ਨਬਾਲਿਗ ਬੱਚੀ ਵੱਲੋਂ ਵਿਰੋਧ ਕਰਨ ‘ਤੇ ਮੁਲਜਮ ਕਰਦਾ ਸੀ ਕੁੱਟਮਾਰ ਅਤੇ ਉਸ ਦੇ ਪਿਤਾ ਨੂੰ ਕੈਨੇਡਾ ਬੈਠੇ ਗੈਂਗਸਟਰ ਤੋਂ ਮਰਵਾਉਣ ਦੀਆਂ ਦਿੰਦਾ ਸੀ ਧਮਕੀਆਂ…
ਮੁਲਜ਼ਮ ਨੇ ਸਰਕਾਰੇ-ਦਰਬਾਰੇ ਪਹੁੰਚ ਹੋਣ ਕਰਕੇ ਪਹਿਲਾਂ ਉਸ ਦਾ ਹੱਸਦਾ ਵੱਸਦਾ ਘਰ ਕੀਤਾ ਬਰਬਾਦ ਹੁਣ ਨਬਾਲਿਗ ਧੀ ‘ਤੇ ਵੀ ਸ਼ੁਰੂ ਕੀਤੀ ਮਾੜੀ ਨੀਅਤ ਰੱਖਣੀ : ਪਿਤਾ ਪਰਮਿੰਦਰ ਸਿੰਘ ਬੀਰਮੀ
ਸਾਹਿਬਜ਼ਾਦਾ ਅਜੀਤ ਸਿੰਘ ਨਗਰ 18 ਮਈ (ਮੰਗਤ ਸਿੰਘ ਸੈਦਪੁਰ) : ਹੋਮਲੈਂਡ ਹਾਈਟਸ’ ਸੈਕਟਰ -70 ਮੋਹਾਲੀ ਵਿਖੇ ਵਿੱਚ ਇੱਕ ਬੇਹੱਦ ਸੰਵੇਦਨਸ਼ੀਲ ਤੇ ਹਾਈ-ਪ੍ਰੋਫਾਈਲ ਮਾਮਲਾ ਸਾਹਮਣੇ ਆਇਆ ਹੈ। ਜਿਸ ਦੌਰਾਨ ਇੱਕ ਸਾਢੇ 14 ਸਾਲ ਦੀ ਨਾਬਾਲਗ ਕੁੜੀ ਨਾਲ ਜਿਣਸੀ ਸ਼ੋਸ਼ਣ, ਬੰਧਕ ਬਣਾ ਕੇ ਬੇਰਹਿਮੀ ਨਾਲ ਕੁੱਟਮਾਰ ਕਰਨ ਅਤੇ ਗੈਂਗਸਟਰਾਂ ਤੋਂ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦਾ ਬਹੁਤ ਘਿਨਾਉਣੀ ਘਟਨਾਵਾਂ ਦੇ ਦੋਸ਼ਾਂ ਤਹਿਤ ਮਟੌਰ ਥਾਣਾ ਪੁਲਿਸ ਨੇ ਪੀੜਤ ਕੁੜੀ ਦੇ ਪਿਤਾ ਪਰਮਿੰਦਰ ਸਿੰਘ (ਵਾਸੀ ਪਿੰਡ ਬੀਰਮੀ, ਲੁਧਿਆਣਾ) ਦੀ ਸ਼ਿਕਾਇਤ ‘ਤੇ, ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹਲਕਾ ਦਾਖਾ ਦੇ ਇੰਚਾਰਜ ਜਸਕਰਨਜੀਤ ਸਿੰਘ ਦਿਓਲ ਖ਼ਿਲਾਫ਼ ਬਲਾਤਕਾਰ, ਅਗਵਾ ਅਤੇ ਪੋਕਸੋ ਐਕਟ ਦੀਆਂ ਸੰਗੀਨ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ। ਸ਼ਿਕਾਇਤ ਵਿੱਚ ਦੱਸਿਆ ਗਿਆ ਹੈ ਕਿ ਮੁਲਜ਼ਮ ਵੱਲੋ ਜਦੋਂ ਨਾਬਾਲਗ ਕੁੜੀ ਨੂੰ ਸਕੂਲ ਦੇ ਹੋਸਟਲ ਤੋਂ ਘਰ ਵਾਪਸ ਲਿਆਂਦਾ ਜਾ ਰਿਹਾ ਸੀ, ਤਾਂ ਮੁਲਜ਼ਮ ਉਸ ਨੂੰ ਘਰ ਲਿਜਾਣ ਦੀ ਬਜਾਏ ਜ਼ਬਰਦਸਤੀ ਇੱਕ ਹੋਟਲ ਵਿੱਚ ਲੈ ਗਿਆ, ਜਿੱਥੇ ਉਸ ਨੇ ਮਾਸੂਮ ਕੁੜੀ ਨਾਲ ਅਸ਼ਲੀਲ ਹਰਕਤਾਂ ਕਰਦਿਆਂ ਉਸ ਦਾ ਜਿਣਸੀ ਸ਼ੋਸ਼ਣ ਕੀਤਾ। ਕੁੜੀ ਵੱਲੋਂ ਵਿਰੋਧ ਕਰਨ ‘ਤੇ ਮੁਲਜ਼ਮ ਨੇ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਅਤੇ ਧਮਕਾਇਆ ਕਿ ਜੇਕਰ ਕਿਸੇ ਨੂੰ ਦੱਸਿਆ ਤਾਂ ਉਹ ਉਸ ਦੇ ਪਿਤਾ ਨੂੰ ਕੈਨੇਡਾ ਬੈਠੇ ਗੈਂਗਸਟਰਾਂ ਤੋਂ ਮਰਵਾ ਦੇਵੇਗਾ। ਮੁਲਜ਼ਮ ਦੇ ਡਰ ਅਤੇ ਤਸ਼ੱਦਦ ਤੋਂ ਤੰਗ ਆ ਕੇ 9 ਮਈ ਨੂੰ ਪੀੜਤ ਕੁੜੀ ਕਿਸੇ ਤਰ੍ਹਾਂ ਆਪਣੇ ਪਿਤਾ ਕੋਲ ਪਹੁੰਚੀ ਅਤੇ ਰੋਂਦੇ ਹੋਏ ਸਾਰੀ ਹੱਡਬੀਤੀ ਸੁਣਾਈ। ਹੈਰਾਨੀਜਨਕ ਖੁਲਾਸਾ ਕਰਦਿਆਂ ਸ਼ਿਕਾਇਤਕਰਤਾ ਪਿਤਾ ਪਰਮਿੰਦਰ ਸਿੰਘ ਨੇ ਦੱਸਿਆ ਕਿ ਉਸ ਦੀ ਨਾਬਾਲਗ ਧੀ ਨੇ ਉਸ ਨੂੰ ਜਾਣਕਾਰੀ ਦਿੱਤੀ ਸੀ ਕਿ ਉਸ ਦੀ ਮਾਂ ਅਤੇ ਜਸਕਰਨਜੀਤ ਸਿੰਘ ਦਿਓਲ ਦੇ ਕਥਿਤ ਨਾਜਾਇਜ਼ ਸੰਬੰਧਾਂ ਕਾਰਨ ਇੱਕ ਬੱਚੀ ਦਾ ਜਨਮ ਹੋਇਆ ਸੀ। ਜਿਸ ਨੂੰ ਸਮਾਜ ਤੋਂ ਲੁਕਾ ਕੇ ਰੱਖਿਆ ਗਿਆ। ਸ਼ਿਕਾਇਤਕਰਤਾ ਨੇ ਇਹ ਵੀ ਦੋਸ਼ ਲਾਏ ਹਨ ਕਿ ਨਾ ਤਾਂ ਜਸਕਰਨਜੀਤ ਸਿੰਘ ਦਿਓਲ ਦਾ ਆਪਣੀ ਪਤਨੀ ਨਾਲ ਕਾਨੂੰਨੀ ਤੌਰ ‘ਤੇ ਤਲਾਕ ਹੋਇਆ ਹੈ ਅਤੇ ਨਾ ਹੀ ਪੀੜਤ ਲੜਕੀ ਦੀ ਮਾਂ ਦਾ ਮੇਰੇ (ਪਰਮਿੰਦਰ ਸਿੰਘ)ਨਾਲ ਡਿਵੋਰਸ ਹੋਇਆ ਹੈ।ਜ਼ਿਕਰਯੋਗ ਹੈ ਕਿ ਜਿਸ ਔਰਤ ਨਾਲ ਦਿਓਲ ਕਥਿਤ ਗੈਰ-ਕਾਨੂੰਨੀ ਤੌਰ ‘ਤੇ ਰਹਿ ਰਿਹਾ ਸੀ, ਉਹ ਹਲਕਾ ਦਾਖਾ ਦੇ ਪਿੰਡ ਬੀਰਮੀ ਦੀ ਹੈ ਅਤੇ ਉਸ ਦੇ ਦੋ ਬੱਚੇ ਹਨ। ਦੂਜੇ ਪਾਸੇ, ਮੁਲਜ਼ਮ ਜਸਕਰਨ ਦਿਓਲ ਦੀ ਆਪਣੀ ਪਤਨੀ (ਜਿਸ ਤੋਂ ਉਸ ਦੇ ਦੋ ਬੱਚੇ ਹਨ) ਉਹ ਵੀ ਹਲਕਾ ਦਾਖਾ ਦੇ ਹੀ ਪਿੰਡ ਸਹੌਲੀ ਦੀ ਰਹਿਣ ਵਾਲੀ ਹੈ। ਇਸ ਤੋਂ ਬਾਅਦ ਪਿਤਾ ਪਰਮਿੰਦਰ ਸਿੰਘ ਵੱਲੋਂ ਪੁਲਿਸ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ। ਮਟੌਰ ਥਾਣਾ ਪੁਲਿਸ ਨੇ ਭਾਰਤੀ ਨਿਆ ਸੰਹਿਤਾ ਅਤੇ ਪੋਕਸੋ ਐਕਟ ਦੀ ਧਾਰਾ 6 ਤਹਿਤ ਮਾਮਲਾ ਦਰਜ ਕਰਦੇ ਹੋਏ ਤੁਰੰਤ ਕਾਰਵਾਈ ਕਰਕੇ ਮੁਲਜ਼ਮ ਜਸਕਰਨਜੀਤ ਸਿੰਘ ਦਿਓਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ।..ਐਫ.ਆਈ.ਆਰ. ਮੁਤਾਬਕ ਪਿਤਾ ਨੇ ਦੋਸ਼ ਲਗਾਇਆ ਕਿ ਮੁਲਜ਼ਮ ਜਸਕਰਨਜੀਤ ਸਿੰਘ ਦਿਓਲ ਨੇ ਪਹਿਲਾਂ ਪਰਿਵਾਰ ਦੇ ਭਰੋਸੇ ਦਾ ਨਾਜਾਇਜ਼ ਫਾਇਦਾ ਉਠਾ ਕੇ ਉਸ ਦੀ ਪਤਨੀ ਨੂੰ ਆਪਣੇ ਜਾਲ ਵਿੱਚ ਫਸਾਇਆ ਅਤੇ ਉਸ ਨਾਲ ਨਜਾਇਜ਼ ਸੰਬੰਧ ਬਣਾ ਲਏ। ਇਸ ਤੋਂ ਬਾਅਦ ਉਹ ਅਕਤੂਬਰ 2024 ਵਿੱਚ ਉਹਨਾਂ ਨੂੰ ਵਰਗਲਾ ਕੇ ਮੋਹਾਲੀ ਦੇ ਇੱਕ ਫਲੈਟ ਵਿੱਚ ਲੈ ਆਇਆ, ਜਿੱਥੇ ਉਸ ਦੀਆਂ ਦੋਵੇਂ ਧੀਆਂ ਵੀ ਰਹਿ ਰਹੀਆਂ ਸਨ। ਪਿਤਾ ਅਨੁਸਾਰ ਮੁਲਜ਼ਮ ਨੇ ਪਹਿਲਾਂ ਉਸ ਦਾ ਹੱਸਦਾ-ਖੇਡਦਾ ਘਰ ਬਰਬਾਦ ਕੀਤਾ ਅਤੇ ਫਿਰ ਉਸ ਦੀ ਨਾਬਾਲਗ ਧੀ ‘ਤੇ ਵੀ ਮਾੜੀ ਨੀਅਤ ਰੱਖਣੀ ਸ਼ੁਰੂ ਕਰ ਦਿੱਤੀ। ਇਸ ਮਾਮਲੇ ਨੂੰ ਲੈ ਕੇ ਹੋਰ ਕੀ ਖੁਲਾਸੇ ਹੋਣਗੇ ਫਿਲਹਾਲ ਇਸ ਬਾਰੇ ਤਾਂ ਕੁਝ ਨਹੀਂ ਕਿਹਾ ਜਾ ਸਕਦਾ। ਪਰੰਤੂ ਇਸ ਸੰਗੀਨ ਘਟਨਾ ਨੂੰ ਲੈ ਕੇ ਵੱਡੇ ਪੱਧਰ ਤੇ ਅਕਾਲੀ ਦਲ ਬਾਦਲ ਦੀ ਸ਼ਾਖ ਨੂੰ ਵੀ ਵੱਡੇ ਪੱਧਰ ‘ਤੇ ਨੁਕਸਾਨ ਕੁਝ ਪੁਜਣਾ ਸੰਭਵ ਜਾਪਦਾ ਹੈ ਕਿਉਂਕਿ ਅਕਾਲੀ ਦਲ ਬਾਦਲ ਦੇ ਕਈ ਲੀਡਰ ਇਹੋ ਜਿਹੇ ਘਿਨਾਉਣੇ ਕਾਰਨਾਮਿਆਂ ਵਿੱਚ ਪਹਿਲਾਂ ਵੀ ਫੱਸ ਚੁੱਕੇ ਹਨ।


