ਸਮਰਾਲਾ, (ਸੁਰਜੀਤ ਸਿੰਘ) ਸਾਹਿਤ ਸਭਾ ਮਾਛੀਵਾੜਾ ਦੀ ਗ਼ਜ਼ਲਗੋ ਐਸ ਨਸੀਮ ਦੀ ਪ੍ਰਧਾਨਗੀ ਹੇਠ ਹੋਈ ਮਾਸਿਕ ਮੀਟਿੰਗ ਵਿੱਚ ਉੱਘੇ ਚਿੰਤਕ ਗੁਰਭਗਤ ਗਿੱਲ ਵੱਲੋਂ ਕੀਤੀ ਯਾਤਰਾਵਾਂ ਦੇ ਬ੍ਰਿਤਾਂਤ ਤੇ ਹਾਜ਼ਰ ਸ਼ਾਇਰਾਂ ਵਲੋਂ ਨਿੱਠ ਕਿ ਚਰਚਾ ਕੀਤੀ ਗਈ। ਗੁਰਭਗਤ ਗਿੱਲ ਨੇ ਮੀਟਿੰਗ ਦੌਰਾਨ ਦੱਸਿਆ ਕਿ ਉਹਨਾਂ ਬੀਤੇ ਦਿਨੀਂ ਦੇਸ਼ ਦੇ ਵੱਖ ਵੱਖ ਰਾਜਾਂ ਵਿਚ ਯਾਤਰਾਵਾਂ ਕੀਤੀਆਂ, ਜਿਹਨਾ ਵਿਚ ਬੰਗਲੌਰ, ਕੇਰਲਾ, ਗੁਜਰਾਤ, ਬੰਬੇ ਅਤੇ ਮਹਾਰਾਸ਼ਟਰ ਦੇ ਇਤਿਹਾਸਿਕ ਅਸਥਾਨਾਂ ਦਾ ਭਰਮਣ ਕੀਤਾ। ਉਹਨਾਂ ਨੈਸ਼ਨਲ ਪਾਰਕ ਦੇਖੇ। ਗਵਾਲੀਅਰ ਅਤੇ ਹੈਦਰਾਬਾਦ ਸ਼ਹਿਰਾਂ ਬਾਰੇ ਗੱਲ ਕਰਦਿਆਂ ਉਹਨਾਂ ਦੱਸਿਆ ਕਿ ਬੇਸ਼ੱਕ ਇਹ ਸ਼ਹਿਰ ਬਹੁਤ ਪੁਰਾਣੇ ਹੋ ਚੁੱਕੇ ਹਨ, ਪਰ ਉਸ ਵੇਲੇ ਦੇ ਰਾਜਿਆਂ ਨੇ ਬਹੁਤ ਹੀ ਸੁਚੱਜੇ ਢੰਗ ਅਤੇ ਵਿਉਂਤਬੰਦੀ ਨਾਲ ਇਮਾਰਤਾਂ ਅਤੇ ਸੜਕਾਂ ਦਾ ਨਿਰਮਾਣ ਕਰਵਾਇਆ ਗਿਆ। ਉਹਨਾਂ ਦੱਸਿਆ ਕਿ ਉਸ ਵੇਲੇ ਦੀ ਇਮਾਰਤਸਾਜੀ ਅੱਜ ਦੀ ਨਿਰਮਾਣ ਕਲਾ ਨੂੰ ਮਾਤ ਪਾਉਂਦੀ ਹੈ। ਇਸ ਦੌਰਾਨ ਉਹਨਾਂ ਨੇ ਉਥੋਂ ਦੇ ਲੋਕਾਂ ਦੇ ਸਮਾਜਿਕ ਰੀਤੀ ਰਿਵਾਜ਼, ਕੰਮ ਧੰਦੇ, ਅਨੁਭਵ ਅਤੇ ਉਥੋਂ ਦੇ ਪੁਰਾਤਨ ਇਤਿਹਾਸਕ ਅਸਥਾਨਾਂ ਦੀਆਂ ਵਾਸਤੂ ਕਲਾਵਾਂ ਦੇ ਦਰਸ਼ਨ ਅਤੇ ਅਧਿਐਨ ਕੀਤੇ। ਉਹਨਾਂ ਦੱਸਿਆ ਕਿ ਇਹਨਾਂ ਰਾਜਾਂ ਵਿਚ ਜਿਥੇ ਭੂਮੀ ਬੰਜਰ ਸੀ ਹੁਣ ਉਥੇ ਸ਼ਾਨਦਾਰ ਫਸਲਾਂ ਉਗਾਈ ਜਾ ਰਹੀਆਂ ਹਨ। ਇੱਕ ਇੰਚ ਜ਼ਮੀਨ ਵੀ ਕਿਧਰੇ ਬਰਾਨੀ ਨਜ਼ਰ ਨਹੀਂ ਆਉਂਦੀ। ਉਹਨਾਂ ਦੱਸਿਆ ਕਿ ਜਿਆਦਾਤਰ ਪੰਜਾਬੀ ਕਿਸਾਨਾਂ ਨੇ ਸਖ਼ਤ ਮਿਹਨਤ ਕਰਕੇ ਬੰਜਰ ਭੂਮੀ ਨੂੰ ਉਪਜਾਊ ਬਣਾ ਲਿਆ ਹੈ।ਰਚਨਾਵਾਂ ਦੇ ਦੌਰ ਵਿਚ ਨਛੱਤਰ ਸਿੰਘ ਅਤੇ ਕਸ਼ਮੀਰ ਸਿੰਘ ਨੇ ਗੀਤ ਸੁਣਾਏ। ਮਨਜੀਤ ਸਿੰਘ ਬਲੀਏਵਾਲ ਨੇ ਆਪਣੀ ਕਵਿਤਾ ਪੇਸ਼ ਕੀਤੀ। ਜਗਤਾਰ ਸਿੰਘ ਸੇਖਾ ਨੇ ਗ਼ਜ਼ਲ “ਤੁਰਨਾ ਜੇ ਰਸਤਿਆਂ ਤੇ ਭਟਕਣ ਸਮੇਟ ਲੈ, ਇਹ ਪੱਥਰਾਂ ਦਾ ਸ਼ਹਿਰ ਹੈ, ਧੜਕਣ ਸਮੇਟ ਲੈ” ਸੁਣਾਈ। ਨਿਰੰਜਣ ਸੂਖਮ ਨੇ ਆਪਣੀ ਗ਼ਜ਼ਲ “ਬੱਕ ਭਰ ਭਰ ਨੂਰ ਵੰਡਣ, ਵਿਤਕਰਾ ਕੋਈ ਨਹੀਂ, ਪਰ ਇਨਾਇਤ ਸੁਰਜਾਂ ਦੀ ਗੌਲਦਾ ਕੋਈ ਨਹੀਂ” ਇਸੇ ਤਰਾਂ ਐਸ ਨਸੀਮ ਨੇ ਆਪਣੀ ਗ਼ਜ਼ਲ ਕੁਛ ਇਸ ਅੰਦਾਜ਼ ਨਾਲ ਪੇਸ਼ ਕੀਤੀ “ਤੇਰੇ ਬੁੱਲਾਂ ਤੋਂ ਸਦਕੇ ਦਿਲ ਦੁਖਾਈ ਜਾ ਰਹੇ ਨੇ ਜੋ, ਅਜੇ ਵੀ ਚੇਤਿਆਂ ਵਿਚ ਮੁਸਕਰਾਈ ਜਾ ਰਹੇ ਨੇ ਜੋ” ਪੇਸ਼ ਕੀਤੀਆਂ ਰਚਨਾਵਾਂ ਤੇ ਚਰਚਾਵਾਂ ਦਾ ਦਿਲਚਸਪ ਦੌਰ ਚੱਲਿਆ।


