ਲੋੜਵੰਦਾਂ ਨੂੰ ਮੁਫ਼ਤ ਸੁਣਨ ਵਾਲੀਆਂ ਵੰਡੀਆਂ ਮਸ਼ੀਨਾਂ ਵੰਡੀ, ਭਵਿੱਖ ‘ਚ ਖੂਨਦਾਨ, ਅੱਖਾਂ ਅਤੇ ਮੈਡੀਕਲ ਕੈਂਪ ਲਗਾਉਣ ਦਾ ਐਲਾਨ…
ਸਾਹਿਬਜ਼ਾਦਾ ਅਜੀਤ ਸਿੰਘ ਨਗਰ 7 ਅਕਤੂਬਰ (ਮੰਗਤ ਸਿੰਘ ਸੈਦਪੁਰ) : ਮੋਹਾਲੀ ਸ਼ਹਿਰ ਦੇ ਫੇਜ਼-6 ਦੇ ਵਸਨੀਕ ਅਤੇ ਵੇਰਕਾ ਮਿਲਕ ਪਲਾਂਟ ਮੋਹਾਲੀ ਤੋਂ ਸੀਨੀਅਰ ਮੈਨੇਜਰ ਵਜੋਂ ਸੇਵਾਮੁਕਤ ਹੋਏ ਪ੍ਰਸਿੱਧ ਸਮਾਜ ਸੇਵੀ ਮਨਜੀਤ ਸਿੰਘ ਭੱਲਾ ਵੱਲੋਂ ਆਪਣੀ ਸਵਰਗਵਾਸੀ ਪਤਨੀ ਅਵਤਾਰ ਕੌਰ ਦੀ ਯਾਦ ਵਿੱਚ ਏਕੇ ਫਾਊਂਡੇਸ਼ਨ ਦੀ ਸ਼ੁਰੂਆਤ ਕੀਤੀ। ਫਾਊਂਡੇਸ਼ਨ ਦੀ ਸ਼ੁਰੂਆਤ ਮੌਕੇ ਮੋਹਾਲੀ ਦੇ ਫੇਜ਼-6 ਵਿਖੇ ਲੋੜਵੰਦ ਵਿਅਕਤੀਆਂ ਨੂੰ ਸੁਣਨ ਵਾਲੀਆਂ ਮਸ਼ੀਨਾਂ ਮੁਫ਼ਤ ਵੰਡੀਆਂ ਗਈਆਂ। ਫਾਊਂਡੇਸ਼ਨ ਦੀ ਸ਼ੁਰੂਆਤ ਨਗਰ ਨਿਗਮ ਮੋਹਾਲੀ ਦੇ ਸੀਨੀਅਰ ਡਿਪਟੀ ਮੇਅਰ ਆਰ.ਪੀ. ਸ਼ਰਮਾ ਵੱਲੋਂ ਕੀਤੀ ਗਈ। ਇਸ ਮੌਕੇ ਉਨ੍ਹਾਂ ਨੇ ਮਨਜੀਤ ਸਿੰਘ ਭੱਲਾ ਵੱਲੋਂ ਕੀਤੇ ਜਾ ਰਹੇ ਸਮਾਜ ਸੇਵੀ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮਨਜੀਤ ਸਿੰਘ ਭੱਲਾ ਅਤੇ ਉਨ੍ਹਾਂ ਦੀ ਸਵਰਗਵਾਸੀ ਪਤਨੀ ਅਵਤਾਰ ਕੌਰ ਵੱਲੋਂ ਪਹਿਲਾਂ ਵੀ ਲੋੜਵੰਦ ਲੋਕਾਂ ਦੀ ਮਦਦ ਕੀਤੀ ਜਾਂਦੀ ਰਹੀ ਹੈ। ਉਨ੍ਹਾਂ ਵੱਲੋਂ ਸਮੇਂ-ਸਮੇਂ ’ਤੇ ਮੁਫ਼ਤ ਅੱਖਾਂ ਦੇ ਜਾਂਚ ਕੈਂਪ ਲਗਾਉਣ ਦੇ ਨਾਲ-ਨਾਲ ਐਨਕਾਂ ਦੇ ਲੰਗਰ ਵੀ ਲਗਾਏ ਜਾਂਦੇ ਰਹੇ ਹਨ। ਉਨ੍ਹਾਂ ਕਿਹਾ ਕਿ ਅਵਤਾਰ ਕੌਰ ਦੇ ਸਵਰਗਵਾਸ ਤੋਂ ਬਾਅਦ ਉਨ੍ਹਾਂ ਦੀ ਯਾਦ ਨੂੰ ਸਮਰਪਿਤ ਏਕੇ ਫਾਊਂਡੇਸ਼ਨ ਦੀ ਸ਼ੁਰੂਆਤ ਕਰਨਾ ਇੱਕ ਸਮਾਜ ਸੇਵੀ ਉਪਰਾਲਾ ਹੈ। ਜਿਸ ਰਾਹੀਂ ਭਵਿੱਖ ਵਿੱਚ ਵੀ ਲੋੜਵੰਦ ਲੋਕਾਂ ਦੀ ਸਹਾਇਤਾ ਕੀਤੀ ਜਾ ਸਕੇਗੀ। ਇਸ ਮੌਕੇ ਜਾਣਕਾਰੀ ਦਿੰਦਿਆਂ ਮਨਜੀਤ ਸਿੰਘ ਭੱਲਾ ਨੇ ਦੱਸਿਆ ਕਿ ਏਕੇ ਫਾਊਂਡੇਸ਼ਨ ਵੱਲੋਂ ਆਉਣ ਵਾਲੇ ਸਮੇਂ ਵਿੱਚ ਖੂਨਦਾਨ ਕੈਂਪ, ਅੱਖਾਂ ਦੇ ਜਾਂਚ ਕੈਂਪ, ਮੈਡੀਕਲ ਕੈਂਪ ਅਤੇ ਹੋਰ ਲੋਕ ਭਲਾਈ ਦੇ ਕਾਰਜ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ਲੋੜਵੰਦ ਵਿਅਕਤੀ ਸਾਲ ਦੇ 365 ਦਿਨ ਕਿਸੇ ਵੀ ਦਿਨ ਉਨ੍ਹਾਂ ਦੇ ਦਫ਼ਤਰ ਨਾਲ ਸੰਪਰਕ ਕਰਕੇ ਐਨਕਾਂ ਪ੍ਰਾਪਤ ਕਰ ਸਕਦਾ ਹੈ। ਇਸ ਮੌਕੇ ਆਰ.ਪੀ. ਸ਼ਰਮਾ, ਬਲਵਿੰਦਰ ਸਿੰਘ ਜੰਮੂ, ਐਡਵੋਕੇਟ ਹਰਮਨ ਹੁੰਦਲ, ਪਰਮਬੀਰ ਸਿੰਘ ਭੱਲਾ (ਸਪੁੱਤਰ) ਸਮੇਤ ਹੋਰ ਪਤਵੰਤੇ ਅਤੇ ਸਮਾਜ ਸੇਵੀ ਹਾਜ਼ਰ ਸਨ।



