ਛੋਟੀ ਉਮਰ ‘ਚ ਕੀਤਾ ਵੱਡਾ ਅਪਰਾਧ, ਮਹਿੰਗੇ ਸ਼ੌਂਕਾਂ ਨੇ ਬੱਚੇ ਨੂੰ ਬਣਾਇਆ ਚੋਰ!

ਜਾਂਚ ਮਗਰੋਂ ਪੁਲਿਸ ਵੱਲੋਂ ਪਿਤਾ-ਪੁੱਤਰ ਦੋਵਾਂ ਖਿਲਾਫ਼ ਮਾਮਲਾ ਦਰਜ
ਮਾਛੀਵਾੜਾ ਸਾਹਿਬ, 1 ਅਗਸਤ (ਅੰਮ੍ਰਿਤਪਾਲ)-ਕੁਝ ਦਿਨ ਦਿਨ ਪਹਿਲਾਂ ਮਾਛੀਵਾੜਾ ਸਾਹਿਬ ਵਿਖੇ ਇੱਕ ਘਰ ‘ਚੋਂ 15 ਲੱਖ ਨਕਦ ਅਤੇ 5 ਤੋਲਾ ਸੋਨਾ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ। ਪੀੜ੍ਹਤ ਪਰਿਵਾਰ ਨੇ ਪੁਲਿਸ ਕੋਲ ਸ਼ੱਕ ਦੇ ਆਧਾਰ ‘ਤੇ ਆਪਣੇ ਇੱਕ ਗਵਾਂਢੀ ਵਿਅਕਤੀ ਸਮੇਤ ਦੋ ਲੋਕਾਂ ਖਿਲਾਫ ਸ਼ਿਕਾਇਤ ਦਰਜ ਕਰਵਾਈ ਸੀ। ਚੋਰੀ ਦਾ ਇਹ ਮਾਮਲਾ ਅਖ਼ਬਾਰਾਂ ਦੀਆਂ ਸੁਰਖੀਆਂ ਬਣਨ ਤੋਂ ਬਾਅਦ ਪੁਲਿਸ ਹਰਕਤ ‘ਚ ਆਈ ਅਤੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰਨ ਤੋਂ ਬਾਅਦ ਹੈਰਾਨੀਜਨਕ ਖੁਲਾਸਾ ਹੋਇਆ। ਜਿਸ ਵਿੱਚ ਸ਼ਿਕਾਇਤਕਰਤਾ ਪਰਿਵਾਰ ਦਾ ਛੋਟਾ ਲੜਕਾ ਯੋਗੇਸ਼ ਜੈਨ ਜੋ ਕਿ 8ਵੀਂ ਜਮਾਤ ਦਾ ਵਿਦਿਆਰਥੀ ਹੈ, ਉਹੀ ਇਸ ਘਟਨਾ ਦਾ ਮਾਸਟਰ ਮਾਈਂਡ ਨਿਕਲਿਆ। 8ਵੀਂ ਜਮਾਤ ‘ਚ ਪੜ੍ਹਦੇ 13 ਸਾਲ ਦੇ ਇਸ ਨਾਬਾਲਗ ਵੱਲੋਂ ਆਪਣੇ ਹੀ ਘਰ ਵਿੱਚੋਂ ਕਰੀਬ 15 ਲੱਖ ਰੁਪਏ ਦੀ ਨਕਦੀ ਅਤੇ ਸੋਨੇ ਦੇ ਗਹਿਣੇ ਚੋਰੀ ਕਰ ਲਏ। ਇਸ ਘਟਨਾ ਨੇ ਬੱਚਿਆਂ ‘ਚ ਵਧ ਰਹੇ ਮਹਿੰਗੇ ਸ਼ੌਂਕਾਂ ਅਤੇ ਦਿਖਾਵੇ ਦੀ ਪ੍ਰਵਿਰਤੀ ਉੱਪਰ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ।
