮੰਗਤ ਸਿੰਘ ਸੈਦਪੁਰ) : ਪਿੰਡ ਪਾਪੜੀ ਦੀ ਕਰੋੜਾਂ ਰੁਪਏ ਦੀ ਜ਼ਮੀਨ ਕੋਡੀਆਂ ਦੇ ਭਾਅ ਹੜੱਪਣ ਦੇ ਲਗਾਏ ਦੋਸ਼ਾਂ ਦਾ ਸ. ਕੁਲਵੰਤ ਸਿੰਘ ਵੱਲੋਂ ਜ਼ੋਰਦਾਰ ਖ਼ੰਡਨ ਕਰਦੇ ਹੋਏ ਕਿਹਾ ਗਿਆ ਹੈ ਕਿ ਬਲਬੀਰ ਸਿੰਘ ਇੱਕ ਝੂਠਾ ਬੰਦਾ ਹੈ। ਜਿਸ ਨੇ ਝੂਠ ਦੇ ਸਹਾਰੇ ਸਿਆਸਤ ਕਰਦੇ ਹੋਏ ਪਿਛਲੇ 15-20 ਸਾਲ ਤੋਂ ਲੋਕਾਂ ਨੂੰ ਗੁੰਮਰਾਹ ਕਰਨ ਤੋਂ ਇਲਾਵਾ ਹੋਰ ਕੋਈ ਕੰਮ ਨਹੀਂ ਕੀਤਾ ਹੈ ਅਤੇ ਉਸ ਵੱਲੋਂ ਮੋਹਾਲੀ ਵਿੱਖੇ ਹੜੱਪ ਕੀਤੀਆਂ ਕੀਮਤੀ ਜ਼ਮੀਨਾਂ ਸਬੰਧੀ ਮੋਹਾਲੀ ਦੇ ਲੋਕ ਚੰਗੀ ਤਰ੍ਹਾਂ ਜਾਣੂ ਹਨ। …
ਦੱਸਣ ਯੋਗ ਹੈ ਕਿ ਸ੍ਰੀ ਬਲਬੀਰ ਸਿੰਘ ਸਿੱਧੂ ਸਾਬਕਾ ਐਮ.ਐਲ.ਏ. ਐਸ.ਏ.ਐਸ. ਨਗਰ ਵੱਲੋਂ ਐਸ.ਏ.ਐਸ. ਨਗਰ ਦੇ ਮੌਜ਼ੂਦਾ ਵਿਧਾਇਕ ਸ. ਕੁਲਵੰਤ ਸਿੰਘ ਤੇ ਪੰਚਾਇਤ ਵਿਭਾਗ ਦੀ ਮਿਲੀ ਭੁਗਤ ਨਾਲ ਪਿੰਡ ਪਾਪੜੀ ਦੀ ਮਹਿੰਗੇ ਭਾ ਦੀ ਜਮੀਨ ਸਸਤੇ ਰੇਟ ਤੇ ਹੜੱਪਣ ਦਾ ਦੋਸ਼ ਲਾਇਆ ਸੀ।
ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਪਿੰਡ ਪਾਪੜੀ ਦੀ ਜ਼ਮੀਨ ਦਾ ਮਸਲਾ 10 ਸਾਲ ਪੁਰਾਣਾ ਹੈ। ਸੰਬਧਤ ਜ਼ਮੀਨ 10 ਸਾਲ ਪਹਿਲਾਂ ਜੇ.ਐਲ.ਪੀ.ਐਲ. ਵੱਲੋਂ ਪਿੰਡ ਪਾਪੜੀ ਦੀ ਪੰਚਾਇਤ ਤੋਂ ਸਰਕਾਰ ਵੱਲੋਂ ਨਿਰਧਾਰਿਤ ਕੀਮਤ ‘ਤੇ ਲਈ ਗਈ ਸੀ ਅਤੇ ਮੇਰੀ ਕੰਪਨੀ ਸਾਰੀ ਕੀਮਤ ਤੁਰੰਤ ਅਦਾ ਕਰਕੇ ਰਜਿਸਟਰੀ ਕਰਵਾਉਣ ਲਈ ਤਿਆਰ ਸੀ। ਮੇਰੇ ਕਾਰੋਬਾਰ ਵਿੱਚ ਵਿਘਨ ਪਾਉਣ ਕਾਰਨ ਬਲਬੀਰ ਸਿੰਘ ਸਿੱਧੂ ਦੀ ਸ਼ਹਿ ‘ਤੇ ਇਸ ਜ਼ਮੀਨ ਦੀ ਖ਼ਰੀਦ ਸਬੰਧੀ ਕੋਰਟ ਵਿੱਚ ਕੇਸ ਫ਼ਾਈਲ ਕਰਕੇ ਸਟੇਅ ਲੈ ਲਈ ਸੀ। ਇਸ ਸਟੇਅ ਕਾਰਨ ਜੋ ਲਗਭੱਗ 20 ਕਰੋੜ ਦੀ ਰਕਮ ਪਾਪੜੀ ਪਿੰਡ ਦੀ ਪੰਚਾਇਤ ਨੂੰ 10 ਸਾਲ ਪਹਿਲਾਂ ਮਿਲਣੀ ਬਣਦੀ ਸੀ। ਉਹ ਨਹੀਂ ਮਿਲ ਪਾਈ। ਜਿਸ ਦਾ ਬਲਬੀਰ ਸਿੱਧੂ ਪਿੰਡ ਵਾਲਿਆਂ ਦਾ ਦੋਸ਼ੀ ਹੈ। ਸਬੰਧਤ ਜ਼ਮੀਨ ਨੂੰ ਜੇ.ਐਲ.ਪੀ.ਐਲ. ਨੂੰ ਵੇਚਣ ਸਮੇਂ ਪਿੰਡ ਦੇ ਸਰਪੰਚ ਸ੍ਰੀ ਅਜੈਬ ਸਿੰਘ ਨੂੰ ਤੰਗ ਪ੍ਰੇਸ਼ਾਨ ਕਰਨ ਲਈ ਬਲਬੀਰ ਸਿੰਘ ਸਿੱਧੂ ਦੀ ਸ਼ਹਿ ‘ਤੇ ਇੱਕ ਝੂਠੇ ਕੇਸ ਵਿੱਚ ਫ਼ਸਾ ਕੇ ਪਰਚਾ ਦਰਜ ਕਰਵਾ ਦਿੱਤਾ ਗਿਆ ਸੀ। ਜਿਸ ਕਾਰਨ ਪੈਦਾ ਹੋਈ ਮਾਨਸਿਕ ਪ੍ਰੇਸ਼ਾਨੀ ਕਾਰਨ ਸ੍ਰੀ ਅਜੈਬ ਸਿੰਘ ਇਸ ਦੁਨੀਆਂ ਤੋਂ ਚਲੇ ਗਏ। ਬਲਬੀਰ ਸਿੰਘ ਸਿੱਧੂ ਦਾ ਇਹ ਕਹਿਣਾ ਕਿ ਸਬੰਧਤ ਜ਼ਮੀਨ ‘ਤੇ ਮੇਰੀ ਕੰਪਨੀ ਦਾ ਕਬਜ਼ਾ ਹੈ. ਉਸ ਤੋਂ ਇਹ ਸਾਬਤ ਹੁੰਦਾ ਹੈ ਕਿ ਬਲਬੀਰ ਸਿੰਘ ਕਿੰਨਾ ਝੂਠਾ ਆਦਮੀ ਹੈ। ਕਿਉਂਕਿ ਸਬੰਧਤ ਜ਼ਮੀਨ ‘ਤੇ ਕਬਜ਼ੇ ਸਬੰਧੀ ਡਾਇਰੈਕਟਰ ਪੰਚਾਇਤ ਵੱਲੋਂ ਕੋਰਟ ਵਿੱਚ ਦਿੱਤੇ ਬਿਆਨ ਵਿੱਚ ਸਪਸ਼ਟ ਕਿਹਾ ਗਿਆ ਸੀ ਕਿ ਇਸ ਜ਼ਮੀਨ ‘ਤੇ ਕਿਸੇ ਵੀ ਪਾਰਟੀ ਦਾ ਕਬਜਾ ਨਹੀਂ ਹੈ। ਜੇ.ਐਲ.ਪੀ.ਐਲ. ਵੱਲੋਂ ਜਦੋਂ ਵੀ ਇਸ ਜ਼ਮੀਨ ਦੀ ਰਜਿਸਟਰੀ ਕਰਵਾਈ ਜਾਵੇਗੀ ਜਾਂ ਕਬਜ਼ਾ ਲਿਆ ਜਾਵੇਗਾ ਤਾਂ ਉਹ ਸਰਕਾਰ ਵੱਲੋਂ ਨਿਰਧਾਰਤ ਕੀਮਤ ਅਦਾ ਕਰਕੇ ਹੀ ਲਿਆ ਜਾਵੇਗਾ। ਕਿਉਂਕਿ ਸਾਡੀ ਕੰਪਨੀ ਹਰ ਕੰਮ ਪਾਰਦਰਸ਼ੀ ਢੰਗ ਨਾਲ ਕਰਦੀ ਹੈ। ਹਲਕਾ ਵਿਧਾਇਕ ਵੱਲੋਂ ਪੰਜਾਬ ਵਾਸੀਆਂ ਨੂੰ ਬੇਨਤੀ ਕੀਤੀ ਕਿ ਉਹ ਇਸ ਝੂਠੇ ਅਤੇ ਧੋਖ਼ੇਬਾਜ਼ ਬੰਦੇ ਦੇ ਬਿਆਨਾਂ ‘ਤੇ ਯਕੀਨ ਨਾ ਕਰਨ ਕਿਉਂਕਿ ਝੂਠ ਬੋਲਣਾ ਅਤੇ ਮੱਕਾਰੀ ਕਰਨਾ ਇਸ ਦੀ ਪੈਦਾਇਸ਼ੀ ਆਦਤ ਹੈ।


