Home » Uncategorized » ਕਾਂਗਰਸ ਦੇ ਅਸੈਂਬਲੀ ਮੈਂਬਰਾਂ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਪੇਸ਼ ਹੋਣ ਸਮੇਂ ਜੂਨ 1984 ਦੇ ਘੱਲੂਘਾਰੇ ਦੀ ਮਾਫੀ ਨਾ ਮੰਗਣ ‘ਤੇ ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਦੇ ਨਾਮ ਨੂੰ ਭੇਜਿਆ ਸ਼ਿਕਾਇਤ ਪੱਤਰ : ਫੈਡਰੇਸ਼ਨ ਆਗੂ ਡਾ. ਭਗਵਾਨ ਸਿੰਘ/ .ਸ. ਸਰਬਜੀਤ ਸਿੰਘ ਸੋਹਨ

ਕਾਂਗਰਸ ਦੇ ਅਸੈਂਬਲੀ ਮੈਂਬਰਾਂ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਪੇਸ਼ ਹੋਣ ਸਮੇਂ ਜੂਨ 1984 ਦੇ ਘੱਲੂਘਾਰੇ ਦੀ ਮਾਫੀ ਨਾ ਮੰਗਣ ‘ਤੇ ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਦੇ ਨਾਮ ਨੂੰ ਭੇਜਿਆ ਸ਼ਿਕਾਇਤ ਪੱਤਰ : ਫੈਡਰੇਸ਼ਨ ਆਗੂ ਡਾ. ਭਗਵਾਨ ਸਿੰਘ/ .ਸ. ਸਰਬਜੀਤ ਸਿੰਘ ਸੋਹਨ

ਚੰਡੀਗੜ੍ਹ 4 ਜੁਲਾਈ (ਮੰਗਤ ਸਿੰਘ ਸੈਦਪੁਰ) : ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਾਬਕਾ ਕਾਰਜਕਾਰੀ ਪ੍ਰਧਾਨ ਡਾ. ਭਗਵਾਨ ਸਿੰਘ ਅਤੇ ਜਨਰਲ ਸਕੱਤਰ ਇੰਜੀਨੀਅਰ ਸਰਬਜੀਤ ਸਿੰਘ ਸੋਹਲ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਉਤੇ 29 ਜੂਨ ਨੂੰ ਹੋਈ ਵੱਡੀ ਕੁਤਾਹੀ ਵੱਲ ਧਿਆਨ ਦਿਵਾਉਂਦਿਆਂ ਇਕ ਲਿਖਤੀ ਸ਼ਿਕਾਇਤ ਪੱਤਰ ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਸਾਹਿਬ ਦੇ ਨਾਮ ਭੇਜਿਆ ਹੈ। ਇਹ ਪੱਤਰ ਈ-ਮੇਲ ਰਾਹੀਂ ਭੇਜਣ ਤੋਂ ਬਾਅਦ ਪ੍ਰੈੱਸ ਨੂੰ ਜਾਰੀ ਕੀਤਾ ਗਿਆ। ਬਾਦਲ ਵਿੱਚ ਇਹ ਪੱਤਰ ਦਸਤੀ ਵੀ ਹੈੱਡ ਗ੍ਰੰਥੀ ਸਾਹਿਬ ਦਫਤਰ ਤੱਕ ਪਹੁੰਚਾਇਆ ਜਾਵੇਗਾ। ਉਸ ਸ਼ਿਕਾਇਤ ਪੱਤਰ ਦਾ ਮੂਲ ਪਾਠ ਇਸ ਤਰਾਂ ਹੈ।  ਸਿੱਖਾਂ ਦੇ ਮਹਾਨ ਅਸਥਾਨ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿੱਚ ਉਸ ਉੱਚ ਸਥਾਨ ‘ਤੇ ਸ਼ਸ਼ੋਭਿਤ ਹੋ, ਜਿਥੇ ਪਹਿਲੇ ਗ੍ਰੰਥੀ ਵਜੋਂ ਧੰਨ ਬਾਬਾ ਬੁੱਢਾ ਜੀ ਸੇਵਾ ਨਿਭਾ ਚੁੱਕੇ ਹਨ। ਜਦੋਂ ਵੀ ਪੰਥ ਵਿੱਚ ਮਰਿਆਦਾ ਤੋਂ ਉਲਟ ਕੋਈ ਘਟਨਾ ਵਾਪਰਦੀ ਹੈ ਤਾਂ ਪੰਥ ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਸਾਹਿਬ ਵੱਲ ਹੀ ਵੇਖਦਾ ਹੈ ਕਿ ਉਹ ਮਰਿਆਦਾ ਦੀ ਬਹਾਲੀ ਲਈ ਪੁਰਜ਼ੋਰ ਯਤਨ ਕਰਨਗੇ। ਇਸੇ ਸੋਚ ਤਹਿਤ ਆਪ ਜੀ ਦਾ ਧਿਆਨ ਇਕ ਬਹੁਤ ਹੀ ਜਰੂਰ ਮਸਲੇ ਵੱਲ ਦਿਵਾਉਣ ਜਾ ਰਹੇ ਹਾਂ। ਤਾਂ ਜੋ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਦੀ ਹੋਈ ਇਸ ਘੋਰ ਉਲੰਘਣਾ ਦਾ ਨੋਟਿਸ ਲੈ ਕੇ ਇਸਦੀ ਬਹਾਲੀ ਕਰਵਾਈ ਜਾ ਸਕੇ। ਸ੍ਰੀ ਅਕਾਲ ਤਖਤ ਸਾਹਿਬ ਮੀਰੀ ਪੀਰੀ ਦਾ ਸਰਵਉੱਚ ਸਥਾਨ ਹੈ, ਜਿਸਨੂੰ ਗੁਰੂ ਹਰਿਗੋਬਿੰਦ ਸਾਹਿਬ ਪਾਤਸ਼ਾਹ ਨੇ ਆਪਣੀ ਦੇਖ-ਰੇਖ ਹੇਠ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਵਰਗੇ ਪੂਰਨ ਗੁਰਸਿੱਖਾਂ ਦੇ ਹੱਥੋਂ ਬਣਵਾਇਆ ਸੀ। ਉਸਾਰੀ ਦੇ ਨਾਲ-ਨਾਲ ਇਸ ਦੀਆਂ ਮਹਾਨ ਰਵਾਇਤਾਂ ਵੀ ਵਡਯੋਧੇ ਬਹੁ-ਪਰਉਪਕਾਰੀ ਮਹਾਨ ਗੁਰੂ ਨੇ ਵਰੋਸਾਈਆਂ ਹਨ। ਉਹਨਾਂ ਰਵਾਇਤਾਂ ‘ਤੇ ਸਿੱਖ ਧੁਰ ਤੋਂ ਹੀ ਪਹਿਰਾ ਦਿੰਦੇ ਆ ਰਹੇ ਹਨ। ਜਦੋਂ ਵੀ ਕੋਈ ਸਿੱਖ ਇਸ ਰੱਬੀ ਤਖਤ ਦੀ ਅਗਵਾਈ ਹੇਠ ਜੁੜੇ ਇਕੱਠ ਵਿੱਚ ਸ਼ਾਮਲ ਹੁੰਦਾ ਹੈ ਤਾਂ ਉਹ ਪਹਿਲਾਂ ਆਪਣੇ ਵੱਲੋਂ ਕੀਤੀ ਹੋਈ ਕਿਸੇ ਵੀ ਸਿੱਖ ਵਿਰੋਧੀ ਕਾਰਵਾਈ ਲਈ ਮਾਫੀ ਮੰਗ ਕੇ ਤਨਖਾਹ ਲਵਾਉਂਦਾ ਹੈ। ਜਿਸ ਦੀਆਂ ਇਤਿਹਾਸ ਵਿੱਚ ਕਈ ਮਿਸਾਲਾਂ ਹਨ। ਜਿਵੇਂ 1733 ਦੀ ਵਿਸਾਖੀ ਨੂੰ ਹੋਏ ਇਕੱਠ ਵਿੱਚ ਸ਼ਾਮਲ ਸਿੰਘਾਂ ਕੋਲ ਜਦੋਂ ਨਵਾਬੀ ਦੀ ਪੇਸ਼ਕਸ਼ ਆਈ ਸੀ ਤਾਂ ਇਹ ਪੇਸ਼ਕਸ਼ ਲੈ ਕੇ ਆਉਣ ਵਾਲੇ ਭਾਈ ਸ਼ਾਹਬੇਗ ਸਿੰਘ ਨੂੰ ਸਰਕਾਰ ਦਾ ਮਿਲਵਰਤਨੀਆਂ ਹੋਣ ਕਰਕੇ ਪਹਿਲਾਂ ਤਨਖਾਹ ਲਾਈ ਗਈ ਸੀ, ਫਿਰ ਉਹਨਾਂ ਦੀ ਗੱਲ ਸੁਣੀ ਗਈ। ਏਸੇ ਤਰਾਂ 14 ਨਵੰਬਰ 1920 ਵਿੱਚ ਹੋਏ ਸਰਬੱਤ ਖਾਲਸਾ ਵੇਲੇ ਵੀ ਸੰਤ ਤੇਜਾ ਸਿੰਘ ਨੂੰ ‘ਸੰਤ’ ਕਹਾਉਣ ਕਰਕੇ ਅਤੇ ਸ ਸੁੰਦਰ ਸਿੰਘ ਮਜੀਠੀਆ ਨੂੰ ‘ਸਰਕਾਰ ਦਾ ਮਿਲਵਰਤਨੀਆ’ ਹੋਣ ਕਰਕੇ ਭਰੇ ਇਕੱਠ ਵਿੱਚ ਮਾਫੀ ਮੰਗਣੀ ਪਈ ਸੀ। ਉਸਤੋਂ ਬਾਦ ਭਾਵੇਂ ਭਾਈ ਤੇਜਾ ਸਿੰਘ ਨੂੰ ਪੰਜ ਪਿਆਰਿਆਂ ਵਿੱਚ ਅਤੇ ਸ ਸੁੰਦਰ ਸਿੰਘ ਮਜੀਠੀਆ ਨੂੰ ਨਵੀਂ ਬਣੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਚੁਣ ਲਿਆ ਗਿਆ ਸੀ। ਸਾਡੇ ਸਮਿਆਂ ਵਿੱਚ ਸਭ ਤੋਂ ਵੱਡਾ ਗੁਨਾਹ ਕਾਂਗਰਸ ਸਰਕਾਰ ਨੇ ਜੂਨ 1984 ਵਿੱਚ ਕੀਤਾ ਸੀ, ਜਦੋਂ ਇਸ ਦਰਗਾਹੀ ਤਖਤ ਨੂੰ ਤੋਪਾਂ ਟੈਂਕਾਂ ਨਾਲ ਢਹਿ-ਢੇਰੀ ਕਰ ਦਿੱਤਾ ਗਿਆ। ਉਸ ਘੱਲੂਘਾਰੇ ਵਿੱਚ ਹਜਾਰਾਂ ਸਿੰਘ ਸਿੰਘਣੀਆਂ ਅਤੇ ਬੱਚਿਆਂ ਨੂੰ ਸ਼ਹੀਦ ਕਰਨ ਦੇ ਨਾਲ-ਨਾਲ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅੰਤ ਬੀੜਾਂ ਦੀ ਵੀ ਘੋਰ ਬੇਅਦਬੀ ਹੋਈ। ਜਿਸ ਦੀ ਯਾਦ ਵਿੱਚ ਕੌਮ ਪਿਛਲੇ ਚਾਰ ਦਹਾਕਿਆਂ ਤੋਂ ਲਹੂ ਦੇ ਅੱਥਰੂ ਵਹਾ ਰਹੀ ਹੈ। ਮੈਂ ਉਸ ਘੱਲੂਘਾਰੇ ਦਾ ਚਸ਼ਮਦੀਦ ਗਵਾਹ ਹਾਂ। ਉਸ ਮਹਾਂ-ਪਾਪ ਬਦਲੇ ਅਜੇ ਤੱਕ ਕਾਂਗਰਸ ਪਾਰਟੀ ਨੇ ਜਨਤਕ ਤੌਰ ‘ਤੇ ਕਦੇ ਵੀ ਮਾਫੀ ਨਹੀ ਮੰਗੀ। ਪਿਛਲੇ ਦਿਨੀ 29 ਜੂਨ ਨੂੰ ਸ੍ਰੀ ਅਕਾਲ ਤਖਤ ਸਾਹਿਬ ‘ਤੇ ਜਦੋਂ ਪੰਜਾਬ ਵਿਧਾਨ ਸਭਾ ਦੇ ਸਾਰੇ ਮੈਂਬਰਾਂ ਨੂੰ ਬੁਲਾਇਆ ਗਿਆ ਸੀ ਤਾਂ ਕਾਂਗਰਸ ਪਾਰਟੀ ਦੇ ਅਧਿਕਾਰਤ ਮੈਂਬਰਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਸਕੱਤਰੇਤ ਵਿੱਚ ਦਾਖਲ ਹੋਣ ਤੋਂ ਪਹਿਲਾਂ ਆਪਣੀ ਪਾਰਟੀ ਦੇ ਉਸ ਬੱਜਰ ਗੁਨਾਹ ਦੀ ਮਾਫੀ ਮੰਗਣੀ ਚਾਹੀਦੀ ਸੀ। ਫਿਰ ਹੀ ਉਹਨਾਂ ਨੂੰ ਸਕੱਤਰੇਤ ਵਿੱਚ ਦਾਖਲ ਹੋਣ ਦੇਣਾ ਚਾਹੀਦਾ ਸੀ। ਪਰ ਇਸ ਬਾਰੇ ਅਜੇ ਤੱਕ ਨਾ ਤਾਂ ਕਾਂਗਰਸੀ ਮੈਂਬਰਾਂ ਨੇ ਅਤੇ ਨਾ ਹੀ ਪੰਜ ਸਿੰਘ ਸਾਹਿਬਾਨ ਨੇ ਸਪੱਸ਼ਟ ਕੀਤਾ ਹੈ ਕਿ ਉਸ ਕਾਰਵਾਈ ਵਿੱਚ ਹਿੱਸਾ ਲੈਣ ਤੋਂ ਪਹਿਲਾਂ ਉਹਨਾਂ ਨੇ ਪੰਜ ਸਿੰਘ ਸਾਹਿਬਾਨ ਅੱਗੇ ਪੇਸ਼ ਹੋ ਕੇ ਮਾਫੀ ਮੰਗ ਲਈ ਸੀ ਜਾਂ ਨਹੀਂ। ਜੇ ਨਹੀਂ ਮੰਗੀ ਗਈ ਤਾਂ, ਰਵਾਇਤਾਂ ਨੂੰ ਭੰਗ ਕਰਕੇ ਵਿਧਾਨ ਸਭਾ ਵਾਂਗ ਉਹਨਾਂ ਮੈਬਰਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਉੱਤੇ ਲੰਬੇ ਭਾਸ਼ਣ ਦੇਣ ਦੀ ਆਗਿਆ ਕਿਸ ਮਰਿਆਦਾ ਤਹਿਤ ਦਿੱਤੀ ਗਈ? ਜਦਕਿ  ਮਰਿਆਦਾ ਦੀ ਰਾਖੀ ਕਰਨਾ ਪੰਜ ਸਿੰਘ ਸਾਹਿਬਾਨ ਦਾ ਮੁੱਢਲਾ ਫਰਜ ਹੈ। ਸੰਗਤਾਂ ਨੂੰ ਪ੍ਰੰਪਰਾਵਾਂ ਦੀ ਇਸ ਘੋਰ ਅਵੱਗਿਆ ਦਾ ਜਵਾਬ ਮੰਗਣ ਦਾ ਪੂਰਾ ਹੱਕ ਹੈ। ਕਿਉਂਕਿ ਮੀਰੀ ਪੀਰੀ ਦੇ ਇਸ ਤਖਤ ਦੀਆਂ ਅਸਲ ਕਸਟੋਡੀਅਨ ਗੁਰੂ ਦੀਆਂ ਸੰਗਤਾਂ ਹੀ ਹਨ। ਗੁਰੂ ਦੀ ਸੰਗਤ ਦਾ ਇਕ ਜਾਗਰੂਕ ਹਿੱਸਾ ਹੋਣ ਕਰਕੇ ਅਸੀਂ ਆਪਣੀ ਜਿੰਮੇਵਾਰੀ ਸਮਝਦੇ ਹੋਏ ਇਸ ਵੱਡੀ ਕੁਤਾਹੀ ਨੂੰ ਆਪ ਜੀ ਦੇ ਧਿਆਨ ਵਿੱਚ ਲਿਆ ਰਹੇ ਹਾਂ। ਅਸੀਂ ਆਸ ਕਰਦੇ ਹਾਂ ਕਿ ਗੁਰਮਰਿਆਦਾ ਨੂੰ ਧਿਆਨ ਵਿੱਚ ਰੱਖਦੇ ਹੋਏ ਆਪ ਜੀ ਆਪਣਾ ਇਤਿਹਾਸਕ ਰੋਲ ਅਦਾ ਕਰਕੇ ਇਸ ਅਵੱਗਿਆ ਦੇ ਜਿੰਮੇਵਾਰਾਂ ਨੂੰ ਸੰਗਤਾਂ ਸਾਹਮਣੇ ਜਵਾਬਦੇਹ ਬਣਾਉਗੇ। ਤਾਂ ਜੋ ਸ੍ਰੀ ਦਰਬਾਰ ਅਤੇ ਮੀਰੀ ਪੀਰੀ ਦੇ ਤਖਤ ਦੀਆਂ ਸ਼ਾਨਾਂ ਹਮੇਸ਼ਾਂ ਬਣੀਆਂ ਰਹਿਣ।

Leave a Reply

Your email address will not be published. Required fields are marked *

ਕੌਮੀ ਇਨਸਾਫ ਮੋਰਚੇ ਵੱਲੋਂ 28 ਜੁਲਾਈ ਨੂੰ ਸਾਰੀਆਂ ਪੰਥਕ, ਕਿਸਾਨ ਜਥੇਬੰਦੀਆਂ, ਪੰਥ ਪੰਜਾਬ ਦਰਦੀ ਸ਼ਖਸ਼ੀਅਤਾਂ ਨੂੰ ਕਿਸਾਨ ਭਵਨ ‘ਚ 11 ਵਜੇ ਨੁਮਾਇੰਦਾ ਮੀਟਿੰਗ ਵਿੱਚ ਪੁੱਜਣ ਦੀ ਕੀਤੀ ਅਪੀਲ : ਸਰਪ੍ਰਸਤ ਬਾਪੂ ਗੁਰਚਰਨ ਸਿੰਘ/ਮੁੱਖ ਬੁਲਾਰਾ ਗੁਰਦੀਪ ਸਿੰਘ ਬਠਿੰਡਾ