ਜਾਂਚ ਦੌਰਾਨ ਸਾਹਮਣੇ ਆਇਆ ਕਿ ਇਹ ਨਾਬਾਲਗ ਬੱਚਾ ਕਿਸੇ ਅਪਰਾਧਿਕ ਗਿਰੋਹ ਨਾਲ ਨਹੀਂ ਜੁੜਿਆ ਸੀ। ਸਗੋਂ ਬੁੱਲੇਟ ਮੋਟਰ ਸਾਇਕਲ, ਮਹਿੰਗੇ ਮੋਬਾਇਲ ਫੋਨ, ਵੀਡੀਓ ਗੇਮਾਂ ਅਤੇ ਸ਼ਾਨਦਾਰ ਜੀਵਨਸ਼ੈਲੀ ਦੀ ਇੱਛਾ ਨੇ ਉਸਨੂੰ ਆਪਣੇ ਹੀ ਘਰ ਵਿੱਚ ਚੋਰੀ ਕਰਨ ਲਈ ਪ੍ਰੇਰਿਤ ਕੀਤਾ। ਪੁਲਿਸ ਅਨੁਸਾਰ ਚੋਰੀ ਕੀਤੀ ਰਕਮ ਨਾਲ ਉਸ ਨੇ ਕਰੀਬ 75 ਹਜ਼ਾਰ ਰੁਪਏ ਦੀ ਵੀਡੀਓ ਗੇਮ, ਦੋ-ਤਿੰਨ ਮਹਿੰਗੇ ਮੋਬਾਇਲ ਫੋਨ ਅਤੇ ਪਿਤਾ ਤੋਂ ਲਏ ਪੈਸਿਆਂ ‘ਚ ਕਰੀਬ ਡੇਢ ਲੱਖ ਰੁਪਏ ਮਿਲਾ ਕੇ ਇੱਕ ਬੁੱਲੇਟ ਮੋਟਰਸਾਈਕਲ ਵੀ ਖਰੀਦ ਲਈ। ਪਰਿਵਾਰ ਨੂੰ ਗੁੰਮਰਾਹ ਕਰਨ ਲਈ ਉਸਨੇ ਝੂਠ ਬੋਲਿਆ ਕਿ ਉਸਦਾ ਇੱਕ ਅਮੀਰ ਦੋਸਤ, ਜੋ ਵਿਦੇਸ਼ ਵਿੱਚ ਰਹਿੰਦਾ ਹੈ, ਇਹ ਸਾਰਾ ਸਮਾਨ ਉਸਨੂੰ ਤੋਹਫ਼ੇ ਵਜੋਂ ਭੇਜੇ ਗਏ ਹਨ। ਚੋਰੀ ਦਾ ਭੇਦ ਲੁਕਾਉਣ ਲਈ ਉਸਨੇ ਪੁਲਿਸ ਨੂੰ ਇਹ ਵੀ ਦੱਸਿਆ ਕਿ ਦੋ ਅਣਪਛਾਤੇ ਵਿਅਕਤੀਆਂ ਨੇ ਉਸ ਨੂੰ ਨਸ਼ੀਲੀ ਚੀਜ਼ ਸੁੰਘਾ ਕੇ ਬੇਹੋਸ਼ ਕਰ ਦਿੱਤਾ ਸੀ ਅਤੇ ਘਰ ਵਿੱਚੋਂ ਨਕਦੀ ਤੇ ਗਹਿਣੇ ਲੈ ਕੇ ਫ਼ਰਾਰ ਹੋ ਗਏ ਸਨ। ਪਰ ਸੀਸੀਟੀਵੀ ਫੁਟੇਜ ਅਤੇ ਪੁਲਿਸ ਦੀ ਡੂੰਘੀ ਜਾਂਚ ਦੌਰਾਨ ਸੱਚ ਸਾਹਮਣੇ ਆ ਗਿਆ ਅਤੇ ਨਾਬਾਲਗ ਨੇ ਆਪਣਾ ਜੁਰਮ ਕਬੂਲ ਕਰ ਲਿਆ। ਪੁਲਿਸ ਨੇ ਪਿਤਾ ਅਭੈ ਜੈਨ ਅਤੇ ਪੁੱਤਰ ਯੋਗੇਸ਼ ਜੈਨ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪਰ ਫ਼ਿਲਹਾਲ ਦੋਵੇਂ ਮੁਲਜ਼ਮ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਦੱਸੇ ਜਾ ਰਹੇ ਹਨ।
ਸ਼ਹਿਰ ਦੇ ਕੁਝ ਵਿਅਕਤੀਆਂ ਵੱਲੋਂ ਮਾਮਲੇ ਨੂੰ ਦਬਾਉਣ ਦੀ ਨਾਕਾਮ ਕੋਸ਼ਿਸ਼
