ਚੰਡੀਗੜ੍ਹ, 9 ਮਈ (ਮੰਗਤ ਸਿੰਘ ਸੈਦਪੁਰ) : ਕੇਂਦਰੀ ਸ੍ਰੀ ਗੁਰੂ ਸਿੰਘ ਸਭਾ, ਚੰਡੀਗੜ੍ਹ ਵੱਲੋਂ ਪ੍ਰਸਿੱਧ ਇਤਿਹਾਸਕਾਰ, ਗ਼ਦਰ ਲਹਿਰ ਦੇ ਅਣਥੱਕ ਖੋਜੀ ਅਤੇ ਪੰਜਾਬ ਦੇ ਬੌਧਿਕ ਜਗਤ ਦੀ ਮਾਣਯੋਗ ਹਸਤੀ ਪ੍ਰੋ. ਮਲਵਿੰਦਰਜੀਤ ਸਿੰਘ ਵੜੈਚ ਦੇ ਅਕਾਲ ਚਲਾਣੇ ’ਤੇ ਗਹਿਰੇ ਦੁੱਖ ਅਤੇ ਸੋਗ ਦਾ ਪ੍ਰਗਟਾਵਾ ਕੀਤਾ ਗਿਆ ਹੈ। ਸਭਾ ਦੇ ਪ੍ਰਧਾਨ ਪ੍ਰੋ. ਸ਼ਾਮ ਸਿੰਘ ਅਤੇ ਜਨਰਲ ਸਕੱਤਰ ਡਾ. ਖੁਸ਼ਹਾਲ ਸਿੰਘ ਨੇ ਆਪਣੇ ਸੰਯੁਕਤ ਬਿਆਨ ਵਿੱਚ ਕਿਹਾ ਕਿ ਪ੍ਰੋ. ਮਲਵਿੰਦਰਜੀਤ ਸਿੰਘ ਵੜੈਚ ਨੇ ਆਪਣੀ ਸਮੁੱਚੀ ਜ਼ਿੰਦਗੀ ਗ਼ਦਰੀ ਬਾਬਿਆਂ, ਪੰਜਾਬ ਦੇ ਆਜ਼ਾਦੀ ਸੰਗਰਾਮ ਅਤੇ ਲੋਕ ਇਤਿਹਾਸ ਦੀ ਖੋਜ ਅਤੇ ਸੰਭਾਲ ਲਈ ਸਮਰਪਿਤ ਕੀਤੀ। ਉਹ ਨਾ ਸਿਰਫ਼ ਇਕ ਵਿਦਵਾਨ ਇਤਿਹਾਸਕਾਰ ਸਨ, ਸਗੋਂ ਨੌਜਵਾਨ ਪੀੜ੍ਹੀ ਨੂੰ ਆਪਣੇ ਵਿਰਸੇ ਅਤੇ ਇਨਕਲਾਬੀ ਇਤਿਹਾਸ ਨਾਲ ਜੋੜਨ ਵਾਲੇ ਪ੍ਰੇਰਕ ਵੀ ਸਨ। ਉਨ੍ਹਾਂ ਕਿਹਾ ਕਿ ਪ੍ਰੋ. ਵੜੈਚ ਦੀਆਂ ਖੋਜਾਂ ਅਤੇ ਲਿਖਤਾਂ ਨੇ ਗ਼ਦਰ ਲਹਿਰ ਦੇ ਇਤਿਹਾਸ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ਉਨ੍ਹਾਂ ਦੇ ਅਕਾਲ ਚਲਾਣੇ ਨਾਲ ਪੰਜਾਬ ਦੇ ਇਤਿਹਾਸਕ ਅਤੇ ਬੌਧਿਕ ਖੇਤਰ ਨੂੰ ਇਕ ਅਪੂਰਨਯੋਗ ਘਾਟਾ ਪਿਆ ਹੈ। ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਪਰਮਾਤਮਾ ਅੱਗੇ ਅਰਦਾਸ ਕਰਦੀ ਹੈ। ਕਿ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ਣ ਅਤੇ ਪਰਿਵਾਰਕ ਮੈਂਬਰਾਂ, ਸਨੇਹੀਆਂ ਅਤੇ ਵਿਦਿਆਰਥੀਆਂ ਨੂੰ ਇਹ ਅਸਹਿ ਦੁੱਖ ਸਹਿਣ ਦਾ ਬਲ ਪ੍ਰਦਾਨ ਕਰਨ।



