Translate Your Language

October 5, 2026 6:32 am

PUNPUN03583/19/1/2007-TC

PUNPUN03583/19/1/2007-TC

Home » Uncategorized » ਨੈਤਿਕ ਕਦਰਾਂ-ਕੀਮਤਾਂ ਹੀ ਸੁਚੱਜੇ ਜੀਵਨ ਦੀ ਬੁਨਿਆਦ : ਅੰਮ੍ਰਿਤਪਾਲ

ਨੈਤਿਕ ਕਦਰਾਂ-ਕੀਮਤਾਂ ਹੀ ਸੁਚੱਜੇ ਜੀਵਨ ਦੀ ਬੁਨਿਆਦ : ਅੰਮ੍ਰਿਤਪਾਲ

 

ਸਰਕਾਰੀ ਕਾਲਜ ਮਾਛੀਵਾੜਾ ਵਿਖੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਵਿਸ਼ੇਸ਼ ਲੈਕਚਰ

 

ਮਾਛੀਵਾੜਾ ਸਾਹਿਬ/ਸਮਰਾਲਾ, 11 ਸਤੰਬਰ (ਸੁਰਜੀਤ ਸਿੰਘ)-ਵਿੱਦਿਆ ਮਨੁੱਖ ਨੂੰ ਗਿਆਨ ਦੀ ਰੌਸ਼ਨੀ ਤਾਂ ਦਿੰਦੀ ਹੈ, ਪਰ ਨੈਤਿਕ ਕਦਰਾਂ-ਕੀਮਤਾਂ ਉਸ ਰੌਸ਼ਨੀ ਨੂੰ ਸਹੀ ਦਿਸ਼ਾ ਪ੍ਰਦਾਨ ਕਰਦੀਆਂ ਹਨ। ਇਸੇ ਸੋਚ ਨੂੰ ਅਮਲੀ ਰੂਪ ਦਿੰਦਿਆਂ ਸਰਕਾਰੀ ਕਾਲਜ ਮਾਛੀਵਾੜਾ ਸਾਹਿਬ ਵਿਖੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਅਤੇ ਉਨ੍ਹਾਂ ਦੀ ਸ਼ਖ਼ਸੀਅਤ ਨੂੰ ਹੋਰ ਨਿਖਾਰਨ ਦੇ ਉਦੇਸ਼ ਨਾਲ ‘ਨੈਤਿਕ ਕਦਰਾਂ-ਕੀਮਤਾਂ’ ਵਿਸ਼ੇ ’ਤੇ ਵਿਸ਼ੇਸ਼ ਲੈਕਚਰ ਕਰਵਾਇਆ ਗਿਆ।

 

ਕਾਲਜ ਪ੍ਰਿੰਸੀਪਲ ਨੰਦਿਨੀ ਵੈਦ ਦੀ ਅਗਵਾਈ ਅਤੇ ਰੈੱਡ ਰਿਬਨ ਕਲੱਬ ਦੀ ਕਨਵੀਨਰ ਡਾ. ਕਮਲਜੀਤ ਕੌਰ ਬਾਂਗਾ ਦੇ ਨਿਰਦੇਸ਼ਾਂ ਤਹਿਤ ਕਰਵਾਏ ਗਏ ਇਸ ਸਮਾਗਮ ‘ਚ ਉੱਘੇ ਸਮਾਜ ਸੇਵੀ ਅਤੇ ਪੱਤਰਕਾਰ ਅੰਮ੍ਰਿਤਪਾਲ ਨੇ ਵਿਸ਼ੇਸ਼ ਬੁਲਾਰੇ ਵਜੋਂ ਸ਼ਿਰਕਤ ਕੀਤੀ।

 

ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਅੰਮ੍ਰਿਤਪਾਲ ਨੇ ਕਿਹਾ ਕਿ ਚੰਗੀ ਸਿੱਖਿਆ ਸਿਰਫ਼ ਕਿਤਾਬਾਂ ਦੇ ਪੰਨਿਆਂ ਤੱਕ ਸੀਮਿਤ ਨਹੀਂ ਹੁੰਦੀ, ਸਗੋਂ ਇਹ ਮਨੁੱਖ ਦੇ ਵਿਚਾਰਾਂ, ਵਿਹਾਰ ਅਤੇ ਜੀਵਨ-ਜਾਚ ‘ਚ ਵੀ ਨਜ਼ਰ ਆਉਣੀ ਚਾਹੀਦੀ ਹੈ। ਉਨ੍ਹਾਂ ਨੇ ਰੋਜ਼ਾਨਾ ਜੀਵਨ ‘ਚ ਵਾਪਰਦੀਆਂ ਨਿੱਕੀਆਂ-ਨਿੱਕੀਆਂ ਘਟਨਾਵਾਂ ਅਤੇ ਉਦਾਹਰਣਾਂ ਰਾਹੀਂ ਵਿਦਿਆਰਥੀਆਂ ਨੂੰ ਮਿਹਨਤ, ਇਮਾਨਦਾਰੀ, ਜ਼ਿੰਮੇਵਾਰੀ, ਅਨੁਸ਼ਾਸਨ ਅਤੇ ਮਨੁੱਖੀ ਸੰਵੇਦਨਾਵਾਂ ਦੀ ਮਹੱਤਤਾ ਤੋਂ ਜਾਣੂੰ ਕਰਵਾਇਆ।

 

ਉਨ੍ਹਾਂ ਵਿਦਿਆਰਥੀਆਂ ਨੂੰ ਆਪਣੇ ਜੀਵਨ ਦਾ ਇੱਕ ਸਪਸ਼ਟ ਟੀਚਾ ਨਿਰਧਾਰਤ ਕਰਨ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਕਾਮਯਾਬੀ ਸਿਰਫ਼ ਮੰਜ਼ਿਲ ਹਾਸਲ ਕਰਨ ਦਾ ਨਾਮ ਨਹੀਂ, ਬਲਕਿ ਉਸ ਮੰਜ਼ਿਲ ਤੱਕ ਪਹੁੰਚਣ ਲਈ ਅਪਣਾਏ ਗਏ ਸਹੀ ਰਸਤੇ ਦਾ ਵੀ ਨਾਮ ਹੈ। ਉਨ੍ਹਾਂ ਕਿਹਾ ਕਿ ਅਜੋਕੇ ਤਕਨਾਲੋਜੀ ਦੇ ਯੁੱਗ ‘ਚ ਵਿਦਿਆਰਥੀਆਂ ਲਈ ਕਿਤਾਬਾਂ ਨਾਲ ਜੁੜਨਾ ਜਿੰਨਾ ਜ਼ਰੂਰੀ ਹੈ, ਓਨਾ ਹੀ ਜ਼ਰੂਰੀ ਹੈ ਕਿ ਉਹ ਆਪਣੇ ਹੱਥਾਂ ‘ਚ ਕੋਈ ਨਾ ਕੋਈ ਹੁਨਰ ਵੀ ਪੈਦਾ ਕਰਨ, ਕਿਉਂਕਿ ਗਿਆਨ ਅਤੇ ਹੁਨਰ ਦਾ ਸੁਮੇਲ ਹੀ ਭਵਿੱਖ ਦੀ ਮਜ਼ਬੂਤ ਨੀਂਹ ਰੱਖਦਾ ਹੈ।

 

ਇਸ ਮੌਕੇ ਡਾ. ਕਮਲਜੀਤ ਕੌਰ ਬਾਂਗਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਜੋਕਾ ਯੁੱਗ ਤਕਨਾਲੋਜੀ ਦਾ ਯੁੱਗ ਹੈ, ਪਰ ਤਕਨਾਲੋਜੀ ਦੀ ਰਫ਼ਤਾਰ ਨਾਲ ਅੱਗੇ ਵਧਦਿਆਂ ਆਪਣੀਆਂ ਨੈਤਿਕ ਕਦਰਾਂ-ਕੀਮਤਾਂ ਅਤੇ ਮਨੁੱਖੀ ਸਰੋਕਾਰਾਂ ਨੂੰ ਪਿੱਛੇ ਨਹੀਂ ਛੱਡਣਾ ਚਾਹੀਦਾ। ਉਨ੍ਹਾਂ ਕਿਹਾ ਕਿ ਆਪਣੀਆਂ ਜੜ੍ਹਾਂ ਅਤੇ ਮੁੱਲਾਂ ਨਾਲ ਜੁੜਿਆ ਹੋਇਆ ਵਿਦਿਆਰਥੀ ਹੀ ਆਧੁਨਿਕਤਾ ਨੂੰ ਸਹੀ ਅਰਥਾਂ ‘ਚ ਅਪਣਾ ਕੇ ਸਫ਼ਲਤਾ ਦੀਆਂ ਨਵੀਆਂ ਮੰਜ਼ਿਲਾਂ ਸਰ ਕਰ ਸਕਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਕਾਲਜ ਦਾ ਉਦੇਸ਼ ਵਿਦਿਆਰਥੀਆਂ ਨੂੰ ਕੇਵਲ ਡਿਗਰੀਆਂ ਪ੍ਰਦਾਨ ਕਰਨਾ ਨਹੀਂ, ਸਗੋਂ ਉਨ੍ਹਾਂ ਨੂੰ ਚੰਗੇ ਵਿਦਿਆਰਥੀ ਦੇ ਨਾਲ-ਨਾਲ ਚੰਗੇ ਇਨਸਾਨ ਅਤੇ ਜ਼ਿੰਮੇਵਾਰ ਨਾਗਰਿਕ ਵਜੋਂ ਤਿਆਰ ਕਰਨਾ ਵੀ ਹੈ। ਇਸੇ ਉਦੇਸ਼ ਤਹਿਤ ਕਾਲਜ ਵਿੱਚ ਸਮੇਂ-ਸਮੇਂ ’ਤੇ ਵਿਦਿਆਰਥੀਆਂ ਦੀ ਸ਼ਖ਼ਸੀਅਤ, ਸੋਚ ਅਤੇ ਜੀਵਨ-ਜਾਚ ਨੂੰ ਸੰਵਾਰਨ ਲਈ ਅਜਿਹੇ ਸਾਰਥਕ ਉਪਰਾਲੇ ਕੀਤੇ ਜਾਂਦੇ ਹਨ।

 

ਇਸ ਮੌਕੇ ਸਹਾਇਕ ਪ੍ਰੋਫੈਸਰ ਪਰਦੀਪ ਸਿੰਘ, ਅਜੈ ਬੱਤਾ, ਅਮਰੀਸ਼ ਖੁੱਲਰ, ਰਾਜ ਕੁਮਾਰ, ਦੀਕਸ਼ਾ ਸਿੰਧਵਾਨੀ ਅਤੇ ਹੇਮ ਲਤਾ ਨੇ ਵੀ ਵਿਦਿਆਰਥੀਆਂ ਨਾਲ ਆਪਣੇ ਵਿਚਾਰ ਸਾਂਝੇ ਕਰਦਿਆਂ ਉਨ੍ਹਾਂ ਨੂੰ ਜੀਵਨ ‘ਚ ਨੈਤਿਕਤਾ, ਮਿਹਨਤ, ਜ਼ਿੰਮੇਵਾਰੀ ਅਤੇ ਸਕਾਰਾਤਮਕ ਸੋਚ ਨੂੰ ਅਪਣਾਉਣ ਲਈ ਪ੍ਰੇਰਿਤ ਕੀਤਾ।

Leave a Reply

Your email address will not be published. Required fields are marked *