
ਮਾਛੀਵਾੜਾ ਸਾਹਿਬ, 24 ਜੁਲਾਈ (ਅੰਮ੍ਰਿਤਪਾਲ)-ਪੰਜਾਬੀ ਸਾਹਿਤ ਦੇ ਪ੍ਰਸਿੱਧ ਕਹਾਣੀਕਾਰ ਸੁਖਜੀਤ ਭਾਵੇਂ ਅੱਜ ਸਰੀਰਕ ਤੌਰ ‘ਤੇ ਸਾਡੇ ਦਰਮਿਆਨ ਨਹੀਂ ਹਨ, ਪਰ ਉਨ੍ਹਾਂ ਦੀਆਂ ਕਹਾਣੀਆਂ, ਵਿਚਾਰਾਂ ਅਤੇ ਸਾਹਿਤਕ ਰਚਨਾਵਾਂ ਅੱਜ ਵੀ ਪਾਠਕਾਂ ਦੇ ਦਿਲਾਂ ਵਿੱਚ ਜਿਉਂਦੀਆਂ ਹਨ। ਉਨ੍ਹਾਂ ਵੱਲੋਂ ਮਾਛੀਵਾੜਾ ਸਾਹਿਬ ਦੇ ਲੋਕਾਂ ਵਿੱਚ ਪੜ੍ਹਨ ਦੀ ਰੁਚੀ ਪੈਦਾ ਕਰਨ ਅਤੇ ਨਵੀਂ ਪੀੜ੍ਹੀ ਨੂੰ ਕਿਤਾਬਾਂ ਨਾਲ ਜੋੜਨ ਦੇ ਮਕਸਦ ਨਾਲ ਬੱਸ ਸਟੈਂਡ ਨਜ਼ਦੀਕ “ਮਿੱਤਰ ਪਿਆਰੇ ਨੂੰ ਸ਼ਬਦ ਲਾਇਬਰੇਰੀ” ਦੀ ਸਥਾਪਨਾ ਕੀਤੀ ਗਈ ਸੀ। ਇਹ ਉਪਰਾਲਾ ਨਾ ਸਿਰਫ਼ ਮਾਛੀਵਾੜਾ ਸਾਹਿਬ, ਸਗੋਂ ਸਮੁੱਚੇ ਇਲਾਕੇ ਲਈ ਇੱਕ ਵਿਲੱਖਣ ਸਾਹਿਤਕ ਪਹਿਲ ਸਾਬਤ ਹੋਇਆ। ਸੁਖਜੀਤ ਦੇ ਅਕਾਲ ਚਲਾਣੇ ਤੋਂ ਬਾਅਦ ਉਨ੍ਹਾਂ ਦੀਆਂ ਸਾਹਿਤਕ ਸੇਵਾਵਾਂ ਨੂੰ ਸਦਾ ਲਈ ਯਾਦਗਾਰ ਬਣਾਉਣ ਵਾਸਤੇ ਇਸ ਲਾਇਬਰੇਰੀ ਦਾ ਨਾਮ ਬਦਲ ਕੇ “ਸੁਖਜੀਤ ਯਾਦਗਾਰੀ ਸ਼ਬਦ ਲਾਇਬਰੇਰੀ” ਰੱਖਿਆ ਗਿਆ। ਇਸ ਲਾਇਬਰੇਰੀ ਨੂੰ ਹੋਰ ਸੁੰਦਰ ਅਤੇ ਆਕਰਸ਼ਕ ਬਣਾਉਣ ਲਈ ਮਾਛੀਵਾੜਾ ਨਗਰ ਕੌਂਸਲ ਦੇ ਪ੍ਰਧਾਨ ਮੋਹਿਤ ਕੁੰਦਰਾ ਵੱਲੋਂ ਵੀ ਵਿਸ਼ੇਸ਼ ਯੋਗਦਾਨ ਦਿੱਤਾ ਗਿਆ, ਜਿਸ ਕਾਰਨ ਇਹ ਲਾਇਬਰੇਰੀ ਅੱਜ ਸਾਹਿਤ ਪ੍ਰੇਮੀਆਂ ਲਈ ਇੱਕ ਖਾਸ ਕੇਂਦਰ ਵਜੋਂ ਉਭਰ ਕੇ ਸਾਹਮਣੇ ਆਈ ਹੈ। ਸੁਖਜੀਤ ਦੀ ਯਾਦ ਨੂੰ ਸਮਰਪਿਤ ਇਸ ਸਾਹਿਤਕ ਅੰਦੋਲਨ ਨੂੰ ਅੱਗੇ ਵਧਾਉਂਦਿਆਂ ਉਨ੍ਹਾਂ ਦੇ ਪਰਿਵਾਰ ਅਤੇ ਪੰਜਾਬ ਭਰ ਦੇ ਸਾਹਿਤ ਪ੍ਰੇਮੀਆਂ ਵੱਲੋਂ ਸਮੇਂ-ਸਮੇਂ ‘ਤੇ ਅਨੇਕਾਂ ਕੀਮਤੀ ਕਿਤਾਬਾਂ ਲਾਇਬਰੇਰੀ ਨੂੰ ਭੇਂਟ ਕੀਤੀਆਂ ਜਾਂਦੀਆਂ ਰਹੀਆਂ ਹਨ। ਇਸ ਲੜੀ ਨੂੰ ਹੋਰ ਮਜ਼ਬੂਤ ਕਰਦਿਆਂ ਅੱਜ ਸੁਖਜੀਤ ਦੀ ਧਰਮ ਪਤਨੀ ਗੁਰਦੀਪ ਕੌਰ ਅਤੇ ਬੇਟੀ ਜਪਜੀ ਵੱਲੋਂ ਲਾਇਬਰੇਰੀ ਨੂੰ 1100 ਕਿਤਾਬਾਂ ਦਾ ਵਿਸ਼ਾਲ ਸੈੱਟ ਭੇਂਟ ਕੀਤਾ ਗਿਆ। ਇਹ ਯੋਗਦਾਨ ਨਾ ਸਿਰਫ਼ ਲਾਇਬਰੇਰੀ ਦੇ ਖ਼ਜ਼ਾਨੇ ਵਿੱਚ ਵਾਧਾ ਕਰੇਗਾ, ਸਗੋਂ ਨੌਜਵਾਨ ਪੀੜ੍ਹੀ ਨੂੰ ਸਾਹਿਤ ਨਾਲ ਜੋੜਨ ਵਿੱਚ ਵੀ ਅਹਿਮ ਭੂਮਿਕਾ ਨਿਭਾਏਗਾ। ਸਾਹਿਤ ਪ੍ਰੇਮੀਆਂ ਨੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਕਿਤਾਬਾਂ ਦਾ ਇਹ ਅਨਮੋਲ ਤੋਹਫ਼ਾ ਸੁਖਜੀਤ ਦੇ ਸੁਪਨੇ ਨੂੰ ਹੋਰ ਅੱਗੇ ਲੈ ਕੇ ਜਾਵੇਗਾ। ਉਨ੍ਹਾਂ ਕਿਹਾ ਕਿ ਜਦੋਂ ਵੀ ਕੋਈ ਪਾਠਕ ਇਸ ਲਾਇਬਰੇਰੀ ਵਿੱਚ ਆ ਕੇ ਕਿਤਾਬਾਂ ਦਾ ਅਧਿਐਨ ਕਰੇਗਾ, ਉਸ ਨੂੰ ਸੁਖਜੀਤ ਦੀ ਸਾਹਿਤਕ ਸੋਚ ਅਤੇ ਸਮਾਜ ਪ੍ਰਤੀ ਉਨ੍ਹਾਂ ਦੀ ਵਚਨਬੱਧਤਾ ਦਾ ਅਹਿਸਾਸ ਜ਼ਰੂਰ ਹੋਵੇਗਾ। ਇਸ ਤਰ੍ਹਾਂ ਸੁਖਜੀਤ ਦਾ ਨਾਮ ਅਤੇ ਉਨ੍ਹਾਂ ਦੀ ਸਾਹਿਤਕ ਵਿਰਾਸਤ ਆਉਣ ਵਾਲੀਆਂ ਪੀੜ੍ਹੀਆਂ ਲਈ ਹਮੇਸ਼ਾ ਪ੍ਰੇਰਣਾ ਦਾ ਸਰੋਤ ਬਣੀ ਰਹੇਗੀ।


