ਸਮਰਾਲਾ, (ਸੁਰਜੀਤ ਸਿੰਘ) ਪੰਜਾਬ ਦੇ ਪ੍ਰਿੰਸੀਪਲ ਸਕੱਤਰ ਰਾਹੁਲ ਤਿਵਾੜੀ ਆਈਏਐਸ ਨੇ ਅੱਜ ਸਮਰਾਲਾ ਅਤੇ ਮਾਛੀਵਾੜਾ ਦੇ ਸਰਕਾਰੀ ਸੀਨੀਅਰ ਸੈਕੰਡਰੀ (ਕੰਨਿਆ) ਸਕੂਲਾਂ ਦਾ ਪੀਐਮ ਸ੍ਰੀ ਯੋਜਨਾ ਤਹਿਤ ਵੱਖ-ਵੱਖ ਮਾਪਦੰਡਾਂ ਅਨੁਸਾਰ ਨਿਰੀਖਣ ਕੀਤਾ। ਇਸ ਦੌਰਾਨ ਉਨ੍ਹਾਂ ਨੇ ਸਕੂਲਾਂ ਵਿੱਚ ਸਿੱਖਿਆ ਦੇ ਪੱਧਰ, ਬੁਨਿਆਦੀ ਸਹੂਲਤਾਂ ਅਤੇ ਵਿਦਿਆਰਥੀਆਂ ਨੂੰ ਮੁਹੱਈਆ ਕਰਵਾਈਆਂ ਜਾ ਰਹੀਆਂ ਸਹੂਲਤਾਂ ਦਾ ਵਿਸਥਾਰ ਨਾਲ ਜਾਇਜ਼ਾ ਲਿਆ।
ਪ੍ਰਿੰਸੀਪਲ ਸਕੱਤਰ ਰਾਹੁਲ ਤਿਵਾੜੀ ਨੇ ਦੋਵਾਂ ਸਕੂਲਾਂ ਦੇ ਅਹਾਤਿਆਂ ਵਿੱਚ ਸਥਿਤ ਵੱਖ-ਵੱਖ ਪ੍ਰਯੋਗਸ਼ਾਲਾਵਾਂ, ਕਲਾਸ ਰੂਮਾਂ, ਵਿਦਿਆਰਥੀਆਂ ਦੇ ਪਖਾਨਿਆਂ, ਮਿਡ-ਡੇ-ਮੀਲ ਦੇ ਪ੍ਰਬੰਧਾਂ ਅਤੇ ਖੇਡ ਮੈਦਾਨਾਂ ਦਾ ਬਾਰੀਕੀ ਨਾਲ ਨਿਰੀਖਣ ਕੀਤਾ। ਉਨ੍ਹਾਂ ਨੇ ਸਕੂਲਾਂ ਵਿੱਚ ਸਾਫ਼-ਸਫ਼ਾਈ, ਵਿਦਿਆਰਥੀਆਂ ਦੀ ਸਹੂਲਤ ਅਤੇ ਸਕੂਲੀ ਵਾਤਾਵਰਨ ਨੂੰ ਬਿਹਤਰ ਬਣਾਉਣ ਸਬੰਧੀ ਪ੍ਰਬੰਧਾਂ ਦੀ ਵੀ ਸਮੀਖਿਆ ਕੀਤੀ।
ਇਸ ਮੌਕੇ ਪ੍ਰਿੰਸੀਪਲ ਸਕੱਤਰ ਨੇ ਵੱਖ-ਵੱਖ ਕਲਾਸਾਂ ਵਿੱਚ ਜਾ ਕੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੇ ਗਿਆਨ ਦੇ ਪੱਧਰ ਨੂੰ ਪਰਖਣ ਲਈ ਸਵਾਲ ਪੁੱਛੇ। ਉਨ੍ਹਾਂ ਨੇ ਅਧਿਆਪਕਾਂ ਨਾਲ ਵੀ ਵਿਚਾਰ-ਵਟਾਂਦਰਾ ਕੀਤਾ ਅਤੇ ਪੜ੍ਹਾਉਣ ਦੇ ਢੰਗ, ਵਿਦਿਆਰਥੀਆਂ ਦੀ ਸਿੱਖਣ ਪ੍ਰਕਿਰਿਆ ਅਤੇ ਸਕੂਲਾਂ ਵਿੱਚ ਸਿੱਖਿਆ ਦੀ ਗੁਣਵੱਤਾ ਸਬੰਧੀ ਜਾਣਕਾਰੀ ਹਾਸਲ ਕੀਤੀ।
ਉਨ੍ਹਾਂ ਨੇ ਵਿਦਿਆਰਥੀਆਂ ਦੀ ਹਾਜ਼ਰੀ ਅਤੇ ਅਧਿਆਪਕਾਂ ਦੇ ਪੜ੍ਹਾਉਣ ਦੇ ਢੰਗ ’ਤੇ ਤਸੱਲੀ ਪ੍ਰਗਟ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਅਧਿਆਪਕਾਂ ਨੂੰ ਸਮੇਂ ਦੀ ਪਾਬੰਦੀ ਯਕੀਨੀ ਬਣਾਉਣ ਅਤੇ ਵਿਦਿਆਰਥੀਆਂ ਨੂੰ ਉੱਚ ਗੁਣਵੱਤਾ ਵਾਲੀ ਸਿੱਖਿਆ ਪ੍ਰਦਾਨ ਕਰਨ ਲਈ ਪ੍ਰੇਰਿਤ ਕੀਤਾ।
ਉਨ੍ਹਾਂ ਕਿਹਾ ਕਿ ਸਕੂਲਾਂ ਵਿੱਚ ਸਿੱਖਿਆ ਦੇ ਪੱਧਰ ਨੂੰ ਹੋਰ ਉੱਚਾ ਚੁੱਕਣ ਲਈ ਅਧਿਆਪਕਾਂ ਦੀ ਭੂਮਿਕਾ ਅਹਿਮ ਹੈ ਅਤੇ ਵਿਦਿਆਰਥੀਆਂ ਨੂੰ ਬਿਹਤਰ ਸਿੱਖਣ ਦਾ ਮਾਹੌਲ ਮੁਹੱਈਆ ਕਰਵਾਉਣਾ ਜ਼ਰੂਰੀ ਹੈ। ਇਸ ਮੌਕੇ ਗੁਰਸਿਮਰਨਜੀਤ ਕੌਰ, ਐਸਡੀਐਮ ਸਮਰਾਲਾ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।



