ਸਮਰਾਲਾ, (ਸੁਰਜੀਤ ਸਿੰਘ) ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਫਾਰ ਵਿਮੈਨ, ਝਾੜ ਸਾਹਿਬ ਪ੍ਰਿੰਸੀਪਲ ਡਾ. ਰਜਿੰਦਰ ਕੌਰ ਦੀ ਯੋਗ ਅਗਵਾਈ ਹੇਠ ਨਿਰੰਤਰ ਸਫਲਤਾ ਦੀਆਂ ਬੁਲੰਦੀਆਂ ਨੂੰ ਛੂਹ ਰਿਹਾ ਹੈ।
ਇਸ ਸਫਲਤਾ ਦੀ ਕੜੀ ਤਹਿਤ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵੱਲੋਂ ਐਲਾਨੇ ਗਏ ਬੀ.ਕਾਮ. ਸਮੈਸਟਰ ਚੌਥੇ ਅਤੇ ਦੂਜੇ ਵਿੱਚ ਵਿਦਿਆਰਥਣਾਂ ਦੀ ਕਾਰਗੁਜ਼ਾਰੀ ਬਹੁਤ ਹੀ ਸ਼ਾਨਦਾਰ ਰਹੀ। ਬੀ.ਕਾਮ. ਸਮੈਸਟਰ ਚੌਥੇ ਦੀ ਵਿਦਿਆਰਥਣ ਸਹਿਜਪ੍ਰੀਤ ਕੌਰ ਸਪੁੱਤਰੀ ਸ. ਸਤਿੰਦਰਜੀਤ ਸਿੰਘ ਨੇ ਐੱਸ.ਜੀ.ਪੀ.ਏ. 8.33 ਪ੍ਰਾਪਤ ਕਰਕੇ ਯੂਨੀਵਰਸਿਟੀ ਪੱਧਰ ’ਤੇ ਗਿਆਰ੍ਹਵਾਂ ਸਥਾਨ ਹਾਸਲ ਕੀਤਾ।
ਇਸੇ ਤਰ੍ਹਾਂ ਮਮਤਾ ਕੌਰ ਸਪੁੱਤਰੀ ਸ. ਮਲਕੀਤ ਸਿੰਘ ਨੇ ਐੱਸ.ਜੀ.ਪੀ.ਏ. 8.42 ਪ੍ਰਾਪਤ ਕਰਕੇ ਯੂਨੀਵਰਸਿਟੀ ਪੱਧਰ ’ਤੇ ਦਸਵਾਂ ਸਥਾਨ ਹਾਸਲ ਕਰਕੇ ਇਲਾਕੇ ਵਿੱਚ ਸੰਸਥਾ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ।
ਇਸ ਮੌਕੇ ਕਾਲਜ ਪ੍ਰਿੰਸੀਪਲ ਡਾ. ਰਜਿੰਦਰ ਕੌਰ ਅਤੇ ਕਾਲਜ ਦੀ ਲੋਕਲ ਮੈਨੇਜਿੰਗ ਕਮੇਟੀ ਦੇ ਮੈਂਬਰਾਂ ਨੇ ਸਹਿਜਪ੍ਰੀਤ ਕੌਰ ਅਤੇ ਮਮਤਾ ਕੌਰ ਨੂੰ ਯੂਨੀਵਰਸਿਟੀ ਪੱਧਰ ’ਤੇ ਗਿਆਰ੍ਹਵਾਂ ਅਤੇ ਦਸਵਾਂ ਸਥਾਨ ਹਾਸਲ ਕਰਨ ’ਤੇ ਵਿਸ਼ੇਸ਼ ਤੌਰ ’ਤੇ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਮਾਪਿਆਂ, ਕਾਲਜ ਦੇ ਕਾਮਰਸ ਵਿਭਾਗ ਦੀ ਮੁਖੀ ਡਾ. ਮਨਦੀਪ ਕੌਰ, ਮਿਸ ਆਰਤੀ ਰਾਣੀ ਅਤੇ ਮਿਸ ਅਮਨਦੀਪ ਕੌਰ ਨੂੰ ਵੀ ਵਧਾਈ ਦਿੰਦਿਆਂ ਖੁਸ਼ੀ ਪ੍ਰਗਟ ਕੀਤੀ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ ਦੀ ਰਹਿਨੁਮਾਈ ਹੇਠ ਚੱਲ ਰਹੀ ਇਸ ਸੰਸਥਾ ਦੀਆਂ ਵਿਦਿਆਰਥਣਾਂ ’ਤੇ ਸਾਨੂੰ ਮਾਣ ਹੈ ਕਿ ਜਿੱਥੇ ਉਹ ਧਾਰਮਿਕ, ਸੱਭਿਆਚਾਰਕ ਅਤੇ ਖੇਡਾਂ ਦੇ ਖੇਤਰ ਵਿੱਚ ਸ਼ਾਨਦਾਰ ਪ੍ਰਾਪਤੀਆਂ ਕਰ ਰਹੀਆਂ ਹਨ, ਉੱਥੇ ਚੰਗੇ ਨਤੀਜਿਆਂ ਨਾਲ ਪੜ੍ਹਾਈ ਦੇ ਖੇਤਰ ਵਿੱਚ ਵੀ ਮੱਲਾਂ ਮਾਰ ਰਹੀਆਂ ਹਨ।
ਇਹ ਸੰਸਥਾ ਵਿਦਿਆਰਥਣਾਂ ਦੇ ਸਰਵਪੱਖੀ ਵਿਕਾਸ ਲਈ ਹਰ ਸਮੇਂ ਯਤਨਸ਼ੀਲ ਰਹਿੰਦੀ ਹੈ ਅਤੇ ਸਾਨੂੰ ਆਸ ਹੈ ਕਿ ਸਾਡੀਆਂ ਵਿਦਿਆਰਥਣਾਂ ਭਵਿੱਖ ਵਿੱਚ ਵੀ ਲਗਨ, ਮਿਹਨਤ ਅਤੇ ਦ੍ਰਿੜ੍ਹ ਇਰਾਦੇ ਨਾਲ ਵਧੀਆ ਨਤੀਜੇ ਪ੍ਰਾਪਤ ਕਰਕੇ ਆਪਣੇ ਕਾਲਜ, ਅਧਿਆਪਕਾਂ ਅਤੇ ਮਾਤਾ-ਪਿਤਾ ਦਾ ਨਾਮ ਰੌਸ਼ਨ ਕਰਨਗੀਆਂ।