ਸੂਤਰਾਂ ਮੁਤਾਬਕ ਮਾਮਲੇ ਦੇ ਖੁਲਾਸੇ ਤੋਂ ਬਾਅਦ ਸ਼ਹਿਰ ਦੇ ਕੁਝ ਪ੍ਰਭਾਵਸ਼ਾਲੀ ਵਿਅਕਤੀਆਂ ਵੱਲੋਂ ਇਸ ਮਾਮਲੇ ਨੂੰ ਦਬਾਉਣ ਦੇ ਯਤਨ ਵੀ ਕੀਤੇ ਗਏ। ਹਾਲਾਂਕਿ ਪੁਲਿਸ ਨੇ ਜਾਂਚ ਨੂੰ ਪ੍ਰਭਾਵਿਤ ਨਹੀਂ ਹੋਣ ਦਿੱਤਾ ਅਤੇ ਕਾਨੂੰਨੀ ਕਾਰਵਾਈ ਨੂੰ ਤਰਜੀਹ ਦਿੱਤੀ। ਪੁਲਿਸ ਦਾ ਮੰਨਣਾ ਸੀ ਕਿ ਅਜਿਹੇ ਮਾਮਲਿਆਂ ਨੂੰ ਲੁਕਾਉਣ ਦੀ ਬਜਾਏ ਸਮਾਜ ਦੇ ਸਾਹਮਣੇ ਲਿਆਉਣਾ ਜ਼ਰੂਰੀ ਹੈ ਤਾਂ ਜੋ ਬੱਚਿਆਂ ਅਤੇ ਮਾਪਿਆਂ ਵਿੱਚ ਕਾਨੂੰਨ ਪ੍ਰਤੀ ਸਤਿਕਾਰ ਅਤੇ ਜੁਰਮ ਦੇ ਨਤੀਜਿਆਂ ਬਾਰੇ ਜਾਗਰੂਕਤਾ ਪੈਦਾ ਹੋਵੇ।
ਮੁਲਜ਼ਮਾਂ ਦਾ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹੋਣਾ ਸਵਾਲੀਆ ਨਿਸ਼ਾਨ?
ਪੁਲਿਸ ਨੇ ਚਾਹੇ ਮਾਮਲਾ ਦਰਜ ਕਰ ਲਿਆ ਹੈ, ਪਰ ਮੁਲਜ਼ਮਾਂ ਦਾ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹੋਣਾ ਪੁਲਿਸ ਦੀ ਕਾਰਵਾਈ ‘ਤੇ ਸਵਾਲੀਆ ਨਿਸ਼ਾਨ ਲਗਾ ਰਿਹਾ ਹੈ ਕਿਉਂਕਿ ਚੋਰੀ ਦੇ ਮਾਮਲੇ ਸਬੰਧੀ ਪੂਰਾ ਪਰਿਵਾਰ ਦਿਨਭਰ ਥਾਣੇ ‘ਚ ਮੌਜੂਦ ਰਿਹਾ। ਮਾਮਲਾ ਦਰਜ ਹੋਣ ਤੋਂ ਬਾਅਦ ਵੀ ਉਹਨਾਂ ਦਾ ਗ੍ਰਿਫ਼ਤਾਰ ਨਾ ਹੋਣਾ ਪੁਲਿਸ ਦੀ ਕਾਰਵਾਈ ‘ਤੇ ਸਵਾਲੀਆ ਚਿੰਨ੍ਹ ਲਗਾ ਰਿਹਾ ਹੈ।
ਕੀ 13 ਸਾਲ ਦਾ ਇਕੱਲਾ ਬੱਚਾ ਐਨੀਆਂ ਖ੍ਰੀਦਦਾਰੀਆਂ ਕਰ ਸਕਦਾ ਹੈ ?
ਪੁਲਿਸ ਦੀ ਜਾਂਚ ਦਾ ਸਭ ਤੋਂ ਅਹਿਮ ਵਿਸ਼ਾ ਇਹ ਵੀ ਹੈ ਕਿ ਬੱਚੇ ਦੁਆਰਾ ਚੋਰੀ ਕੀਤਾ ਗਿਆ ਸੋਨਾ ਕਿਸ ਦੇ ਕੋਲ ਵੇਚਿਆ ਗਿਆ ਅਤੇ ਚੋਰੀ ਦੇ ਪੈਸਿਆਂ ਨਾਲ ਜੋ ਵੀ ਸਮਾਨ ਖਰੀਦਿਆ ਗਿਆ ਹੈ, ਉਹ ਕਿੱਥੋਂ-ਕਿਥੋਂ ਖਰੀਦਿਆ ਗਿਆ ਸੀ। ਕੀ ਇੱਕ 13 ਸਾਲ ਦਾ ਬੱਚਾ ਇਕੱਲਾ ਐਨੇ ਸਮਾਨ ਦੀ ਖਰੀਦ ਕਰ ਸਕਦਾ ਹੈ। ਕੀ ਬੱਚੇ ਨਾਲ ਉਸਦੇ ਭਰਾ ਜਾਂ ਹੋਰ ਦੋਸਤ ਵੀ ਇਸ ਕੜੀ ਦਾ ਹਿੱਸਾ ਤਾਂ ਨਹੀਂ ਹਨ, ਇਹ ਇੱਕ ਵੱਡਾ ਸਵਾਲ ਹੈ।


