20ਵੀਂ ਸਦੀ ਦਾ ਮਹਾਨ ਸਿੱਖ ਅਤੇ ਦਮਦਮੀ ਟਕਸਾਲ ਦੇ 14ਵੇਂ ਮੁਖੀ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਵੱਲੋਂ ਆਰੰਭੇ ਸਿੱਖ ਸੰਘਰਸ਼ ‘ਚ ਜਿੱਥੇ ਸਵਰਗੀ ਬਾਪੂ ਜਗੀਰ ਸਿੰਘ ਦਾ ਸਮੁੱਚੇ ਪਰਿਵਾਰ ਦਾ ਵੱਡਾ ਯੋਗਦਾਨ ਰਿਹਾ ਉੱਥੇ ਹੀ ਭਾਈ ਗੁਰਚਰਨ ਸਿੰਘ ਸੈਦਪੁਰ ਦੇ ਵੱਡੇ ਭਰਾ ਸਵ. ਸਤਵੰਤ ਸਿੰਘ ਧਾਲੀਵਾਲ ਨੇ ਵੀ ਪੰਥਕ ਕਾਰਜਾਂ ‘ਚ ਅਹਿਮ ਯੋਗਦਾਨ ਪਾਇਆ : ਡਾ. ਭਗਵਾਨ ਸਿੰਘ
ਸਵਰਗੀ ਬਾਪੂ ਜਗੀਰ ਸਿੰਘ ਧਾਲੀਵਾਲ ਦਾ ਸਮੁੱਚਾ ਪਰਿਵਾਰ ਸਿੱਖ ਸੰਘਰਸ਼ ਦੌਰਾਨ ਸੇਵਾਵਾਂ ਨਿਭਾਉਣ ਵਿੱਚ ਮੋਹਰੀ ਰਿਹਾ। ਜਿਵੇਂ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਸੀਨੀਅਰ ਆਗੂ ਭਾਈ ਗੁਰਚਰਨ ਸਿੰਘ ਸੈਦਪੁਰ ਜਿਨਾਂ ਨੇ 20ਵੀਂ ਸਦੀ ਦੇ ਮਹਾਨ ਸਿੱਖ ਅਤੇ ਦਮਦਮੀ ਟਕਸਾਲ ਦੇ 14ਵੇਂ ਮੁਖੀ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਵੱਲੋਂ ਆਰੰਭ ਪੰਜਾਬ ਦੇ ਹੱਕਾਂ ਲਈ ਸਿੱਖ ਸੰਘਰਸ਼ ਦੌਰਾਨ ਵੱਡੇ ਪੱਧਰ ਤੇ ਸੇਵਾਵਾਂ ਨਿਭਾਈਆਂ। ਇਸੇ ਤਰ੍ਹਾਂ ਉਨਾਂ ਦੇ ਵੱਡੇ ਭਰਾ ਸਰਦਾਰ ਸਤਵੰਤ ਸਿੰਘ ਧਾਲੀਵਾਲ ਨੇ ਵੀ ਹਰ ਤਰ੍ਹਾਂ ਸਿੱਖ ਸੰਘਰਸ਼ ਦੌਰਾਨ ਆਪਣਾ ਯੋਗਦਾਨ ਪਾਇਆ। ਜੋ ਫਰਵਰੀ 2024 ਦੌਰਾਨ ਸਾਨੂੰ ਸਦੀਵੀ ਵਿਛੋੜਾ ਦੇ ਗਏ ਸਨ ਅਤੇ ਹੁਣ 16 ਫਰਵਰੀ 2025 ਦਿਨ ਐਤਵਾਰ ਨੂੰ ਉਹਨਾਂ ਦੇ ਜੱਦੀ ਪਿੰਡ ਸੈਦਪੁਰ ਵਿਖੇ ਪਹਿਲੀ ਬਰਸੀ ਮਨਾਈ ਜਾ ਰਹੀ ਹੈ। ਇਸ ਸਬੰਧੀ ਉਹਨਾਂ ਦੀ ਪਤਨੀ ਬੀਬੀ ਸਤਵੰਤ ਕੌਰ ਧਾਲੀਵਾਲ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਦਾਰ ਸਤਵੰਤ ਸਿੰਘ ਧਾਲੀਵਾਲ ਦਾ ਜਨਮ ਪਿੰਡ ਸੈਦਪੁਰ ਵਿਖੇ 1959 ਨੂੰ ਹੋਇਆ ਉਹਨਾਂ ਨੇ ਮੁੱਢਲੀ ਪੜ੍ਹਾਈ ਸਰਕਾਰੀ ਹਾਈ ਸਕੂਲ ਸੈਦਪੁਰ ਤੋਂ ਕੀਤੀ ਅਤੇ ਗ੍ਰੈਜੂਏਸ਼ਨ ਰਾਏਕੋਟ ਤੋਂ ਕੀਤੀ। ਉਹਨਾਂ ਦੱਸਿਆ ਕਿ 1982 ਵਿੱਚ ਉਹਨਾਂ ਦਾ ਵਿਆਹ ਹੋਇਆ ਅਤੇ 1986 ਵਿੱਚ ਉਹਨਾਂ ਦੇ ਬੇਟੇ ਸਿਮਰਨ ਸਿੰਘ ਦਾ ਜਨਮ ਹੋਇਆ। ਉਹਨਾਂ ਸਵਰਗੀ ਸਤਵੰਤ ਸਿੰਘ ਧਾਲੀਵਾਲ ਬਾਰੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਲਗਭਗ ਤਿੰਨ-ਚਾਰ ਸਾਲ ਇਰਾਕ ਵਿੱਚ ਰਹਿ ਕੇ ਕੰਮ ਕੀਤਾ। ਉਸ ਤੋਂ ਬਾਅਦ ਅਪ੍ਰੈਲ 1982 ਨੂੰ ਉਹਨਾਂ ਦਾ ਵਿਆਹ ਬੀਬੀ ਸਤਵੰਤ ਕੌਰ ਧਾਲੀਵਾਲ ਨਾਲ ਹੋਇਆ। ਉਹਨਾਂ ਦੱਸਿਆ ਕਿ ਉਨ੍ਹਾਂ ਨੂੰ ਸ਼ੁਰੂ ਤੋਂ ਹੀ ਵਿਦੇਸ਼ਾਂ ਵਿੱਚ ਘੁੰਮਣ ਦਾ ਸ਼ੌਂਕ ਰਿਹਾ। ਖਾਸ ਗੱਲ ਇਹ ਹੈ ਕਿ ਉਹਨਾਂ ਨੇ ਲਗਭਗ ਚਾਰ-ਪੰਜ ਸਾਲ ਸੈਕਟਰ 38 ਚੰਡੀਗੜ੍ਹ ਵਿਖੇ ਇਮੀਗਰੇਸ਼ਨ ਦਾ ਦਫਤਰ ਚਲਾਇਆ ਅਤੇ ਨੌਜਵਾਨ ਮੁੰਡਿਆਂ ਨੂੰ ਵਿਦੇਸ਼ਾਂ ਵਿੱਚ ਭੇਜਣ ਦਾ ਕੰਮ ਕਰਦੇ ਰਹੇ। ਉਹਨਾਂ ਦੱਸਿਆ ਕਿ ਉਹਨਾਂ ਨੇ ਪੰਜ ਸਾਲ ਬੈਂਕਾਕ-ਥਾਈਲੈਂਡ ਰਹਿ ਕੇ ਵੀ ਕੰਮ ਕੀਤਾ। 1996 ਵਿੱਚ ਯੂਐਸਏ ਚਲੇ ਗਏ ਅਤੇ 2004 ‘ਚ ਉਹਨਾਂ ਨੇ ਰੀਅਲ ਅਸਟੇਟ ਡਿਵੈਲਪਮੈਂਟ ਦਾ ਕੰਮ ਕੀਤਾ। ਉਹਨਾਂ ਦੱਸਿਆ ਕਿ ਅਮਰੀਕਾ ਦੇ ਸ਼ਹਿਰ ਸਿਆਟਲ ‘ਚ ਰਹਿ ਕੇ ਉਹਨਾਂ ਵੱਲੋਂ ਸਿੱਖ ਸੰਘਰਸ਼ ਵਿੱਚ ਜੂਝ ਰਹੇ ਨੌਜਵਾਨਾਂ ਦੀ ਬਹੁਤ ਜਿਆਦਾ ਮਦਦ ਕੀਤੀ। ਸਵਰਗੀ ਸਤਵੰਤ ਸਿੰਘ ਧਾਲੀਵਾਲ ਬਹੁਤ ਹੀ ਮਿਲਾਪੜੇ ਅਤੇ ਜੁਝਾਰੂ ਸੁਭਾਅ ਦੇ ਮਾਲਕ ਸਨ ਜੋ ਹਮੇਸ਼ਾ ਹੀ ਗੁਰਬਾਣੀ ਪੜ ਅਤੇ ਸੁਨਣ ਨੂੰ ਜਿਆਦਾ ਤਰਜੀਹ ਦਿੰਦੇ ਸਨ। ਉਹਨਾਂ ਨੂੰ ਸਿੱਖ ਇਤਿਹਾਸ ਬਾਰੇ ਬਹੁਤ ਜਿਆਦਾ ਜਾਣਕਾਰੀ ਸੀ। ਉਹਨਾਂ ਨਾਲ ਜਦੋਂ ਵੀ ਗੱਲਬਾਤ ਹੁੰਦੀ ਸੀ ਉਦੋਂ ਹੀ ਹਮੇਸ਼ਾ ਸਿੱਖ ਇਤਿਹਾਸ ਦੀ ਗੱਲ ਕਰਦੇ ਸਨ ਅਤੇ ਹਮੇਸ਼ਾ ਹੀ ਗੁਰਬਾਣੀ ਪੜ੍ਨ ਅਤੇ ਸੁਣ ਲਈ ਕਹਿੰਦੇ ਸਨ। ਖਾਸ ਗੱਲ ਇਹ ਹੈ ਕਿ ਸਤਵੰਤ ਸਿੰਘ ਧਾਲੀਵਾਲ ਵਿਦੇਸ਼ਾਂ ਵਿੱਚ ਰਹਿੰਦੇ ਹੋਏ ਵੀ ਪੰਜਾਬ ਦੀਆਂ ਸਮੱਸਿਆਵਾਂ ਪ੍ਰਤੀ ਪੂਰੀ ਤਰ੍ਹਾਂ ਚਿੰਤਤ ਸਨ ਅਤੇ ਆਪਣੇ ਪਿੰਡ ਸੈਦਪੁਰ ਦੀ ਖਾਸ ਕਰਕੇ ਹਰ ਖਬਰਸਾਰ ਲਗਭਗ ਰੋਜਾਨਾ ਹੀ ਰੱਖਦੇ ਸਨ। ਸਵਰਗੀ ਸਤਵੰਤ ਸਿੰਘ ਧਾਲੀਵਾਲ ਦੇ ਖਾਸ ਦੋਸਤ ਡਾਕਟਰ ਭਗਵਾਨ ਸਿੰਘ ਜਿਹੜੇ ਸ਼ਹੀਦ ਭਾਈ ਅਮਰੀਕ ਸਿੰਘ ਤੋਂ ਬਾਅਦ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਕਾਰਜਕਾਰੀ ਪ੍ਰਧਾਨ ਰਹੇ। ਉਹਨਾਂ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਤਵੰਤ ਸਿੰਘ ਧਾਲੀਵਾਲ ਆਪਣੇ ਹਿੱਸੇ ਦੀ ਪਿੰਡ ਵਾਲੀ ਸਾਰੀ ਜਾਇਦਾਦ ਪੰਥ ਦੇ ਲੇਖੇ ਲਾਉਣਾ ਚਾਹੁੰਦੇ ਸਨ ਅਤੇ ਆਪ ਵੀ ਆਪਣੇ ਆਪ ਨੂੰ ਸਮਰਪਿਤ ਸੀ। ਉਹਨਾਂ ਦੱਸਿਆ ਕਿ ਭਾਈ ਗੁਰਚਰਨ ਸਿੰਘ ਸੈਦਪੁਰ ਨੂੰ ਸਿੱਖ ਸੰਘਰਸ਼ ਵੱਲ ਤੋਰਨ ਵਿੱਚ ਉਹਨਾਂ ਦਾ ਵੱਡਾ ਯੋਗਦਾਨ ਸੀ। ਜਿੱਥੇ ਵੀ ਉਹਨਾਂ ਨੂੰ ਕੋਈ ਸਮੱਸਿਆ ਬਣਦੀ ਸੀ ਤਾਂ ਸਤਵੰਤ ਸਿੰਘ ਉਹਨਾਂ ਦਾ ਪੂਰਾ ਸਹਿਯੋਗ ਦਿੰਦਾ ਸੀ। ਇਨ੍ਹਾਂ ਤੋਂ ਇਲਾਵਾ ਉਹਨਾਂ ਦੇ ਪਿਤਾ ਸਵਰਗੀ ਸਰਦਾਰ ਜਗੀਰ ਸਿੰਘ ਧਾਲੀਵਾਲ ਅਤੇ ਸਮੁੱਚੇ ਪਰਿਵਾਰ ਦਾ ਪੰਥਕ ਕਾਰਜਾਂ ਵਿੱਚ ਵੱਡੇ ਪੱਧਰ ‘ਤੇ ਯੋਗਦਾਨ ਰਿਹਾ। ਉਹਨਾਂ ਦੱਸਿਆ ਕਿ ਸਵਰਗੀ ਸਤਵੰਤ ਸਿੰਘ ਧਾਲੀਵਾਲ ਜਿੱਥੇ ਅਨੇਕਾਂ ਪੰਜਾਬ ਦੇ ਅਨੇਕਾਂ ਨੌਜਵਾਨਾਂ ਨੂੰ ਵਿਦੇਸ਼ਾਂ ਵਿੱਚ ਭੇਜਦਾ ਰਿਹਾ ਉੱਥੇ ਹੀ ਲਗਭਗ 25 ਮੈਂਬਰ ਉਹਨਾਂ ਵੱਲੋਂ ਆਪਣੇ ਪਰਿਵਾਰ ਦੇ ਵਿਦੇਸ਼ਾਂ ਵਿੱਚ ਸੈਟ ਕੀਤੇ। ਇਹਨਾਂ ਵਿੱਚ ਪਰਮਜੀਤ ਸਿੰਘ ਧਾਲੀਵਾਲ (ਪੰਮਾ) ਵੀ ਸ਼ਾਮਿਲ ਹੈ ਜਦੋਂ ਪਰਮਜੀਤ ਸਿੰਘ ਧਾਲੀਵਾਲ ਨੂੰ ਯੂਐਸਏ ਵਿੱਚ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਤਾਂ ਸਤਵੰਤ ਸਿੰਘ ਧਾਲੀਵਾਲ ਨੇ ਉਹਨਾਂ ਦੀ ਡੱਟ ਕੇ ਹਰ ਪੱਖੋਂ ਮਦਦ ਕੀਤੀ। ਉਹਨਾਂ ਦੱਸਿਆ ਕਿ ਸਵਰਗੀ ਸਤਵੰਤ ਸਿੰਘ ਧਾਲੀਵਾਲ ਪੰਥਕ ਕਾਰਜਾਂ ਨੂੰ ਇੰਨੇ ਸਮਰਪਿਤ ਸਨ ਕਿ ਜਦੋਂ ਉਹ ਦਿੱਲੀ ਵਿੱਚ ਰਹਿੰਦੇ ਸਨ ਤਾਂ ਸੰਘਰਸ਼ ਵਿੱਚ ਸ਼ਾਮਿਲ ਨੌਜਵਾਨਾਂ ਦੀ ਆਰਥਿਕ ਪੱਖੋਂ ਪੂਰੀ ਮਦਦ ਕਰਦੇ ਰਹੇ। ਉਹਨਾਂ ਕਿਹਾ ਕਿ ਸਤਵੰਤ ਸਿੰਘ ਧਾਲੀਵਾਲ ਦਾ ਸਦੀਵੀ ਵਿਛੋੜਾ ਖਾਲਸਾ ਪੰਥ ਲਈ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਹੈ। ਜਿਹੜਾ ਖਾਲਸਾ ਪੰਥ ਨੂੰ ਹਮੇਸ਼ਾ ਮਹਿਸੂਸ ਹੁੰਦਾ ਰਹੇਗਾ। ਉਹਨਾਂ ਕਿਹਾ ਕਿ ਸਤਵੰਤ ਸਿੰਘ ਧਾਲੀਵਾਲ (ਸੈਦਪੁਰ) ਦੀ ਆਤਮਿਕ ਸ਼ਾਂਤੀ ਲਈ ਸਮੂਹ ਖਾਲਸਾ ਪੰਥ ਨੂੰ ਦਿਲੋਂ ਸ਼ਰਧਾਂਜਲੀਆਂ ਦੇਖ ਦੇ ਕੇ ਅਰਦਾਸਾਂ ਕਰਨੀਆਂ ਬਣਦੀਆਂ ਹਨ। – ਮੰਗਤ ਸਿੰਘ ਸੈਦਪੁਰ, ਚੀਫ਼ ਐਡੀਟਰ


