ਸਮਰਾਲਾ, 7 ਅਕਤੂਬਰ (ਸੁਰਜੀਤ ਸਿੰਘ) ਸਥਾਨਕ ਮਾਲਵਾ ਕਾਲਜ ਵਿਚ ਚਾਰ ਰੋਜ਼ਾ ਯੁਵਾ ਮੇਲੇ ਵਿੱਚ ਅੱਜ ਦੂਜੇ ਦਿਨ ਵੱਖ ਵੱਖ ਕਾਲਜਾਂ ਦੇ ਵਿਦਿਆਰਥੀਆਂ ਦੀਆਂ ਟੀਮਾਂ ਵੱਲੋਂ ਪੇਸ਼ ਕੀਤੀਆਂ ਵਿਰਾਸਤੀ ਵੰਨਗੀਆਂ ਵੱਡੀ ਗਿਣਤੀ ਵਿਚ ਹਾਜ਼ਰ ਦਰਸ਼ਕਾਂ ਦੇ ਆਕਰਸ਼ਣ ਦਾ ਕੇਂਦਰ ਬਣੀਆਂ। ਪ੍ਰਿੰਸੀਪਲ ਡਾ ਦਿਨੇਸ਼ ਸ਼ਰਮਾ ਦੀ ਅਗਵਾਈ ਅਤੇ ਪ੍ਰਬੰਧਕੀ ਸਕੱਤਰ ਡਾ ਕੁਲਵਿੰਦਰ ਕੌਰ ਦੇ ਦੇਖ ਰੇਖ ਵਿੱਚ ਆਯੋਜਿਤ ਇਸ ਵਿਰਾਸਤੀ ਪ੍ਰੋਗਰਾਮ ਵਿਚ ਮੁੱਖ ਮਹਿਮਾਨ ਮੈਂਬਰ ਪਾਰਲੀਮੈਂਟ ਸ੍ਰੀ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਦੇ ਪ੍ਰਤੀਨਿਧ ਮਲਵਿੰਦਰ ਸਿੰਘ ਕੰਗ ਸਨ। ਜਿਹਨਾਂ ਦਾ ਕਾਲਜ ਪਹੁੰਚਣ ਤੇ ਕਾਲਜ ਦੀ ਮੈਨੇਜਮੈਂਟ ਨੇ ਨਿੱਘਾ ਸਵਾਗਤ ਕੀਤਾ। ਹਾਜ਼ਰ ਸਰੋਤਿਆਂ ਨੂੰ ਸੰਬੋਧਨ ਕਰਦਿਆਂ ਮੈਂਬਰ ਪਾਰਲੀਮੈਂਟ ਨੇ ਕਿਹਾ ਕਿ ਪੰਜਾਬ ਦਾ ਯੂਥ ਪੰਜਾਬ ਦਾ ਭਵਿੱਖ ਹੈ। ਕਾਲਜ ਅਤੇ ਯੂਨੀਵਰਸਿਟੀਆਂ ਵਿੱਚੋਂ ਲੀਡਰਸ਼ਿਪ ਨਿਕਲਦੀ ਹੈ। ਉਹਨਾਂ ਕਿਹਾ ਬੀਤੇ ਕੁੱਝ ਸਮੇਂ ਦੌਰਾਨ ਜਿਹਨਾਂ ਨੌਜਵਾਨਾਂ ਨੇ ਪੰਜਾਬ ਦੀ ਅਗਵਾਈ ਕਰਨੀ ਸੀ ਉਹ ਵਿਦੇਸ਼ਾਂ ਨੂੰ ਚਲੇ ਗਏ। ਉਹਨਾਂ ਕਿਹਾ ਕਿ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਪੰਜਾਬ ਦੇ ਮਹਾਨ ਵਿਰਸੇ ਨੂੰ ਸਮਾਭਲੀਏ। ਉਹਨਾਂ ਕਿਹਾ ਕਿ ਵਿਦਿਆਰਥੀਆਂ ਨੂੰ ਚਰਿੱਤਰ ਨਿਰਮਾਣ ਦੀ ਵੱਡੀ ਲੋੜ ਹੈ। ਬਾਹਰ ਵਾਲੇ ਨਾ ਤਾਂ ਪੰਜਾਬ ਦੇ ਵਿਰਸੇ ਨੂੰ ਸਮਝ ਸਕਦੇ ਹਨ ਅਤੇ ਨਾ ਹੀ ਅਗਵਾਈ ਦੇ ਸਕਦੇ ਹਨ। ਉਹਨਾਂ ਕਿਹਾ ਕਿ ਖੇਤੀ ਬਿੱਲਾਂ ਨੂੰ ਲੈਕੇ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਦੀ ਅਗਵਾਈ ਵਿੱਚ ਸਭ ਤੋਂ ਵੱਡਾ ਸੰਘਰਸ਼ ਕੇਂਦਰ ਦੀ ਤਾਕਤਵਰ ਸਰਕਾਰ ਦੇ ਖਿਲਾਫ ਲੜਿਆ ਗਿਆ। ਜਿਸਦੀ ਦਲੀਲਾਂ ਦੇਸ਼ ਦੀ ਬਿਊਰੋਕ੍ਰੇਸੀ ਤੇ ਭਾਰੀ ਪੈ ਗਈਆਂ ਅਤੇ ਸਰਕਾਰ ਨੂੰ ਗੱਲਬਾਤ ਦੀ ਮੇਜ਼ ਤੇ ਆਉਣ ਲਈ ਮਜਬੂਰ ਕੀਤਾ। ਉਹਨਾਂ ਕਿਹਾ ਕਿ ਜਦੋਂ ਚੋਣਾਂ ਵੇਲੇ ਲੋਕ ਪ੍ਰਤੀਨਿਧ ਚੁਣਨ ਦੀ ਵਾਰੀ ਆਉਂਦੀ ਹੈ, ਉਦੋਂ ਨਿੱਜੀ ਰਿਸ਼ਤੇ, ਪੈਸਾ , ਸ਼ਰਾਬ ਮੂਹਰੇ ਅਤੇ ਪੰਜਾਬ ਦੇ ਹਿਤ ਪਿੱਛੇ ਰਹਿ ਜਾਂਦੇ ਹਨ। ਕਾਬਲੀਅਤ ਨੂੰ ਨਜ਼ਰ ਅੰਦਾਜ਼ ਕੀਤਾ ਜਾਂਦਾ ਹੈ। ਸਿਆਸੀ ਆਗੂ ਸੂਬੇ ਦੀ ਦਸ਼ਾ ਅਤੇ ਦਿਸ਼ਾ ਤੈਅ ਕਰਦੇ ਹਨ। ਸਹੀ ਚੋਣ ਖਿੱਤੇ ਨੂੰ ਤਰੱਕੀ ਵੱਲ ਲੈਕੇ ਜਾਂਦੀ ਹੈ। ਪੱਤਰਕਾਰਾਂ ਵਲੋਂ ਪੁੱਛੇ ਸਵਾਲਾਂ ਤੇ ਉਹਨਾਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਚੋਣਾਂ ਨੇੜੇ ਆਉਣ ਤੇ ਈ ਡੀ ਅਤੇ ਸੀ ਬੀ ਆਈ ਦੇ ਸਹਾਰੇ ਜ਼ਮੀਨ ਤਲਾਸ਼ਣ ਦੀ ਕੋਸ਼ਿਸ਼ ਕਰ ਰਹੀ ਹੈ, ਜਦਕਿ ਪੰਜਾਬ ਵਿੱਚ ਭਾਜਪਾ ਦਾ ਜਨ ਅਧਾਰ ਨਹੀਂ ਹੈ। ਸਵਾਲਾਂ ਦੇ ਜਵਾਬ ਵਿੱਚ ਉਹਨਾਂ ਕਿਹਾ ਕਿ ਲੋਕਪਾਲ ਦੇ ਮੁੱਦੇ ਤੇ ਪਾਰਟੀ ਮੁੜ ਵਿਚਾਰ ਕਰਕੇ ਲੋਕਾਂ ਦੀਆਂ ਉਮੀਦਾਂ ਤੇ ਖ਼ਰਾ ਉਤਰੇ। ਸਰਕਾਰ ਦੀ ਵਿੱਤੀ ਹਾਲਤ ਬਾਰੇ ਉਹਨਾਂ ਕਿਹਾ ਕਿ ਫ੍ਰਿਬੀਸ ਤੋਂ ਗ਼ੁਰੇਜ਼ ਕਰਨ ਦੀ ਲੋੜ ਹੈ। ਇਸੇ ਦੌਰਾਨ ਆਰਟ ਕੌਂਸਲ ਪੰਜਾਬ ਦੇ ਚੇਅਰਮੈਨ ਸਵਰਨਜੀਤ ਸਵੀ ਅਤੇ ਪ੍ਰਸਿੱਧ ਨਾਟਕਕਾਰ ਨਿਰਮਲ ਜੌੜਾ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਕਿਸਾਨ ਆਗੂ ਅਤੇ ਕਾਲਜ ਦੇ ਸਾਬਕਾ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਤੋਂ ਇਲਾਵਾ ਕਾਲਜ ਪ੍ਰਧਾਨ ਅਲਮਦੀਪ ਸਿੰਘ ਮੱਲਮਾਜਰਾ, ਸਕੱਤਰ ਤੇਜਿੰਦਰ ਸਿੰਘ ਰਾਜੇਵਾਲ, ਜੋਗਿੰਦਰ ਸਿੰਘ ਸੇਹ, ਐਡਵੋਕੇਟ ਜਸਪ੍ਰੀਤ ਸਿੰਘ ਕਲਾਲਮਾਜਰਾ ਅਤੇ ਰਛਪਾਲ ਸਿੰਘ ਕੰਗ ਹਾਜ਼ਰ ਸਨ।





