ਪੀੜਿਤ ਮਹਿਲਾ ਸੋਨੀਆਂ ਦੇ ਇਕਲੌਤੇ ਬੇਟੇ ਕੁੰਭੜਾ ‘ਚ ਪ੍ਰਵਾਸੀਆਂ ਕੀਤਾ ਸੀ 6 ਮਹੀਨੇ ਪਹਿਲਾਂ ਬੇਰਹਿਮੀ ਨਾਲ ਕਤਲ… 
ਸਾਹਿਬਜ਼ਾਦਾ ਅਜੀਤ ਸਿੰਘ ਨਗਰ 22 ਅਪ੍ਰੈਲ (ਜਗਤਾਰ ਸਿੰਘ ਸੈਦਪੁਰ) : ਗੁਰੂ ਸਾਹਿਬਾਨਾਂ ਵੱਲੋਂ ਗੁਰਦੁਆਰਿਆਂ ਵਿੱਚ ਲੰਗਰ ਦੀ ਚਲਾਈ ਪ੍ਰਥਾ ਅੱਜ ਪੂਰੀ ਦੁਨੀਆਂ ਵਿੱਚ ਪ੍ਰਚਲਤ ਅਤੇ ਪ੍ਰਸਿੱਧ ਹੈ। ਸਿੱਖ ਸੰਗਤਾਂ ਵੱਲੋਂ ਹਰ ਗਮੀ ਖੁਸ਼ੀ ਦੇ ਪ੍ਰੋਗਰਾਮਾਂ ਜਾਂ ਗੁਰਪੁਰਬਾਂ ਉੱਤੇ ਵੱਡੇ ਵੱਡੇ ਲੰਗਰ ਲਗਾਏ ਜਾਂਦੇ ਹਨ ਤੇ ਸੰਗਤਾਂ ਗੁਰੂ ਕੇ ਅਤੁਟ ਲੰਗਰ ਛਕਦੀਆਂ ਹਨ। ਪਰ ਮੋਹਾਲੀ ਦੇ ਫੇਸ 11 ਦੇ ਗੁਰਦੁਆਰਾ ਸ਼੍ਰੋਮਣੀ ਭਗਤ ਬਾਬਾ ਨਾਮਦੇਵ ਜੀ ਦੀ ਪ੍ਰਬੰਧਕ ਕਮੇਟੀ ਵੱਲੋਂ ਕੀਤੀ ਗਈ ਇੱਕ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ। ਉੱਥੇ ਲੰਗਰ ਪਕਾਉਣ ਗਈਆਂ ਦੋ ਮਹਿਲਾਵਾਂ ਸੋਨੀਆ ਰਾਣੀ ਅਤੇ ਸਰੋਜ ਰਾਣੀ ਦੀ ਖੀਰ ਦੀਆਂ ਦੋ ਕਟੋਰੀਆਂ ਮੰਗਣ ਤੇ ਕੁੱਟਮਾਰ ਕੀਤੀ ਗਈ, ਮੋਬਾਇਲ ਖੋਹ ਲਿਆ ਗਿਆ, ਨਾਲ ਆਏ ਬੱਚਿਆਂ ਨੂੰ ਵੀ ਕੁੱਟਿਆ ਗਿਆ ਅਤੇ ਉਹਨਾਂ ਦੀ ਬਣਦੀ ਦਿਹਾੜੀ ਦੇ ਪੈਸੇ ਵੀ ਨਹੀਂ ਦਿੱਤੇ ਗਏ। ਦੋਨੋਂ ਬੱਚਿਆਂ ਤੇ ਇੱਕ ਮਹਿਲਾ ਨੂੰ ਗੁਰਦੁਆਰਾ ਸਾਹਿਬ ਵਿੱਚ ਬੰਦ ਕਰ ਲਿਆ। ਇੱਕ ਮਹਿਲਾ ਨੇ ਕਿਸੇ ਤਰ੍ਹਾਂ ਬਾਹਰ ਆ ਕੇ ਐਸੀ/ਬੀਸੀ ਮਹਾ ਪੰਚਾਇਤ ਪੰਜਾਬ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੂੰ ਸੂਚਿਤ ਕੀਤਾ। ਸ. ਬਲਵਿੰਦਰ ਸਿੰਘ ਕੁੰਭੜਾ ਨੇ ਬੜੀ ਮਸ਼ੱਕਤ ਨਾਲ ਮਹਿਲਾਵਾਂ ਤੇ ਬੱਚਿਆਂ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਕੋਲੋਂ ਆਜ਼ਾਦ ਕਰਵਾਇਆ। ਪੀਸੀਆਰ ਦੇ ਮੌਕੇ ‘ਤੇ ਪਹੁੰਚੀ ਤੇ ਥਾਣਾ ਫੇਜ-11 ‘ਚ ਜਾਕੇ ਕਮੇਟੀ ਪ੍ਰਧਾਨ ਅਤੇ ਮੈਂਬਰਾਂ ਦੀ ਸ਼ਿਕਾਇਤ (734/20.04.2025) ਦਰਜ ਕਰਵਾਈ। ਪੁਲਿਸ ਨੇ ਸ਼ਿਕਾਇਤ ਦਰਜ ਕਰਕੇ ਤਫਤੀਸ਼ ਲਈ ਏਐਸਆਈ ਹਰਨੇਕ ਸਿੰਘ ਦੀ ਡਿਊਟੀ ਲਗਾਈ। ਖਾਸ ਗੱਲ ਇਹ ਹੈ ਕਿਇੱਥੇ ਇਹ ਦੱਸਣ ਯੋਗ ਹੈ ਕਿ ਇਹਨਾਂ ਵਿੱਚੋਂ ਇੱਕ ਮਹਿਲਾ ਸੋਨੀਆ ਰਾਣੀ ਛੇ ਮਹੀਨੇ ਪਹਿਲਾਂ ਪਿੰਡ ਕੁੰਭੜਾ ਵਿੱਚ ਪ੍ਰਵਾਸੀਆਂ ਵੱਲੋਂ ਬੇਰਹਿਮੀ ਨਾਲ ਕਤਲ ਕੀਤੇ ਦੋ ਨੌਜਵਾਨਾਂ ਚੋਂ ਇਕ ਦਮਨਪ੍ਰੀਤ ਦੀ ਮਾਤਾ ਹੈ ਤੇ ਦੋਨੋਂ ਬੱਚੀਆਂ ਉਸ ਦੀਆਂ ਸਕੀਆਂ ਭੈਣਾਂ ਹਨ। ਇਸ ਮੌਕੇ ਮੋਰਚਾ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੇ ਕਿਹਾ ਕਿ ਕਿੰਨੀ ਸ਼ਰਮਨਾਕ ਗੱਲ ਹੈ ਕਿ ਇਨਾਂ ਮਜਬੂਰ ਔਰਤਾਂ ਨੂੰ ਦੋ ਕਟੋਰੀਆਂ ਖੀਰ ਬਦਲੇ ਗੁਰਦੁਆਰਾ ਸਾਹਿਬ ਵਿੱਚ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ। ਜਦਕਿ ਸਾਡੇ ਗੁਰੂ ਸਾਹਿਬਾਨਾਂ ਨੇ ਸਮੂਹ ਸੰਗਤ ਲਈ ਲੰਗਰ ਦੀ ਪ੍ਰਥਾ ਚਲਾਈ ਹੈ। ਇਸ ਘਟਨਾ ਨੇ ਸਿੱਖ ਸੰਗਤਾਂ ਦੇ ਹਿਰਦਿਆਂ ਤੇ ਗਹਿਰਾ ਅਸਰ ਕੀਤਾ ਹੈ। ਉਹਨਾਂ ਐਸਐਸਪੀ ਮੋਹਾਲੀ ਤੋਂ ਮੰਗ ਕੀਤੀ ਕਿ ਕਮੇਟੀ ਮੈਂਬਰਾਂ ‘ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਸ ਸਬੰਧੀ ਜਦੋਂ ਤਫਤੀਸ਼ੀ ਅਫਸਰ ਹਰਨੇਕ ਸਿੰਘ ਨਾਲ ਸੰਪਰਕ ਕੀਤਾ ਤਾਂ ਉਹਨਾਂ ਨੇ ਦੱਸਿਆ ਕਿ ਉਹਨਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਮੈਂਬਰਾਂ ਵੱਲੋਂ ਮਹਿਲਾ ਦਾ ਜਿਹੜਾ ਫੋਨ ਖੋਹਿਆ ਗਿਆ ਸੀ ਉਹਨਾਂ ਨੇ ਉਸ ਤੇ ਵੀ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰੰਤੂ ਉਸ ਨੂੰ ਕਿਸੇ ਨੇ ਅਟੈਂਡ ਨਹੀਂ ਕਰਿਆ ਜਦੋਂ ਕਿ ਵੈਲ ਲਗਾਤਾਰ ਜਾ ਰਹੀ ਸੀ। ਇਸ ਸਬੰਧੀ ਜਦੋਂ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਦਾ ਪੱਖ ਲੈਣ ਲਈ ਮੋਬਾਇਲ ਨੰਬਰ ‘ਤੇ ਦੋ-ਤਿੰਨ ਵਾਰ ਸੰਪਰਕ ਦੀ ਕੋਸ਼ਿਸ਼ ਕੀਤੀ ਤਾਂ ਆਊਟ ਆਫ ਰੇਂਜ ਆ ਰਿਹਾ ਸੀ। ਇਸ ਕਰਕੇ ਉਹਨਾਂ ਨਾਲ ਸੰਪਰਕ ਨਹੀਂ ਹੋ ਸਕਿਆ।


