ਸਮਰਾਲਾ, (ਸੁਰਜੀਤ ਸਿੰਘ) ਪਾਵਰਕੌਮ ਦੇ ਨਵਨਿਯੁਕਤ ਸੀਐਮਡੀ ਗੁਰਕੀਰਤ ਕਿਰਪਾਲ ਸਿੰਘ, ਆਈ.ਏ.ਐੱਸ., ਵੱਲੋਂ ਮੁਲਾਜ਼ਮਾਂ ਦੀਆਂ ਕਰੀਬ 37 ਜਥੇਬੰਦੀਆਂ ਦੇ ਪ੍ਰਤੀਨਿਧਾਂ ਨਾਲ ਮੰਗਾਂ ਸਬੰਧੀ ਮੀਟਿੰਗ ਹੋਈ। ਮੁਲਾਜ਼ਮ ਪ੍ਰਤੀਨਿਧਾਂ ਨੇ ਮੈਨੇਜਮੈਂਟ ਨੂੰ ਚਿਰਾਂ ਤੋਂ ਲਮਕਦੀਆਂ ਮੰਗਾਂ ਜਿਹਨਾਂ ਵਿਚ ਮੁੱਖ ਤੌਰ ਤੇ ਤਰੱਕੀਆਂ ਦੇ ਮਸਲੇ ਬਾਰੇ ਜਾਣੂ ਕਰਵਾਇਆ।
ਇਸ ਮੌਕੇ ਸੀਐਮਡੀ ਨੇ ਕਿਹਾ ਕਿ ਜਥੇਬੰਦੀਆਂ ਅਤੇ ਮੈਨੇਜਮੈਂਟ ਵਿਚਕਾਰ ਵੱਖ-ਵੱਖ ਮੁੱਦਿਆਂ ’ਤੇ ਵਿਚਾਰਾਂ ਦਾ ਅੰਤਰ ਰਹਿਣਾ ਸੁਭਾਵਿਕ ਹੈ, ਪਰ ਉਨ੍ਹਾਂ ਦੀ ਕੋਸ਼ਿਸ਼ ਹਮੇਸ਼ਾ ਇਹ ਰਹੇਗੀ ਕਿ ਕਿਸੇ ਵੀ ਮਸਲੇ ਨੂੰ ਸੰਘਰਸ਼ ਜਾਂ ਅੰਦੋਲਨ ਦੀ ਨੌਬਤ ਆਉਣ ਤੋਂ ਪਹਿਲਾਂ ਗੱਲਬਾਤ ਦੀ ਮੇਜ਼ ’ਤੇ ਵਿਚਾਰ-ਵਟਾਂਦਰੇ ਰਾਹੀਂ ਹੱਲ ਕੀਤਾ ਜਾਵੇ। ਉਨ੍ਹਾਂ ਭਰੋਸਾ ਦਿੱਤਾ ਕਿ ਕਾਰਪੋਰੇਸ਼ਨ ਪੱਧਰ ’ਤੇ ਹੱਲ ਹੋਣ ਵਾਲੀਆਂ ਮੰਗਾਂ ਦਾ ਜਲਦ ਤੋਂ ਜਲਦ ਨਿਪਟਾਰਾ ਕਰਨ ਲਈ ਯਤਨ ਕੀਤੇ ਜਾਣਗੇ, ਜਦਕਿ ਜਿਹੜੇ ਮਸਲੇ ਸਰਕਾਰ ਦੇ ਪੱਧਰ ’ਤੇ ਨਿਪਟਾਰੇ ਦੀ ਮੰਗ ਕਰਦੇ ਹਨ, ਉਨ੍ਹਾਂ ਨੂੰ ਉਹ ਖ਼ੁਦ ਸਰਕਾਰ ਦੇ ਧਿਆਨ ਵਿੱਚ ਲਿਆਉਣਗੇ।
ਇਸ ਦੌਰਾਨ ਪੈਨਸ਼ਨਰਜ਼ ਐਸੋਸੀਏਸ਼ਨ ਦੇ ਸਮਰਾਲਾ ਮੰਡਲ ਦੇ ਪ੍ਰਧਾਨ ਸਿਕੰਦਰ ਸਿੰਘ ਨੇ ਮੈਨੇਜਮੈਂਟ ਨਾਲ ਹੋਈ ਮੀਟਿੰਗ ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਪਿਛਲੇ ਸਮਿਆਂ ਦੌਰਾਨ ਪਾਵਰਕੌਮ ਨਾਲ ਅਜਿਹੀਆਂ ਅਣਗਿਣਤ ਮੀਟਿੰਗਾਂ ਹੋ ਚੁੱਕੀਆਂ ਹਨ। ਇਹ ਮੀਟਿੰਗਾਂ ਮਹਿਜ਼ ਵਕਤ ਦੀ ਬਰਬਾਦੀ ਹੀ ਸਾਬਤ ਹੋਈਆਂ ਹਨ, ਕਿਉਂਕਿ ਅਸਲ ਮਸਲਿਆਂ ਦਾ ਹੱਲ ਤਾਂ ਕਦੇ ਹੋਇਆ ਹੀ ਨਹੀਂ। ਪਾਵਰਕੌਮ ਦੀ ਮੈਨੇਜਮੈਂਟ ਅਸਲ ਮੰਗਾਂ ਸਬੰਧੀ ਹਮੇਸ਼ਾ ਇਹ ਕਹਿ ਕੇ ਆਪਣਾ ਪੱਲਾ ਝਾੜ ਲੈਂਦੀ ਹੈ ਕਿ ਇਹ ਮੰਗਾਂ ਸਰਕਾਰ ਦੇ ਅਧਿਕਾਰ ਖੇਤਰ ਵਿਚ ਆਉਂਦੀਆਂ ਹਨ। ਉਹਨਾਂ ਕਿਹਾ ਕਿ ਮੁੱਖ ਮੁੱਦੇ ਮਹਿੰਗਾਈ ਭੱਤਾ ਅਤੇ ਪਿਛਲੇ ਬਕਾਇਆ, 2.59 ਨਾਲ ਪੈਨਸ਼ਨਾਂ ਵਿਚ ਸੋਧ, ਬਿਜਲੀ ਖਪਤ ਵਿਚ ਰਿਆਇਤ ਸਮੇਤ ਬਹੁਤ ਸਾਰੀਆਂ ਮੰਗਾਂ ਲਮੇਂ ਸਮੇਂ ਤੋਂ ਲਮਕਾ ਅਵਸਥਾ ਵਿਚ ਹਨ, ਜਿਹਨਾ ਨੂੰ ਹੱਲ ਕਰਨ ਵੱਲ ਸਰਕਾਰ ਕੋਈ ਦਿਲਚਸਪੀ ਨਹੀਂ ਦਿਖਾਉਂਦੀ। ਮੁਲਾਜ਼ਮ ਆਗੂ ਨੇ ਕਿਹਾ ਕਿ ਸੰਘਰਸ਼ ਤੋਂ ਬਿਨਾ ਗੁਜਾਰਾ ਨਹੀਂ ਹੋਣਾ। ਉਹਨਾਂ ਕਿਹਾ ਕਿ ਹੁਣ ਪੋਚਾ ਪੋਚੀ ਦਾ ਸਮਾਂ ਨਹੀਂ। ਹੁਣ ਆਪਣੇ ਹੱਕ ਲੈਣ ਲਈ ਫ਼ੈਸਲਾਕੁਨ ਸੰਘਰਸ਼ ਹੀ ਇੱਕੋ ਇੱਕ ਚਾਰਾ ਰਹਿ ਗਿਆ ਹੈ।


