ਸਮਰਾਲਾ, (ਸੁਰਜੀਤ ਸਿੰਘ) ਭ੍ਰਿਸ਼ਟਾਚਾਰ ਵਿਰੋਧੀ ਫਰੰਟ (ਰਜਿ:) ਸਮਰਾਲਾ ਦੀ ਮਾਸਿਕ ਮੀਟਿੰਗ ਦੇ ਮੁੱਖ ਦਫਤਰ ‘ਬਾਗੀ ਭਵਨ’ ਵਿਖੇ ਪ੍ਰਧਾਨ ਅਮਰਜੀਤ ਸਿੰਘ ਬਾਲਿਓਂ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਫਰੰਟ ਦੇ ਸਰਪ੍ਰਸਤ ਕਮਾਂਡੈਂਟ ਰਸਪਾਲ ਸਿੰਘ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਮੀਟਿੰਗ ਦੌਰਾਨ ਫਰੰਟ ਦੁਆਰਾ ਪਿਛਲੇ ਮਹੀਨੇ ਦੌਰਾਨ ਕੀਤੇ ਕਾਰਜਾਂ ਦੀ ਸਮੀਖਿਆ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਅਮਰਜੀਤ ਸਿੰਘ ਬਾਲਿਓਂ ਨੇ ਕਿਹਾ ਕਿ ਸਮਰਾਲਾ ਹਲਕੇ ਵਿੱਚ ਮੈਡੀਕਲ ਨਸ਼ਿਆਂ ਦੇ ਵਧਣ ਨਾਲ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਵਿੱਚ ਚੋਖਾ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਸ਼ਹਿਰ ਵਿੱਚ ਅਵਾਰਾ ਪਸ਼ੂਆਂ ਦੀ ਭਰਮਾਰ ਕਾਰਨ ਆਵਜਾਈ ਵਿੱਚ ਕਾਫੀ ਵਿਘਨ ਪੈਂਦਾ ਹੈ ਅਤੇ ਇਨ੍ਹਾਂ ਕਾਰਨ ਦੁਰਘਟਨਾਵਾਂ ਵੀ ਵੱਧ ਰਹੀਆਂ ਹਨ। ਸਮਰਾਲਾ ਦੇ ਬਜਾਰ ਵਿੱਚ ਨਜਾਇਜ ਕਬਜਿਆਂ ਕਾਰਨ ਆਮ ਰਾਹਗੀਰ ਜਾਮ ਲੱਗਣ ਕਾਰਨ ਸਾਰਾ ਦਿਨ ਪਰੇਸ਼ਾਨ ਹੁੰਦੇ ਹਨ, ਪ੍ਰੰਤੂ ਪ੍ਰਸਾਸ਼ਨ ਦਾ ਇਸ ਪਾਸੇ ਕੋਈ ਵੀ ਧਿਆਨ ਨਹੀਂ, ਨਗਰ ਕੌਂਸਲ ਵਾਲੇ ਕਦੇ ਗੇੜਾ ਮਾਰਦੇ ਹਨ, ਉਨ੍ਹਾਂ ਦੇ ਜਾਣ ਪਿੱਛੋਂ ਤੁਰੰਤ ਦੁਕਾਨਦਾਰਾਂ ਦੇ ਨਜਾਇਜ ਕਬਜੇ ਤੁਰੰਤ ਉਸੇ ਤਰ੍ਹਾਂ ਹੋ ਜਾਂਦੇ ਹਨ। ਲੁਧਿਆਣਾ ਮੇਨ ਰੋਡ ਤੋਂ ਭਗਵਾਨਪੁਰਾ ਜਾਣ ਵਾਲੀ ਸੜਕ ਉੱਤੇ ਵਾਹਨਾਂ ਦੀ ਨਜਾਇਜ ਪਾਰਕਿੰਗ ਵੀ ਲੋਕਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣੀ ਹੋਈ ਹੈ। ਇਸ ਮੌਕੇ ਕਮਾਂਡੈਂਟ ਰਸਪਾਲ ਸਿੰਘ ਨੇ ਕਿਹਾ ਕਿ ਬੀਤੀ ਰਾਤ ਉਸਦੇ ਘਰ ਨੌਕਰੀ ਕਰਦਾ ਨੌਜਵਾਨ ਆਪਣੇ ਘਰ ਨੂੰ ਜਾਣ ਲਈ ਪੈਦਲ ਜਾ ਰਿਹਾ ਸੀ, ਰਸਤੇ ਵਿੱਚ ਲੁੱਟ ਖੋਹ ਕਰਨ ਵਾਲੇ ਉਸਦਾ ਮੋਬਾਇਲ ਖੋਹ ਕੇ ਲੈ ਗਏ, ਜਿਸ ਸਬੰਧੀ ਉਨ੍ਹਾਂ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਪੁਲਿਸ ਪ੍ਰਸਾਸ਼ਨ ਅਤੇ ਰਾਜਨੀਤਕ ਨੁਮਾਇੰਦਿਆਂ ਨੂੰ ਇਸ ਸਬੰਧੀ ਫੋਨ ਖੜਕਾਏ ਗਏ ਪ੍ਰੰਤੂ ਕਿਸੇ ਨੇ ਵੀ ਫੋਨ ਚੁੱਕਣਾ ਮੁਨਾਸਿਬ ਨਹੀਂ ਸਮਝਿਆ। ਉਨ੍ਹਾਂ ਕਿਹਾ ਕਿ ਰਾਜਨੀਤਕ ਲੋਕਾਂ ਨੂੰ ਆਮ ਲੋਕਾਂ ਨੇ ਚੁਣਿਆ ਹੈ, ਜੇਕਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਕਰਨੀ ਤਾਂ ਇਨਸਾਫ ਲਈ ਸੰਘਰਸ਼ ਕਰਕੇ ਉਨ੍ਹਾਂ ਦਾ ਵਿਰੋਧ ਕਰਨਾ ਹੀ ਪਵੇਗਾ। ਉਨ੍ਹਾਂ ਅੱਗੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਦੂਜੇ ਚੌਥੇ ਦਿਨ ਇੱਥੇ ਅਜਿਹੀਆਂ ਵਾਰਦਾਤਾਂ ਹੁੰਦੀਆਂ ਰਹਿੰਦੀਆਂ ਹਨ, ਜਿਨ੍ਹਾਂ ਨੂੰ ਰੋਕਣ ਲਈ ਪੁਲਿਸ ਪ੍ਰਸਾਸ਼ਨ ਅੱਜ ਤੱਕ ਨਾਕਾਮਯਾਬ ਰਿਹਾ ਹੈ। ਮੀਟਿੰਗ ਵਿੱਚ ਉਪਰੋਕਤ ਤੋਂ ਇਲਾਵਾ ਸੁਰਿੰਦਰ ਕੁਮਾਰ ਅੰਗਰੀਸ਼, ਮਾ.ਪ੍ਰੇਮ ਨਾਥ, ਦੇਸਰਾਜ ਘੋਲਾ, ਕਰਨੈਲ ਸਿੰਘ ਕੋਟਾਲਾ, ਕੈਪਟਨ ਮਹਿੰਦਰ ਸਿੰਘ, ਪ੍ਰਿਤਪਾਲ ਸਿੰਘ, ਮਨਜੀਤ ਸਿੰਘ ਕਕਰਾਲਾ, ਜਗਜੀਤ ਸਿੰਘ, ਤੇਜਾ ਸਿੰਘ, ਨਿਰਮਲ ਸਿੰਘ, ਪਰਮਜੀਤ ਮਾਛੀਵਾੜਾ, ਕਰਨਵੀਰ ਸਿੰਘ, ਚਰਨਜੀਤ ਸਿੰਘ, ਗੁਰਬਚਨ ਸਿੰਘ, ਸੀਤਲ ਸਿੰਘ, ਮਨਜੋਤ ਸਿੰਘ ਆਦਿ ਵੀ ਸ਼ਾਮਲ ਸਨ।


