ਸਮਰਾਲਾ, (ਸੁਰਜੀਤ ਸਿੰਘ) ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਫਾਰ ਵਿਮੈਨ, ਝਾੜ ਸਾਹਿਬ ਦੇ ਪ੍ਰਿੰਸੀਪਲ ਡਾ. ਰਜਿੰਦਰ ਕੌਰ ਦੇ ਦਿਸ਼ਾ-ਨਿਰਦੇਸ਼ ਅਤੇ ਆਈ.ਕਿਊ.ਏ.ਸੀ. ਦੇ ਸਹਿਯੋਗ ਨਾਲ ਕਾਲਜ ਦੇ ਕੰਪਿਊਟਰ ਵਿਭਾਗ ਦੇ ਮੁਖੀ ਡਾ. ਗੁਰਜੀਤ ਕੌਰ, ਪ੍ਰੋ. ਨਿਸ਼ੂ (ਕੰਪਿਊਟਰ ਵਿਭਾਗ), ਪ੍ਰੋ. ਨਵਨੀਤ ਕੌਰ ਅਤੇ ਪੰਜਾਬੀ ਵਿਭਾਗ ਦੀ ਜਸਵੀਰ ਕੌਰ ਦੀ ਅਗਵਾਈ ਹੇਠ ਰਚਨਾਤਮਕਤਾ ਟਾਈਪਿੰਗ ਸਪੀਡ ਕੰਪੀਟਿਸ਼ਨ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।
ਵਰਕਸ਼ਾਪ ਵਿੱਚ 55 ਵਿਦਿਆਰਥਣਾਂ ਨੇ ਹਿੱਸਾ ਲਿਆ। ਵਰਕਸ਼ਾਪ ਦੌਰਾਨ ਵਿਦਿਆਰਥਣਾਂ ਨੂੰ ਅੰਗਰੇਜ਼ੀ ਟਾਈਪਿੰਗ ਦੀਆਂ ਵੱਖ-ਵੱਖ ਤਕਨੀਕਾਂ ਬਾਰੇ ਡਾ. ਗੁਰਜੀਤ ਕੌਰ ਨੇ ਸਭ ਤੋਂ ਪਹਿਲਾਂ ਸਹੀ ਤਰੀਕੇ ਨਾਲ ਕੀ-ਬੋਰਡ ਦੀ ਵਰਤੋਂ ਕਰਨ ਬਾਰੇ ਸਮਝਾਇਆ। ਉਨ੍ਹਾਂ ਨੇ ਵਿਦਿਆਰਥਣਾਂ ਨੂੰ ਹੋਮ ਰੋ ਕੀਜ਼ ਦੀ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਉਂਗਲੀਆਂ ਦਾ ਸਹੀ ਸਥਾਨ ਬਹੁਤ ਜ਼ਰੂਰੀ ਹੈ।
ਮਿਸ ਨਿਸ਼ੂ ਨੇ ਟੱਚ ਟਾਈਪਿੰਗ ਦੀ ਮਹੱਤਤਾ ਬਾਰੇ ਵੀ ਜਾਣਕਾਰੀ ਦਿੱਤੀ ਅਤੇ ਵਿਦਿਆਰਥਣਾਂ ਨੂੰ ਪ੍ਰੇਰਿਤ ਕੀਤਾ ਕਿ ਉਹ ਬਿਨਾਂ ਕੀ-ਬੋਰਡ ਵੱਲ ਵੇਖੇ ਟਾਈਪ ਕਰਨ ਦਾ ਅਭਿਆਸ ਕਰਨ। ਉਨ੍ਹਾਂ ਨੇ ਟਾਈਪਿੰਗ ਦੀ ਗਤੀ ਅਤੇ ਸ਼ੁੱਧਤਾ ਬਾਰੇ ਵੀ ਸਮਝਾਇਆ। ਮਿਸ ਨਵਨੀਤ ਕੌਰ ਨੇ ਵਿਦਿਆਰਥਣਾਂ ਨੂੰ ਨਿਯਮਿਤ ਅਭਿਆਸ ਕਰਨ ਲਈ ਉਤਸ਼ਾਹਿਤ ਕੀਤਾ ਅਤੇ ਦੱਸਿਆ ਕਿ ਰੋਜ਼ਾਨਾ ਅਭਿਆਸ ਨਾਲ ਟਾਈਪਿੰਗ ਦੀ ਗਤੀ ਵਿੱਚ ਸੁਧਾਰ ਕੀਤਾ ਜਾ ਸਕਦਾ ਹੈ।
ਇਸ ਦੇ ਨਾਲ ਹੀ ਵਿਦਿਆਰਥਣਾਂ ਨੂੰ ਪ੍ਰਯੋਗਾਤਮਕ ਅਭਿਆਸ ਰਾਹੀਂ ਆਪਣੇ ਹੁਨਰ ਨੂੰ ਨਿਖਾਰਨ ਦਾ ਮੌਕਾ ਵੀ ਪ੍ਰਦਾਨ ਕੀਤਾ ਗਿਆ। ਵਿਦਿਆਰਥਣਾਂ ਨੇ ਆਪਣੀ ਰੁਚੀ ਦਿਖਾਉਂਦੇ ਹੋਏ ਕਲਾਤਮਕ ਸੋਚ ਅਤੇ ਟਾਈਪਿੰਗ ਦਾ ਪ੍ਰਭਾਵਸ਼ਾਲੀ ਪ੍ਰਦਰਸ਼ਨ ਕਰਦਿਆਂ ਵਰਕਸ਼ਾਪ ਨੂੰ ਸਫਲ ਬਣਾਇਆ।
ਇਸ ਮੌਕੇ ਕਾਲਜ ਪ੍ਰਿੰਸੀਪਲ ਨੇ ਕੰਪਿਊਟਰ ਵਿਭਾਗ ਦੇ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਵਿਦਿਆਰਥਣਾਂ ਨੂੰ ਅਜਿਹੀਆਂ ਸਹਿ-ਵਿਦਿਅਕ ਗਤੀਵਿਧੀਆਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ। ਵਿਦਿਆਰਥਣਾਂ ਵੱਲੋਂ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੀਆਂ ਸਿਰਜਣਾਤਮਕ ਗਤੀਵਿਧੀਆਂ ਵਿੱਚ ਭਾਗ ਲੈਣ ਦਾ ਸੰਕਲਪ ਲਿਆ ਗਿਆ।


