ਸਰਮਾਏਦਾਰਾ ਵਲੋਂ ਲੁੱਟ-ਖਸੁੱਟ ਖਿਲਾਫ ਸੰਘਰਸ਼ ਤੇਜ ਕਰਨ ਦਾ ਸੰਕਲਪ ਲੈਂਦਿਆਂ ਮਜ਼ਦੂਰਾਂ ਸ਼ਹੀਦਾਂ ਨੂੰ ਇਨਕਲਾਬੀ ਸ਼ਰਧਾਂਜਲੀ ਦਿੰਦਿਆਂ ਜੋਸ਼-ਖਰੋਸ਼ ਨਾਲ਼ ਮਨਾਇਆ ਮਜਦੂਰ ਦਿਹਾੜਾ :
ਚੰਡੀਗੜ੍ਹ 1 ਮਈ (ਮੰਗਤ ਸਿੰਘ ਸੈਦਪੁਰ) : ਕਾਰਖਾਨਾ ਮਜਦੂਰ ਯੂਨੀਅਨ ਚੰਡੀਗੜ੍ਹ ਵੱਲੋਂ ਹੱਲੋਮਾਜਰਾ (ਚੰਡੀਗੜ੍ਹ) ਵਿਖੇ ‘ਮਜਦੂਰ ਦਿਵਸ ਕਾਨਫਰੰਸ’ ਕੀਤੀ ਗਈ। ਕਾਨਫਰੰਸ ਦੀ ਸ਼ੁਰੂਆਤ ਮਜਦੂਰ ਜਮਾਤ ਦੇ ਸੰਘਰਸ਼ਾਂ ਅਤੇ ਕੁਰਬਾਨੀਆਂ ਦੇ ਪ੍ਰਤੀਕ ਲਾਲ ਝੰਡਾ ਲਹਿਰਾ ਕੇ ਅੰਬਰੀ ਗੂੰਜਦੇ ਇਨਕਲਾਬੀ ਨਾਅਰਿਆਂ ਅਤੇ ਕੌਮਾਂਤਰੀ ਗੀਤ ਨਾਲ਼ ਕੀਤੀ ਗਈ। ਕਾਨਫਰੰਸ ਵਿੱਚ ਕਾਰਖਾਨਾ ਮਜਦੂਰ ਯੂਨੀਅਨ ਚੰਡੀਗੜ੍ਹ ਦੇ ਅੰਕਿਤ, ਨੌਜਵਾਨ ਭਾਰਤ ਸਭਾ ਦੇ ਆਗੂ ਪੁਸ਼ਪਿੰਦਰ, ਮੁਕਤੀ ਸੰਗਰਾਮ ਮਜਦੂਰ ਮੰਚ ਵਲੋਂ ਨਮਿਤਾ ਨੇ ਸੰਬੋਧਨ ਕੀਤਾ। ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਵੱਲੋਂ ਪ੍ਰੋਗਰਾਮ ਵਿੱਚ ਸ਼ਮੂਲੀਅਤ ਕੀਤੀ ਗਈ।ਬੁਲਾਰਿਆਂ ਨੇ ਮਈ ਦਿਹਾੜੇ ਦੇ ਇਤਿਹਾਸਕ ਮਹੱਤਵ ਅਤੇ ਦੇਸ਼-ਦੁਨੀਆਂ ਦੇ ਹਲਾਤਾਂ ਅਤੇ ਮਜਦੂਰ ਜਮਾਤ ਨੂੰ ਦਰਪੇਸ਼ ਚਣੌਤੀਆਂ ਬਾਰੇ ਗੱਲਬਾਤ ਕੀਤੀ। ਨੋਏਡਾ, ਮਾਨੇਸਰ, ਰੁਦਰਪੁਰ ਸਣੇ ਦੇਸ਼ ਦੇ ਕਈ ਹਿੱਸਿਆਂ ਵਿੱਚ ਤਨਖਾਹ ਵਾਧੇ ਨੂੰ ਲੈ ਕੇ ਆਪ ਮੁਹਾਰੇ ਹੋਏ ਮਜਦੂਰਾਂ ਦੇ ਸੰਘਰਸ਼ ਨੂੰ ਸਲਾਮ ਭੇਜਿਆ । ਪ੍ਰੋਗਰਾਮ ਦੌਰਾਨ ਇਨਕਲਾਬੀ ਗੀਤਾਂ ਅਤੇ ਨਾਟਕ ‘ ਦਾ ਪ੍ਰੋਗਰਾਮ ਪੇਸ਼ ਕੀਤਾ ਗਿਆ। ਮੰਚ ਸੰਚਾਲਨ ਨਿੱਕੀ ਨੇ ਬਾਖੂਬੀ ਕੀਤਾ। ਅੰਤ ਵਿੱਚ ਇਲਾਕੇ ’ਚ ਮਸ਼ਾਲ ਮਾਰਚ ਵੀ ਕੱਢਿਆ ਗਿਆ। ਕਾਨਫਰੰਸ ਦੌਰਾਨ ਬੁਲਾਰਿਆਂ ਨੇ ਹਰ ਸਾਲ 1 ਮਈ ਦਾ ਦਿਨ ‘ਅੱਠ ਘੰਟੇ ਕੰਮ, ਅੱਠ ਘੰਟੇ ਅਰਾਮ ਅਤੇ ਅੱਠ ਘੰਟੇ ਮਨੋਰੰਜਨ’ ਦੇ ਨਾਅਰੇ ਹੇਠ ਹੋਏ ਇਤਿਹਾਸਕ ਸੰਘਰਸ਼ ਅਤੇ ਮਜਦੂਰਾਂ-ਕਿਰਤੀਆਂ ਦੇ ਹੋਰ ਹੱਕਾਂ ਲਈ ਕੁਰਬਾਨ ਹੋਏ ਮਜਦੂਰ ਸ਼ਹੀਦਾਂ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ। ਮਈ ਦਿਹਾੜੇ ਦੇ ਸ਼ਹੀਦਾਂ ਦੇ ਵਿਚਾਰ, ਉਹਨਾਂ ਦੀਆਂ ਸ਼ਹਾਦਤਾਂ, ਉਹਨਾਂ ਦਾ ਜੀਵਨ ਲੁੱਟੀਂਦੇ ਲੋਕਾਂ ਲਈ ਪ੍ਰੇਰਨਾ ਦਾ ਸ੍ਰੋਤ ਹੈ। ਦੁਨੀਆਂ ਭਰ ਤੇ ਭਾਰਤ ਵਿੱਚ ਵੀ ਜੋ ਵੀ ਕਨੂੰਨੀ ਤੌਰ ਉੱਤੇ ਮਜਦੂਰਾਂ ਨੂੰ ਹੱਕ ਮਿਲ਼ੇ ਹਨ, ਉਹ ਸਰਮਾਏਦਾਰ ਜਮਾਤ ਦੀ ਖੈਰਾਤ ਵਿੱਚੋਂ ਨਹੀਂ ਸਗੋਂ ਮਜਦੂਰ ਜਮਾਤ ਦੇ ਇੱਕਮੁੱਠ ਜੁਝਾਰੂ ਸੰਘਰਸ਼ ਅਤੇ ਸਾਡੇ ਪੁਰਖਿਆਂ ਦੀਆਂ ਲਾਸਾਨੀ ਸ਼ਹਾਦਤਾਂ ਸਦਕਾ ਹੀ ਸਾਰੇ ਹੱਕ ਸਾਨੂੰ ਮਿਲ਼ੇ ਹਨ। ਜਦੋਂ ਵੀ ਸਰਕਾਰ ਅਤੇ ਸਰਮਾਏਦਾਰ ਮਜਦੂਰਾਂ ਦੀ ਏਕਤਾ ਨੂੰ ਕਮਜੋਰੀ ਦੀ ਹਾਲਤ ‘ਚ ਦੇਖਦੇ ਹਨ ਤਾਂ ਸਾਡੇ ਹੱਕਾਂ ‘ਤੇ ਹੱਲਾ ਬੋਲ਼ਦੇ ਹਨ। ਪਿਛਲੇ ਸਾਲ ਮੋਦੀ ਸਰਕਾਰ ਵੱਲੋਂ ਚਾਰ ਕਿਰਤ ਕੋਡਾਂ ਦੇ ਰੂਪ ਵਿੱਚ ਵੱਡਾ ਹਮਲਾ ਮਜਦੂਰ ਜਮਾਤ ਉੱਤੇ ਬੋਲਿਆ ਗਿਆ ਹੈ। ਇਹਨਾਂ ਕੋਡਾਂ ਰਾਹੀਂ ਮਜਦੂਰਾਂ ਦੀ ਲੁੱਟ ਕਰਨ ਦੀ ਖੁੱਲੀ ਛੋਟ ਦੇ ਦਿੱਤੀ ਗਈ । ਪਿਛਲੇ ਸਮਿਆਂ ਵਿੱਚ ਦੇਸ਼ ਦੇ ਲਈ ਹਿੱਸਿਆਂ ਵਿੱਚ ਫਾਸ਼ੀ ਹੱਲਾ ਵੀ ਤੇਜ ਹੋਇਆ ਹੈ। ਸਾਮਰਾਜੀਆਂ ਵਲੋਂ ਥੋਪੀਆਂ ਨਿਹੱਕੀਆਂ ਲੋਟੂ ਜੰਗਾਂ ਦਾ ਬੋਝ ਵੀ ਆਮ ਕਿਰਤੀ ਲੋਕਾਈ ਸਿਰ ਸਿੱਟਿਆ ਜਾਂਦਾ ਹੈ। ਇਹ ਸਾਮਰਾਜੀ ਜੰਗਾਂ ਮਨੁੱਖਤਾ ਲਈ ਵਿਨਾਸ਼ਕਾਰੀ ਹਨ। ਬੁਲਾਰਿਆਂ ਨੇ ਕਿਹਾ ਕਿ ਅੱਜ ਭਾਰਤ ਵਿੱਚ ਮਜਦੂਰ ਲਹਿਰ ਕਰਵਟ ਲੈ ਰਹੀ ਹੈ। ਦਹਾਕਿਆਂ ਤੋਂ ਕੀਤੀ ਜਾ ਰਹੀ ਹੈ ਸਰਮਾਏਦਾਰਾ ਲੁੱਟ ਖਿਲਾਫ ਮਜਦੂਰਾਂ ਨੇ ਆਪ ਮੁਹਾਰੇ ਗੁੱਸਾ ਫੁੱਟਿਆ ਹੈ। ਪਿਛਲੇ ਸਮਿਆਂ ਵਿੱਚ ਉੱਤਰ ਪ੍ਰਦੇਸ਼, ਹਰਿਆਣਾ, ਰਾਜਸਥਾਨ ਸਣੇ ਦੇਸ਼ ਦੇ ਵੱਖ ਵੱਖ ਖੇਤਰਾਂ ਵਿੱਚ ਸਨਅਤੀ ਮਜਦੂਰਾਂ ਨੇ ਆਪ ਮੁਹਾਰੇ ਵੱਡੀਆਂ ਹੜਤਾਲਾਂ ਕੀਤੀਆਂ । 21ਵੀਂ ਸਦੀ ਵਿੱਚ ਭਾਰਤ ਦੀਆਂ ਇਹ ਪਹਿਲੀਆਂ ਵੱਡੀਆਂ ਹੜਤਾਲਾਂ ਹਨ । ਮਜਦੂਰਾਂ ਦੇ ਇਸ ਸੰਘਰਸ਼ ਨੂੰ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਪੁਲਸੀਆ ਜਬਰ ਰਾਹੀ ਕੁਚਲਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ। ਇਸ ਸਭ ਦੇ ਬਾਵਜੂਦ ਵੀ ਹਰਿਆਣੇ ਤੇ ਉੱਤਰ ਪ੍ਰਦੇਸ਼ ਦੇ ਮਜਦੂਰਾਂ ਨੇ ਸੰਘਰਸ਼ ਸਦਕਾਂ ਤਨਖਾਹਾਂ ਵਿੱਚ ਵਾਧਾ ਕਰਵਾਇਆ। ਪੰਜਾਬ ਦੇ ਬਠਿੰਡੇ ਅਤੇ ਮੰਡੀ ਗੋਬਿੰਦਗੜ੍ਹ ਦੇ ਕਾਰਖਾਨਿਆਂ ਦੇ ਮਜਦੂਰਾਂ ਨੇ ਸੰਘਰਸ਼ ਕਰਕੇ ਤਨਖਾਹ ਵਾਧੇ ਦੀ ਮੰਗ ਮਨਵਾਈ । ਮਜਦੂਰਾਂ ਦੇ ਇਸ ਸੰਘਰਸ਼ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਮਜਦੂਰ ਜਮਾਤ ਨੂੰ ਇਹਨਾਂ ਹੱਲਿਆਂ ਦੇ ਟਾਕਰੇ ਲਈ ਹੋਰ ਕਿਰਤੀਆਂ ਨੂੰ ਨਾਲ਼ ਲੈਂਦੇ ਹੋਏ ਵਿਸ਼ਾਲ ਇੱਕਮੁੱਠ ਤਾਕਤ ਉਸਾਰਨੀ ਹੋਵੇਗੀ। ਹਰ ਪ੍ਰਕਾਰ ਦੀ ਲੁੱਟ-ਖਸੁੱਟ-ਬੇਇਨਸਾਫੀ ਖਿਲਾਫ ਜੂਝਣ ਲਈ ਅੱਗੇ ਆਉਣਾ ਹੀ ਪਹਿਲੀ ਮਈ ਦੇ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।।


