ਚੰਡੀਗੜ੍ਹ, 18 ਮਾਰਚ (ਜਗਤਾਰ ਸਿੰਘ ਸੈਦਪੁਰ) ਨੇੜਲੇ ਸਮੇਂ ਵਿੱਚ ਹੋਏ ਪੁਲਿਸ ਮੁਕਾਬਲਿਆ ਤੇ ਧਾਰਮਿਕ ਅਸਥਾਨਾਂ ਉੱਤੇ ਲੁਕੇ-ਛਿਪੇ ਹਮਲਿਆਂ ਦੀ ਵਧ ਰਹੀ ਗਿਣਤੀ ਤੇ ਬਾਡਰੋਂ ਪਾਰ ਆਏ ਡਰੋਨਜ਼ ਦਾ ਪ੍ਰਚੰਡ ਪ੍ਰਾਪੇਗੰਡਾ, ਪੰਜਾਬ ਵਿੱਚ ਕਾਲੀਆਂ/ਫਿਰਕਾਪ੍ਰਸਤ ਤਾਕਤਾਂ ਵੱਲੋਂ ਸੂਬੇ ਦੀ ਸ਼ਾਂਤੀ ਨੂੰ ਭੰਗ ਕਰਨ ਦੇ ਮਨਸੂਬਿਆਂ ਦੀ ਗਵਾਹੀ ਦਿੰਦੇ ਹਨ ਜਿਸ ਤੋਂ ਪੰਜਾਬੀਆਂ ਨੂੰ ਤੁਰੰਤ ਚੁਕੰਨੇ ਹੋ ਜਾਣ ਦੀ ਜ਼ਰੂਰਤ ਹੈ। ਸਿੰਘ ਸਭਾ ਨਾਲ ਜੁੜੇ ਬੁੱਧੀਜੀਵੀ/ਚਿੰਤਕਾਂ ਨੇ ਕਿਹਾ ਕਿ ਚਾਰ ਦਹਾਕੇ ਪਹਿਲਾਂ ਵੀ, ਇਸੇ ਹੀ ਤਰਜ਼ ਦੀਆਂ ਕਾਰਵਾਈਆਂ ਰਾਹੀਂ ਪੰਜਾਬ ਵਿੱਚ ਫਿਰਕਾਪ੍ਰਸਤੀ ਅਤੇ ਦਹਾਕਾ ਲੰਬੇ ਖੂਨ-ਖਰਾਬੇ ਦਾ ਮਾਹੌਲ ਸਿਰਜਿਆ ਗਿਆ ਸੀ। ਜਿਸ ਕਰਕੇ, ਪੰਜਾਬ ਹਰ ਪੱਧਰ ਉੱਤੇ ਪਛੜ ਕੇ 19ਵੇਂ ਨੰਬਰ ਉੱਤੇ ਜਾ ਖੜ੍ਹਿਆ। ਇਸ ਦੇ ਨਾਲ ਨਾਲ ਰਾਜਨੀਤਿਕ ਤੌਰ ਉੱਤੇ ਸੱਖਣਾ ਹੋ ਕੇ, ਸੂਬੇ ਦੀ ਦੇਸ਼ ਵਿੱਚ ਸਿਆਸੀ ਹੋਂਦ ਹੀ ਖ਼ਤਮ ਹੋ ਗਈ। ਪਿਛਲੇ ਹਫ਼ਤੇ ਅੰਮ੍ਰਿਤਸਰ ਦੇ ਮੰਦਰ ਉੱਤੇ ਰਾਤ ਨੂੰ ਹੋਏ ਹਮਲੇ ਦੀ ਨਿਖੇਧੀ ਕਰਦਿਆਂ, ਚਿੰਤਕਾਂ ਦਾ ਮਤ ਸੀ ਕਿ ਕਾਲੀਆਂ ਤਾਕਤਾਂ ਨਹੀਂ ਚਾਹੁੰਦੀਆਂ ਕਿ ਪੰਜਾਬ ਵਿੱਚ ਧਾਰਮਿਕ ਸਦਭਾਵਨਾ ਬਣੀ ਰਹੇ ਅਤੇ ਪੰਜਾਬੀ ਇਕੱਠੇ ਹੋ ਕੇ, ਮਾਂ-ਬੋਲੀ ਪੰਜਾਬੀ ਦੀ ਮਜ਼ਬੂਤੀ ਲਈ ਇਕਮੁੱਠ ਹੋਣ ਅਤੇ ਕੌਮੀ ਸਿੱਖਿਆ ਨੀਤੀ ਅਤੇ ਨਵੀਂ ਚੋਣ ਹਲਕਾਬੰਦੀ ਦੀਆਂ ਸਾਜ਼ਸ਼ੀ ਸਕੀਮਾਂ ਦਾ ਵਿਰੋਧ ਕਰ ਸਕਣ। ਹਾਲ ਵਿੱਚ ਹੋਏ ਪੁਲਿਸ ਮੁਕਾਬਲਿਆਂ ਦੀ ਅਸਲੀਅਤ ਉੱਤੇ ਉਂਗਲ ਉਠਾਉਂਦਿਆਂ, ਉਹਨਾਂ ਕਿਹਾ ਕਿ ਪਿਛਲੇ ਚਾਲੀ ਸਾਲਾਂ ਤੋਂ ਪੁਲਿਸ ਐਕਸ਼ਨਾਂ ਦੀਆਂ ਕਹਾਣੀਆਂ ਵਿੱਚ ਕੋਈ ਵੱਡਾ ਅੰਤਰ ਨਹੀਂ। ਪੰਜਾਬੀ ਵਿੱਚ 1992-94 ਵਿੱਚ ਸ਼ਾਂਤੀ ਬਹਾਲ ਹੋ ਜਾਣ ਬਾਅਦ ਵੀ ਪਿਛਲੇ ਤਿੰਨ ਦਹਾਕਿਆਂ ਵਿੱਚ ਪੁਰਾਣੇ ਪੁਲਿਸ ਸੈੱਟ-ਅਪ ਵਿੱਚ ਕੋਈ ਕਟੌਤੀ ਨਹੀਂ ਹੋਈ ਸਗੋਂ ਪੁਲਿਸ ਦੀ ਲਗਾਤਾਰ ਭਰਤੀ ਹੋ ਰਹੀ ਹੈ, ਜਦੋਂ ਕਿ ਸਰਕਾਰੀ ਰੀਪੋਰਟਾਂ ਅਨੁਸਾਰ ਪੰਜਾਬ ਦੀ ਆਬਾਦੀ ਅਤੇ ਪੁਲਿਸ ਦੀ ਗਿਣਤੀ ਦਾ ਅਨੁਮਾਨ ਦੇਸ਼ ਦੇ ਸਾਰੇ ਸੂਬਿਆਂ ਤੋਂ ਬਹੁਤ ਵੱਧ ਹੈ। ਅਫਸੋਸ ਹੈ ਕਿ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਸਵੱਛ/ਲੋਕ-ਪੱਖੀ ਰਾਜ ਦੇਣ ਦੇ ਵਾਅਦਿਆਂ ਨਾਲ ਪੰਜਾਬ ਵਿੱਚ ਆਈ ਸੀ, ਹੁਣ ਉਹ ਵੀ ਲੋਕਾਂ ਦੇ ਹਰ ਮਸਲੇ ਪਿਛੇ ਰੋਸ/ਗੁੱਸੇ ਨੂੰ ‘ਲਾਅ ਐਂਡ ਆਰਡਰ’ ਬਣਾ ਕੇ ਪੇਸ਼ ਕਰਦੀ ਹੈ ਅਤੇ ਧਾਰਮਿਕ ਸਹਿਣਸ਼ੀਲਤਾ ਦੇ ਮਾਹੌਲ ਨੂੰ ਪਹਿਲੀਆਂ ਸਰਕਾਰਾਂ ਵਾਂਗ ਹੀ ਫਿਰਕੂ ਰੰਗ ਦੇਣ ਵਿੱਚ ਗੁਰੇਜ਼ ਨਹੀਂ ਕਰਦੀ। ਇਸ ਬਿਆਨ ਵਿੱਚ ਪ੍ਰੋਫੈਸਰ ਸ਼ਾਮ ਸਿੰਘ (ਪ੍ਰਧਾਨ), ਪੱਤਰਕਾਰ ਜਸਪਾਲ ਸਿੰਘ ਸਿੱਧੂ, ਰਾਜਵਿੰਦਰ ਸਿੰਘ ਰਾਹੀ, ਗੁਰਪ੍ਰੀਤ ਸਿੰਘ (ਗਲੋਬਲ ਸਿੱਖ ਕੌਂਸਲ), ਸੁਰਿੰਦਰ ਸਿੰਘ ਕਿਸ਼ਨਪੁਰਾ ਅਤੇ ਡਾ. ਖੁਸ਼ਹਾਲ ਸਿੰਘ (ਜਨਰਲ ਸਕੱਤਰ) ਆਦਿ ਸ਼ਾਮਿਲ ਸਨ।


